ਮੈਂ ਸੱਤਲੁਜ ਕੰਢਿਓਂ ਬੋਲਦਾਂ, ਅੱਜ ਭਗਤ ਸਿੰਘ ਸਰਦਾਰ।
ਓਏ ਸੁਣਿਓਂ ਵਾਰਸ ਮੇਰਿਓ, ਮੇਰੀ ਰੂਹ ਦੀ ਕੂਕ ਪੁਕਾਰ।
ਮੈਂ ਏਸ ਅਜ਼ਾਦੀ ਦੇ ਲਈ, ਨਾ ਵਾਰੀ ਆਪਣੀ ਜਾਨ,
ਜਿੱਥੇ ਸੱਚ ਬੋਲਣ ਦੇ ਲਈ, ਕਰਨੀ ਪਏ ਜਿੰਦ ਕੁਰਬਾਨ।
ਮੇਰਾ ਸੁਪਨਾ ਸੁਹਣੇ ਵਤਨ ਦਾ, ਕਰ ਦਿੱਤਾ ਚਕਨਾਚੂਰ,
ਅੱਜ ਕਿਰਤੀ ਵੀਰਾ ਹੋ ਗਿਆ, ਖੁਦਕਸ਼ੀਆਂ ਲਈ ਮਜਬੂਰ।
ਅੱਜ ਧੀਆਂ ਭੈਣਾਂ ਰੋਂਦੀਆਂ, ਕੋਈ ਪੁੱਛਦਾ ਨਹੀਂਉਂ ਬਾਤ,
ਅੱਜ ਵਤਨ ਮੇਰੇ ਵਿੱਚ ਹੋ ਰਹੀ, ਹੈ ਨਸ਼ਿਆਂ ਦੀ ਬਰਸਾਤ।
ਮੇਰੇ ਰੰਗਲੇ ਦੇਸ ਪੰਜਾਬ ਤੇ, ਅੱਜ ਵਰਸ ਗਿਆ ਕੋਈ ਕਹਿਰ,
ਇਹਦੇ ਪੰਜ ਆਬਾਂ ਵਿੱਚ ਘੋਲ਼ਿਆ, ਹੈ ਕਿਸ ਸ਼ਾਤਰ ਨੇ ਜ਼ਹਿਰ?
ਅੱਜ ਹੱਥੀਂ ਫੜ ਕੇ ਡਿਗਰੀਆਂ, ਜੇ ਮਿਲਦਾ ਨਹੀਂ ਰੁਜ਼ਗਾਰ,
ਤਾਂ ਹੀ ਤਾਂ ਗੱਭਰੂ ਏਸ ਦੇ, ਸਭ ਗਏ ਉਡਾਰੀ ਮਾਰ।
ਅੱਜ ਮਜ੍ਹਬਾਂ ਪਾਈਆਂ ਵੰਡੀਆਂ, ਦਿੱਤਾ ਫਿਰਕੂ ਰੰਗ ਖਿਲਾਰ।
ਤੱਕ ਰੂਹ ਮੇਰੀ ਹੈ ਤੜਫਦੀ, ਇਹ ਕਾਹਦਾ ਦੇਸ਼ ਪਿਆਰ?
ਹੁਣ ਸੋਨੇ ਦੀ ਇਸ ਚਿੜੀ ਦੇ, ਲਏ ਖੰਭ ਨੇ ਸਾਰੇ ਨੋਚ,
ਮੇਰੀ ਟੋਪੀ, ਪਿਸਟਲ ਸਾਂਭਿਆ, ਮੇਰੀ ਭੁੱਲ ਗਈ ਹੈ ਸੋਚ।
ਮੇਰੀ ਨਾਲ ਕਿਤਾਬਾਂ ਦੋਸਤੀ, ਹੈ ਦਿੱਤੀ ਤੁਸਾਂ ਵਿਸਾਰ।
ਉਂਜ ਬੁੱਤ ਮੇਰੇ ਤੇ ਪਾਂਵਦੇ, ਹੋ ਨਿੱਤ ਫੁੱਲਾਂ ਦੇ ਹਾਰ।
ਹੁਣ ਜਾਗੋ ਬਾਂਕੇ ਦੂਲ੍ਹਿਓ, ਤੇ ਪਗੜੀ ਲਓ ਸੰਭਾਲ।
ਰਲ਼ ਬੈਠੋ ‘ਦੀਸ਼’ ਅਜੇ ਵੀ, ਤਾਂ ਹੋਏ ਨਾ ਵਿੰਗਾ ਵਾਲ।

ਗੁਰਦੀਸ਼ ਕੌਰ ਗਰੇਵਾਲ- ਕੈਲਗਰੀ
ਵਟਸਐਪ: +91 98728 60488