ਭਾਰੁਤ ਲੰਬੇ ਸਮੇਂ ਤੋਂ ਅੰਗ੍ਰੇਜ਼ਾਂ ਦੀ ਗੁਲਾਮੀ ਦਾ ਸ਼ਿਕਾਰ ਸੀ।ਅਜ਼ਾਦੀ ਪ੍ਰਾਪਤੀ ਲਈ ਲੋਕ ਆਪਣੀ ਸਮਰੱਥਾ ਤੋਂ ਵੀ ਜ਼ਿਆਦਾ ਯਤਨ ਕਰ ਰਹੇ ਸਨ।ਕਾਂਗਰਸ ਇਸ ਘੋਲ ਲਈ ਇੱਕ ਵਧੀਆ ਮੰਚ ਬਣ ਚੁੱਕਾ ਸੀ।ਅਜਿਹੀ ਗੁਲਾਮੀ ਅਤੇ ਸਮਾਜਿਕ ਉਥਲ-ਪੁਥਲ ਵਿੱਚ ਭਗਤ ਸਿੰਘ ਦਾ ਜਨਮ 28 ਸਿਤੰਬਰ, 1907 ਨੂੰ ਮਾਤਾ ਵਿਦਿਆਵਤੀ ਅਤੇ ਪਿਤਾ ਸ. ਕਿਸ਼ਨ ਸਿੰਘ ਦੇ ਘਰ ਪਿੰਡ ਬੰਗਾ, ਤਹਿਸੀਲ ਜੜਾਂਵਾਲਾ, ਜਿਲ੍ਹਾ ਲਾਇਲ ਪੁਰ (ਪੰਜਾਬ) ਜੋ ਕਿ ਹੁਣ ਪਾਕਿਸਤਾਨ ਵਿੱਚ ਹੈ ਹੋਇਆ।ਜਿਸ ਦਿਨ ਉਨ੍ਹਾਂ ਦਾ ਜਨਮ ਹੋਇਆ ਉਸ ਦਿਨ ਹੀ ਉਨ੍ਹਾਂ ਦੇ ਪਿਤਾ ਅਤੇ ਚਾਚਾ ਸ. ਅਜੀਤ ਸਿੰਘ ਜੇਲ੍ਹ ਤੋਂ ਰਿਹਾਅ ਹੋ ਕੇ ਆਏ ਸਨ। ਇਸ ਲਈ ਉਸ ਨੂੰ ਭਾਗਾਂ ਵਾਲਾ ਮੰਨਿਆ ਅਤੇ ਆਖਿਆ ਜਾਣ ਲੱਗਾ।ਹੌਲੀ ਹੌਲੀ ਭਾਗਾਂ ਵਾਲਾ ਤੋਂ ਇਨ੍ਹਾਂ ਦਾ ਨਾਮ ਭਗਤ ਸਿੰਘ ਰੱਖ ਲਿਆ ਗਿਆ।ਜਿਸ ਸਮੇਂ ਭਗਤ ਸਿੰਘ ਦਾ ਜਨਮ ਹੋਇਆ ਉਹ ਸਮਾਂ ਭਾਰਤ ਲਈ ਬੜਾ ਮੁਸ਼ਕਲ ਭਰਿਆ ਸੀ।ਕਿਉਂਕਿ 1905 ਵਿੱਚ ਅੰਗ੍ਰਜ਼ਾਂ ਵਲੋਂ ਬੰਗਾਲ ਦੀ ਵੰਡ ਕਰ ਦਿੱਤੀ ਗਈ। 1907 ਵਿੱਚ ਸੂਰਤ ਵਿੱਚ ਕਾਂਗਰਸ ਦਾ ਨਰਮ ਅਤੇ ਗਰਮ ਦਲ ਵਿੱਚ ਵਿਭਾਜਨ ਹੋ ਗਿਆ।1908 ਵਿੱਚ ਭਾਰਤੀ ਪ੍ਰੈਸ ਅਧਿਨਿਯਮ, ਫੌਜਦਾਰੀ ਕਾਨੂੰਨ ਦਾ ਸੰਸ਼ੋਧਨ ਅਤੇ ਰਾਜਧ੍ਰੋਹ ਕਾਨੂੰਨ ਆਦਿ ਲਿਆਂਦੇ ਗਏ।1909 ਵਿੱਚ ਮਾਰਲੇ ਮਿੰਟੋ ਸੁਧਾਰ ਹੋਂਦ ਵਿੱਚ ਆਏ ਜੋ ਕਿ ਪੂਰੀ ਤਰ੍ਹਾਂ ਨਾਲ ਦਮਨਕਾਰੀ ਸਨ।ਉਨ੍ਹਾਂ ਨੂੰ ਜਿੰਨਾ ਦਮਨਕਾਰੀ ਵਾਤਾਵਰਣ ਮਿਲਿਆ ਉਹ ਉੰਨਾਂ ਹੀ ਦਿੜ੍ਹ, ਗੰਭੀਰ, ਇਨਕਲਾਬੀ ਵਿਅਕਤੀਤਵ ਦਾ ਮਾਲਕ ਬਣ ਕੇ ਉੱਭਰੇ।ਜਿਵੇਂ ਉਹ ਵੱਡੇ ਹੁੰਦੇ ਗਏ ਉਵੇਂ ਹੀ ਵੰਗਾਰਾਂ ਸਖਤ ਹੁੰਦੀਆਂ ਗਈਆਂ।ਮਾਤਾ ਪਿਤਾ ਅਤੇ ਪਰਿਵਾਰਕ ਵਾਤਾਵਰਣ ਵੀ ਬੱਚੇ ਦੇ ਵਿਅਕਤੀਤਵ ਦੇ ਵਿਕਾਸ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ।ਉਨ੍ਹਾਂ ਨੇ ਵੀ ਗੁੜ੍ਹਤੀ ਵਿੱਚ ਬਹੁਤ ਕੁੱਝ ਪ੍ਰਾਪਤ ਕੀਤਾ ਸੀ।
ਪਹਿਲੇ ਵਿਸ਼ਵ ਯੁੱਧ ਸਮੇਂ ਅੰਗ੍ਰੇਜ਼ਾਂ ਨੇ ਭਾਰਤੀਆਂ ਨੂੰ ਯੁੱਧ ਵਿੱਚ ਸਾਥ ਦੇਣ ਬਦਲੇ ਬਹੁਤ ਸਾਰੇ ਵਾਅਦੇ ਕੀਤੇ।ਪਰ ਬਦਲੇ ਵਿੱਚ 1919 ਵਿੱਚ ਰੋਲਟ ਐਕਟ ਦੇ ਕੇ ਹਰ ਪ੍ਰਕਾਰ ਦੀ ਅਜ਼ਾਦੀ ਤੇ ਛਾਪਾ ਮਾਰ ਲਿਆ ਗਿਆ।ਇਸ ਵਿੱਚ ਸਰਕਾਰ ਕੋਲ ਬਿਨਾਂ ਵਰੰਟ ਗ੍ਰਿਫਤਾਰੀ ਦਾ ਅਧਿਕਾਰ ਸੀ ਅਤੇ ਇਸ ਵਿਰੁੱਧ ਵਕੀਲ, ਦਲੀਲ ਅਤੇ ਅਪੀਲ ਦਾ ਅਧਿਕਾਰ ਵੀ ਨਹੀਂ ਸੀ।ਇਸ ਦੇ ਵਿਰੋਧ ਵਿੱਚ 13 ਅਪ੍ਰੈਲ, 1919 ਨੂੰ ਜੱਲਿਆਂਵਾਲਾ ਬਾਗ, ਅੰਮ੍ਰਿਤਸਰ ਵਿਖੇ ਹਜ਼ਾਰਾਂ ਦੀ ਸੰਖਿਆ ਵਿੱਚ ਬਹੁਤ ਵੱਡਾ ਇਕੱਠ ਹੋਇਅ।ਪਰ ਵਿਦੇਸ਼ੀ ਹਕੂਮਤ ਵਲੋਂ ਮਾਰਸ਼ਲ ਲਾਅ ਲਗਾ ਕੇ ਜਨਰਲ ਡਾਇਰ ਦੇ ਹੁਕਮ ਨਾਲ ਹਜ਼ਾਰਾਂ ਨਿਹੱਥੇ ਲੋਕਾਂ ਨੂੰ ਗੋਲੀਆਂ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਹਜ਼ਾਰਾਂ ਲੋਕ ਬੁਰੀ ਤਰ੍ਹਾ ਨਾਲ ਜਖਮੀ ਹੋ ਗਏ।ਇਸ ਤਾਂਡਵ ਨਾਚ ਨੇ ਭਗਤ ਸਿੰਘ ਨੂੰ ਝੰਜੋੜ ਕੇ ਰੱਖ ਦਿੱਤਾ।ਉਸਦੇ ਵਿਚਾਰ ਬਚਪਨ ਤੋਂ ਹੀ ਇਨਕਲਾਬੀ ਸਨ। ਪਰ ਇਸ ਅਣ ਮਨੁੱਖੀ ਵਰਤਾਰੇ ਨੇ ਉਨ੍ਹਾਂ ਵਿੱਚ ਅਜ਼ਾਦੀ ਪ੍ਰਾਪਤੀ ਦੀ ਤੜਫ ਹੋਰ ਮਜਬੂਤ ਕਰ ਦਿੱਤੀ।ਲੱਗ ਭੱਗ ਬਾਰਾਂ ਕਿਲੋਮੀਟਰ ਲੰਬਾ ਸਫਰ ਪੈਦਲ ਚੱਲ ਕੇ 12 ਸਾਲ ਦੀ ਉਮਰ ਵਿੱਚ ਇੱਥੇ ਪਹੁੰਚ ਕੇ ਖੂਨ ਨਾਲ ਭਿੱਜੀ ਮਿੱਟੀ ਮੁੱਠੀ ਵਿਚੱ ਭਰ ਕੇ ਲੈ ਕੇ ਗਏ। ਛੋਟੀ ਉਮਰ ਵਿੱਚ ਹੀ ਮਨ ਵਿਦਰੋਹ ਅਤੇ ਜੋਸ਼ ਨਾਲ ਭਰ ਗਿਆ।ਮੁੱਢਲੀ ਵਿਦਿਆ ਉਨ੍ਹਾਂ ਨੇ ਡੀ ਏ ਵੀ ਸਕੂਲ ਤੋਂ ਪ੍ਰਾਪਤ ਕੀਤੀ। ਸਕੂਲ ਦੀ ਪੜ੍ਹਾਈ ਦੇ ਨਾਲ ਨਾਲ ਆਮ ਗਿਆਨ ਦੀਆਂ ਪੁਸਤਕਾਂ ਪੜ੍ਹਨ ਵਿੱਚ ਉਨ੍ਹਾਂ ਦਾ ਸ਼ੌਕ ਬਣ ਚੁੱਕਾ ਸੀ।ਉਹ ਮਹਾਤਮਾ ਗਾਂਧੀ ਦੀ ਅਸਹਿਯੋਗ ਅੰਦੋਲਨ ਤੋਂ ਪ੍ਰਭਾਵਿਤ ਸਨ ਅਤੇ ਇਸ ਸੰਘਰਸ਼ ਦਾ ਹਿੱਸਾ ਬਣ ਚੁੱਕੇ ਸਨ।ਪਰ 1922 ਵਿੱਚ ਮਹਾਤਮਾ ਗਾਂਧੀ ਵਲੋਂ ਉਲੀਕੇ ਗਏ ਅਸਹਿਯੋਗ ਅੰਦੋਲਨ ਜਾਂ ਖਿਲਾਫਤ ਅੰਦੋਲਨ ਜੋ ਕਿ ਹਿੰਦੂ ਮੁਸਲਿਕਮ ਏਕਤਾ ਲਈ ਵਧੀਆ ਉਦਾਹਰਣ ਸੀ, ਚੌਰਾ ਚੌਰੀ ਵਿੱਚ ਹਿੰਸਾ ਭੜਕ ਜਾਣ ਕਰਕੇ ਗਾਂਧੀ ਜੀ ਵਲੋਂ ਇਹ ਅੰਦੋਲਨ ਵਾਪਿਸ ਲੈ ਲਿਆ ਗਿਆ। ਇਸ ਨਾਲ ਬਹੁਤ ਸਾਰੇ ਗਰਮ ਦਲ ਦੇ ਨੇਤਾ ਸਮੇਤ ਭਗਤ ਸਿੰਘ ਨਰਾਜ਼ ਸਨ।ਲਗਭੱਗ ਇੱਥੋਂ ਹੀ ਇਨ੍ਹਾਂ ਦੋਹਾਂ ਦਾ ਵਿਚਾਰਾਤਮਕ ਵਿਖਰੇਵਾਂ ਸਾਹਮਣੇ ਆਉਂਦਾ ਹੈ।
1923 ਵਿੱਚ ਭਗਤ ਸਿੰਘ ਨੈਸ਼ਨਲ ਕਾਲਜ ਲਾਹੌਰ ਵਿਚੱਚ ਦਾਖਲਾ ਲੈਂਦੇ ਹਨ।ਇਸ ਕਾਲਜ ਦੀ ਸਥਾਪਨਾ ਵਿੱਚ ਸੰਸਥਾਪਕਾਂ ਵਿੱਚੋਂ ਲਾਲਾ ਲਾਜਪੱਤ ਰਾਏ ਮੁੱਖ ਸਨ।ਇਸ ਕਾਲਜ ਵਿੱਚ ਕਿਤਾਬੀ ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਸੀ।ਭਗਤ ਸਿੰਘ ਇੱਥੇ ਡ੍ਰਾਮੈਟਿਕ ਕਲੱਬ ਦੇ ਉੱਗੇ ਮੈਂਬਰ ਸਨ।ਉਨ੍ਹਾ ਦੇ ਵਿਅਕਤੀਤਵ ਨੂੰ ਨਿਖਾਰਨ ਵਿੱਚ ਇਸ ਕਾਲਜ ਦੀ ਮੁੱਖ ਭੂਮਿਕਾ ਹੈ।ਭਗਤ ਸਿੰਘ ਦੀ ਜਿਹੜੀ ਪਗੜੀ ਵਾਲੀ ਤਸਵੀਰ ਅੱਜ ਕੱਲ ਜਿਆਾਦਾ ਪ੍ਰਚੱਲਿਤ ਹੈ ਉਹ ਇਸ ਕਾਲਜ ਦੀ ਹੀ ਡ੍ਰਾਮੈਟਿਕ ਕਲੱਬ ਦੀ ਗਰੁੱਪ ਫੋਟੋ ਵਿੱਚੋਂ ਲਈ ਗਈ ਹੈ।ਪਰ ਇਹ ਫੋਟੋ ਉਨ੍ਹਾਂ ਦੀ ਮਾਨਵ ਵਾਦੀ ਭਾਵਨਾ ਤੋਂ ਹੱਟ ਕੇ ਉਨ੍ਹਾਂ ਨੂੰ ਕਿਸੇ ਵਿਸ਼ੇਸ਼ ਧਰਮ ਨਾਲ ਬੰਨਣ ਦਾ ਯਤਨ ਹੈ।ਉਨ੍ਹਾ ਨੇ ਜਾਤਾਂ, ਧਰਮਾਂ, ਭਾਸ਼ਾਵਾਂ ਅਤੇ ਖੇਤਰਾਂ ਤੋਂ ਉੱਪਰ ਉੱਠ ਕੇ ਮਾਨਵ ਅਜ਼ਾਦੀ ਦੇ ਨਿਰੋਲ ਉਦੇਸ਼ ਦਾ ਪਾਲਣ ਕੀਤਾ ਹੈ।ਉਨ੍ਹਾਂ ਦੀਆਂ ਚਾਰ ਤਸਵੀਰਾਂ ਹੀ ਜਿਆਦਾ ਪ੍ਰਚੱਲਿਤ ਹਨ।ਪਹਿਲੀ ਬਚਪਨ ਦੀ ਸਾਫ ਸੁਥਰੇ ਪਹਿਰਾਵੇ ਵਿੱਚ, ਦੂਜੀ ਲਹੌਰ ਵਿਖੇ ਝੂਠੇ ਬੰਬ ਵਿਸਫੋਟ ਇਲਜਾਮ ਵਿੱਚ ਫੜੇ ਜਾਣ ਤੇ ਜੇਲ੍ਹ ਵਿੱਚ ਇੱਕ ਚਾਰਪਾਈ ਤੇ, ਤੀਜੀ ਨੈਸ਼ਨਲ ਕਾਲਜ ਲਹੌਰ ਦੇ ਡ੍ਰਾਮੈਟਿਕ ਕਲੱਬ ਦੀ ਗਰੁੱਪ ਫੋਟੋ ਵਿੱਚੋਂ ਲਈ ਗਈ ਹੈ ਅਤੇ ਚੌਥੀ ਉਨ੍ਹਾਂ ਦੀ ਹੈਟ ਵਾਲੀ ਫੋਟੋ ਹੈ ਜੋ ਉਨ੍ਹਾਂ ਨੇ ਆਪ ਸ਼ੌਕ ਅਤੇ ਇੱਛਾ ਨਾਲ ਖਿਚਵਾਈ ਸੀ।ਉਹ ਚਾਹੁੰਦੇ ਸਨ ਕਿ ਕੇਂਦਰੀ ਲੈਜਿਸਲੇਟਿਵ ਅਸੈਂਬਲੀ ਵਿਚੱ ਬੰਬ ਸੁੱਟਣ ਤੋਂ ਬਾਅਦ ਇਹ ਫੋਟੋ ਹੀ ਲੋਕਾਂ ਤੱਕ ਪਹੁੰਚੇ।ਜਸ ਵਿੱਚ ਉਹ ਬਹੁਤ ਸੋਹਣੇ, ਵਧੀਆ ਪਰਿਵਾਰ ਵਿੱਚੋਂ ਅਤੇ ਪੜ੍ਹੇ ਲਿਖੇ ਦਿਖਾਈ ਦਿੰਦੇ ਸਨ।ਜਿਸ ਤੋਂ ਪਤਾ ਲੱਗ ਸਕੇ ਕਿ ਆਰਥਿਕ ਤੌਰ ਤੇ ਗਰੀਬ ਅਤੇ ਦਬਲੇ ਕੁਚਲੇ ਲੋਕਾਂ ਦਾ ਹੀ ਫਰਜ ਨਹੀਂ ਕਿ ਉਹ ਸੰਘਰਸ਼ ਕਰਨ ਬਲਕਿ ਵਧੀਆ ਆਰਥਿਕਤਾ ਅਤੇ ਸਮਾਜਿਕ ਥਾਂ ਵਾਲੇ ਲੋਕਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਦੇਸ਼ ਦੀ ਅਜ਼ਾਦੀ ਅਤੇ ਸਮਾਜਿਕ ਬਰਾਬਰੀ ਲਈ ਕੰਮ ਕਰਨ।
1924 ਵਿੱਚ ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ ਦਾ ਗਠਨ ਹੋੲਆ ਜਿਸ ਵਿੱਚ ਰਾਮ ਪ੍ਰਸਾਦ ਬਿਸਮਿਲ ਦੀ ਵਿਸ਼ੇਸ਼ ਭੁਮਿਕਾ ਸੀ।1926 ਵਿੱਚ ਭਗਤ ਸਿੰਘ ਅਤੇ ਸਾਥੀਆਂ ਵਲੋਂ ਭਾਰਤ ਨੌਜਵਾਨ ਸਭਾ ਦੀ ਸਥਾਪਨਾ ਕੀਤੀ ਗਈ।ਉਨ੍ਹਾਂ ਦਾ ਮੰਨਣਾ ਸੀ ਕਿ ਨੌਜਵਾਨ ਹੀ ਅਜ਼ਾਦੀ ਪ੍ਰਾਪਤੀ ਲਈ ਸੱਭ ਤੋਂ ਵੱਧ ਭੂਮਿਕਾ ਨਿਭਾ ਸਕਦੇ ਹਨ ਅਤੇ ਉਨ੍ਹਾਂ ਨੂੰ ਇਕੱਠੇ ਹੋਣ ਲਈ ਇੱਕ ਵਧੀਆ ਮੰਚ ਦੀ ਅਤੇ ਵਿਚਾਰਾਂ ਨੂੰ ਸੇਧਣ ਅਤੇ ਨਿਖਾਰਨ ਦੀ ਲੋੜ ਹੈ।ਉਹ ਆਪ ਬਹੁਤ ਜਿਆਦਾ ਪੜ੍ਹਦੇ ਅਤੇ ਸਾਥੀਆਂ ਨੂੰ ਠੋਸ ਵਿਚਾਰਾਂ ਤੋਂ ਜਾਣੂ ਕਰਵਾਉਂਦੇ ਸਨ।ਇਨ੍ਹਾ ਦੇ ਵਿਚਾਰਾਂ ਦੀ ਮਜਬੂਤੀ ਵਿੱਚ ਇਨ੍ਹਾਂ ਦੇ ਅਧਿਆਪਕ ਜੈ ਚੰਦ ਵਿਦਿਆਲਂਕਾਰ ਦਾ ਵੀ ਬਹੁਤ ਬੜਾ ਯੋਗਦਾਨ ਹੈ।ਉਨ੍ਹਾਂ ਦੀ ਪ੍ਰੇਰਣਾ ਸੱਦਕਾ ਹੀ ਉਹ ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ ਦੇ ਮੈਂਬਰ ਬਣੇ।ਪਰ ਇਸ ਸੰਗਠਨ ਦੀ ਆਰਥਿਕਤਾ ਬਹੁਤ ਕਮਜੋਰ ਸੀ ਕਿਉਂਕਿ ਕਾਂਗਰਸ ਨੂੰ ਤਾਂ ਬੜੇ ਸਰਮਾਏਦਾਰਾਂ ਵਲੋਂ ਆਰਥਿਕ ਸਹਾਇਤਾ ਮਿਲਦੀ ਸੀ। ਪਰ ਖਰਚਿਆਂ ਦੀ ਪੂਰਤੀ ਲਈ ਇਨ੍ਹਾਂ ਨੂੰ ਕਈ ਅੋਖੇ ਅਤੇ ਜੋਖਮ ਭਰੇ ਕੰਮ ਕਰਨੇ ਪੈਂਦੇ ਸਨ। ਜਿਨ੍ਹਾਂ ਵਿੱਚ ਇੱਕ ਕਾਕੋਰੀ ਕਾਂਡ ਦੀ ਘਟਨਾ ਪ੍ਰਮੁੱਖ ਹੈ।ਭਗਤ ਸਿੰਘ ਨੇ ਅਲੱਗ ਅਲੱਗ ਮੰਚਾਂ ਨੂੰ ਜਿਵੇਂ ਕਿ ਕਲਕੱਤਾ ਵਿੱਚ ਅਨੁਸ਼ੀਲਨ ਸਮਿਤੀ, ਯੁਗਾਂਤਰ ਅਖਬਾਰ ਅਤੇ ਗਦਰ ਪਾਰਟੀ ਆਦਿ ਨੂੰ ਦੇਸ਼ ਪੱਧਰ ਤੇ ਇੱਕ ਬੜਾ ਮੰਚ ਦੇਣ ਦਾ ਇੱਕ ਵਧੀਆ ਕਾਰਜ ਕੀਤਾ।1928 ਵਿੱਚ ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ ਵਿੱਚ ਸੋਸ਼ਲਿਸਟ ਸ਼ਬਦ ਜੋੜ ਕੇ ਇਸ ਦਾ ਨਾਮ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ ਬਣਾ ਦਿੱਤਾ।ਇਹ ਉਨ੍ਹਾਂ ਦੀ ਦੂਰ ਅੰਦੇਸ਼ੀ ਅਤੇ ਤੀਖਣ ਬੁੱਧੀ ਸੀ ਜਿਸ ਨਾਲ ਵੱਡੀ ਪੱਧਰ ਤੇ ਅਜ਼ਾਦੀ ਦੇ ਪਰਵਾਨੇ ਇੱਕ ਮੰਚ ਤੇ ਇਕੱਠੇ ਹੋ ਸਕੇ।ਇਸ ਦਾ ਉਦੇਸ਼ ਕੇਵਲ ਅੰਗ੍ਰੇਜ਼ਾਂ ਕੋਲੋਂ ਅਜ਼ਾਦੀ ਪ੍ਰਾਪਤ ਕਰਨਾ ਹੀ ਨਹੀਂ ਬਲਕਿ ਇਸ ਦੇਸ਼ ਦੇ ਪੂੰਜੀਪਤੀਆਂ ਕੋਲੋਂ ਗਰੀਬ ਲੋਕਾਂ ਦਾ ਛੁਟਕਾਰਾ ਕਰਵਾਉਣਾ ਵੀ ਸੀ। ਜਿਸ ਨਾਲ ਸਾਰੇ ਲੋਕਾਂ ਨੂੰ ਬਰਾਬਰ ਰਹਿ ਕੇ ਰੋਟੀ, ਕੱਪੜਾ ਅਤੇ ਮਕਾਨ ਉਪਲਬਧ ਹੋ ਸਕੇ।
1928 ਵਿੱਚ ਬ੍ਰਿਟੇਨ ਵਲੋਂ ਜੌਹਨ ਸਾਈਮਨ ਦੀ ਪ੍ਰਧਾਨਗੀ ਹੇਠ ਇੱਕ ਸੱਤ ਮੈਂਬਰੀ ਕਮਿਸ਼ਨ ਭੇਜਿਆ ਗਿਆ। ਇਸ ਦੇ ਸਾਰੇ ਮੈਂਬਰ ਅੰਗ੍ਰੇਜ਼ ਸਨ ਜਿਨ੍ਹਾਂ ਨੇ ਭਾਰਤ iੁਵੱਚ ਸਿਆਸੀ ਸਥਿਤੀ ਵਾਰੇ ਰਿਪੋਰਟ ਦੇਣੀ ਸੀ।ਇਸ ਦਾ ਪੂਰੇ ਦੇਸ਼ ਵਿੱਚ ਵਿਰੋਧ ਹੋਇਆ। ਪੰਜਾਬ ਵਿੱਚ ਵੀ ਲਾਲਾ ਲਾਜਪੱਤ ਰਾਏ ਦੀ ਰਹਿਨੁਮਾਈ ਵਿੱਚ ਮਿਤੀ 30 ਅਕਤੂਬਰ, 1928 ਨੂੰ ਕਾਲੇ ਝੰਡਿਆਂ ਨਾਲ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਅਤੇ “ਸਾਇਮਨ ਕਮਿਸ਼ਨ ਵਾਪਿਸ ਜਾਓ” ਦੇ ਨਾਅਰੇ ਲਗਾਏ ਗਏ। ਭੀੜ ਨੂੰ ਖਿੰਡਾਉਣ ਲਈ ਪੁਲਿਸ ਅਧਿਕਾਰੀ ਜੇਮਜ਼ ਏ ਸਕੌਟ ਨੇ ਲਾਠੀਚਾਰਜ ਕਰਵਾ ਦਿੱਤਾ ਜਿਸ ਵਿੱਚ ਲਾਲਾ ਲਾਜਪੱਤ ਰਾਏ ਬੁਰੀ ਤਰ੍ਹਾਂ ਨਾਲ ਜਖਮੀ ਹੋ ਗਏ।ਇਸ ਕਾਰਣ ਹੀ ਉਨ੍ਹਾਂ ਦੀ ਮਿਤੀ 17 ਨਵੰਬਰ, 1928 ਨੂੰ ਮੌਤ ਹੋ ਗਈ।ਇਹ ਘਾਟਾ ਸਾਰਿਆ ਲਈ ਅਸਹਿ ਸੀ। ਇਸ ਦਾ ਬਦਲਾ ਲੈਣ ਲਈ ਉਸੇ ਦਿਨ ਭਗਤ ਸਿੰਘ, ਰਾਜਗੁਰੂ, ਸੁਖਦੇਵ, ਚੰਦਰਸ਼ੇਖਰ ਆਜ਼ਾਦ ਅਤੇ ਜੈ ਗੋਪਾਲ ਨੇ ਯੋਜਨਾ ਤਿਆਰ ਕਰ ਲਈ ਅਤੇ ਪੂਰੇ ਇੱਕ ਮਹੀਨੇ ਬਾਅਦ ਮਿਤੀ 17 ਦਿਸੰਬਰ, 1928 ਨੂੰ ਬਦਲਾ ਲੈ ਲਿਆ। ਪਰ ਦੁੱਖ ਦੀ ਗੱਲ ਇਹ ਹੋਈ ਕਿ ਸਕੌਟ ਦੀ ਥਾਂ ਸਹਾਇਕ ਪੁਲਿਸ ਅਧਿਕਾਰੀ ਜੌਹਨ ਪੀ ਸਾਂਡਰਸ ਮਾਰਿਆ ਗਿਆ।ਇਸ ਦਾ ਇਨ੍ਹਾਂ ਸਾਥੀਆਂ ਨੂੰ ਦੁੱਖ ਵੀ ਹੋਇਆ। ਜਦ ਕਿ ਭਗਤ ਸਿੰਘ ਕਤਲੋ ਗਾਰਤ ਵਿੱਚ ਵਿਸ਼ਵਾਸ ਨਾ ਰੱਕਦੇ ਹੋਏ ਇੱਕ ਮੌਲਿਕ ਚਿੰਤਕ ਅਤੇ ਅਜ਼ਾਦੀ ਦੇ ਪਰਵਾਨੇ ਸਨ।
ਬ੍ਰਿਟਿਸ਼ ਸਰਕਾਰ ਭਾਰਤੀਆਂ ਦਾ ਸਸ਼ੋਸ਼ਣ ਕਰਨ ਵਿੱਚ ਕੋਈ ਵੀ ਮੌਕਾ ਨਹੀਂ ਗਵਾਉਂਦੀ ਸੀ। ਇਸ ਕੜੀ ਵਿੱਚ ਹੀ ਕੇਂਦਰੀ ਵਿਧਾਨ ਸਭਾ ਦਿੱਲੀ ਵਿੱਚ ਟਰੇਡ ਡਿਸਪਿਊਟ ਬਿੱਲ ਅਤੇ ਪਬਲਿਕ ਸੇਫਟੀ ਬਿੱਲ ਪੇਸ਼ ਕੀਤੇ ਗਏ। ਜਿਸ ਦੀ ਆੜ ਵਿੱਚ ਆਮ ਲੋਕਾਂ ਦੇ ਹੱਕ ਖੋਹੇ ਜਾਣੇ ਸਨ।ਇਨ੍ਹਾਂ ਬਿੱਲਾਂ ਪ੍ਰਤੀ ਵਿਰੋਧ ਦਰਜ ਕਰਵਾਉਣ ਲਈ ਇਨ੍ਹਾਂ ਸਾਥੀਆਂ ਨੇ ਵਿਧਾਨ ਸਭਾ ਵਿੱਚ ਬੰਬ ਧਮਾਕੇ ਕਰਨ ਦੀ ਯੋਜਨਾ ਬਣਾਈ ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਕਿਸੇ ਦਾ ਜਾਨੀ ਨੁਕਸਾਨ ਨਹੀਂ ਕਰਨਾ ਅਤੇ ਆਪਣੀਆਂ ਗ੍ਰਿਫਤਾਰੀਆਂ ਵੀ ਜਰੂਰ ਦੇਣੀਆਂ ਹਨ। ਇਹ ਕੰਮ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੇ 8 ਅਪ੍ਰੈਲ, 1929 ਨੂੰ ਨੇਪਰੇ ਚਾੜ੍ਹਿਆ।ਉੱਥੇ ਆਪਣੀਆਂ ਮੰਗਾਂ ਸੰਬੰਧੀ ਪਰਚੇ ਵੰਡੇ, ਦੋ ਨਾਅਰੇ ਲਗਾਏ,”ਇਨਕਲਾਬ ਜਿੰਦਾਵਾਦ” ਅਤੇ “ਸਾਮਰਾਜਵਾਦ ਮੁਰਦਾਵਾਦ”। ਪਰਚਿਆਂ ਵਿੱਚ ਇਹ ਵੀ ਲਿਖਿਆ ਗਿਆ ਕਿ “ਬਹਿਰਿਆਂ ਨੂੰ ਸੁਨਾਉਣ ਲਈ ਜ਼ੋਰਦਾਰ ਧਮਾਕੇ ਦੀ ਜ਼ਰੂਰਤ ਹੁੰਦੀ ਹੈ।ਇਸ ਕਾਰਵਾਈ ਲਈ ਇਨ੍ਹਾਂ ਦੋਨਾਂ ਉੱਪਰ ਕੇਸ ਚੱਲਿਆ ਅਤੇ ਜੀਵਨ ਭਰ ਕਾਰਾਵਾਸ ਦੀ ਸਜ਼ਾ ਦਿੱਤੀ ਗਈ।ਇਨ੍ਹਾਂ ਨੂੰ ਲਹੌਰ ਵਿਖੇ ਮੀਆਂ ਵਾਲੀ ਜੇਲ੍ਹ (ਕੋਟ ਲੱਖਪਤ ਜੇਲ੍ਹ) ਵਿੱਚ ਰੱਖਿਆ ਗਿਆ।ਜੇਲ੍ਹ ਵਿੱਚ ਵੀ ਇਨ੍ਹਾਂ ਨੇ ਕੈਦੀਆਂ ਦੇ ਹੱਕਾਂ ਲਈ ਸੰਘਰਸ਼ ਕੀਤਾ ਅਤੇ ਭੁੱਖ ਹੜਤਾਲ ਵੀ ਕੀਤੀ।ਪਰ ਕੇਸ ਦੀ ਸੁਣਵਾਈ ਦੌਰਾਨ ਹੀ ਆਪਣੇ ਹੀ ਲੋਕਾਂ ਨੇ “ਲਹੌਰ ਕੌਂਸਪੀਰੇਸੀ ਕੇਸ” ਵਿੱਚ ਭਗਤ ਸਿੰਘ, ਸ਼ਿਵਰਾਮ ਰਾਜਗੁਰੂ ਅਤੇ ਸੁਖਦੇਵ ਥਾਪਰ ਦੀ ਪੁਸ਼ਟੀ ਕਰ ਦਿੱਤੀ।ਜਿਨ੍ਹਾਂ ਵਿੱਚੋਂ ਇਕ ਪ੍ਰਸਿੱਧ ਲੇਖਕ ਖੁਸ਼ਵੰਤ ਸਿੰਘ ਦੇ ਪਿਤਾ ਸ਼ੋਭਾ ਸਿੰਘ ਵੀ ਸਨ।ਬੜੇ ਦੁੱਖ ਦੀ ਗੱਲ ਹੈ ਕਿ ਇੱਕ ਪਾਸੇ ਭਗਤ ਸਿੰਘ ਅਤੇ ਹੋਰ ਨੌਜਵਾਨ ਜਾਨਾਂ ਵਾਰ ਰਹੇ ਸਨ ਉੱਥੇ ਦੇਸ਼ ਦੇ ਗੱਦਾਰ ਲੋਕ ਅੰਗ੍ਰੇਜ਼ਾਂ ਦੇ ਪਿੱਠੂ ਬਣੇ ਹੋਏ ਸਨ ਅਤੇ ਆਪਣਿਆਂ ਨੂੰ ਮਰਵਾ ਕੇ ਵੱਡੀਆਂ ਵੱਡੀਆਂ ਜਗੀਰਾਂ ਲੈ ਰਹੇ ਸਨ। ਸਿੱਟੇ ਵਜੋਂ ਇਨ੍ਹਾਂ ਤਿੰਨਾਂ ਨੂੰ ਫਾਂਸੀ ਦੀ ਸਜਾ ਸੁਣਾਈ ਗਈ।ਫਾਂਸੀ ਦੀ ਮਿਤੀ 24 ਮਾਰਚ, 1931 ਸਵੇਰੇ ਸੱਤ ਵਜੇ ਮਿਥੀ ਗਈ ਪਰ ਲੋਕਾਂ ਦੇ ਵਿਦਰੋਹ ਦੇ ਡਰ ਤੋਂ ਇਨ੍ਹਾਂ ਨੂੰ ਬਾਰਾਂ ਘੰਟੇ ਪਹਿਲਾਂ ਹੀ ਭਾਵ 23 ਮਾਰਚ, 1931 ਨੂੰ ਸ਼ਾਮ ਨੂੰ 7:33 ਵਜੇ ਫਾਂਸੀ ਦੇ ਦਿੱਤੀ ਗਈ। ਜੇਲ੍ਹ ਸਮੇਂ ਦੌਰਾਨ ਭਗਤ ਸਿੰਘ ਨੇ ਬਹੁਤ ਸਾਰੇ ਲੇਖਕਾਂ ਦੀਆਂ ਪੁਸਤਕਾਂ ਪੜੀਆਂ ਹਨ। ਜਿਵੇਂ ਕਿ- ਆਪਟਨ ਸਿੰਕਲੇਅਰ, ਬਰਨਾਰਡ ਸ਼ਾਹ, ਚਾਰਲਸ ਡਿੱਕਨਜ਼, ਵਿਕਟਰ ਹਿਓਗੇ, ਕਾਰਲ ਮਾਰਕਸ, ਲੇਨਿਨ, ਫਰਾਂਸ, ਰੂਸ ਅਤੇ ਹੋਰ ਕਰਾਂਤੀਆਂ।ਇਨ੍ਹਾਂ ਦੀਆਂ ਰਚਨਾਵਾਂ ਚੋਂ ਇਨ੍ਹਾਂ ਦੀ ਸੂਝਬੂਝ, ਦੂਰ ਅੰਦੇਸ਼ੀ, ਵਦੀਆ ਨੀਤੀ ਘਾੜਾ, ਵਧੀਆ ਨਾਇਕ, ਵਧੀਆ ਨੇਤਾ, ਬਹੁਤ ਵੱਡਾ ਤਿਆਗੀ, ਇਨਕਲਾਬੀ ਅਤੇ ਸਮਾਜਵਾਦੀ ਵਿਅਕਤੀਤਵ ਦੇ ਦਰਸ਼ਨ ਹੁੰਦੇ ਹਨ।ਇਨ੍ਹਾ ਦੇ ਵਕੀਲ ਪ੍ਰਾਣ ਨਾਥ ਮਹਿਤਾ ਨੇ ਇਨ੍ਹਾ ਨੂੰ ਲੈਨਿਨ ਦੀ ਪੁਸਤਕ ਦਿੰਦੇ ਸਮੇਂ ਉਨ੍ਹਾਂ ਦੀ ਆਖਰੀ ਇੱਛਾ ਪੁੱਛੀ ਤਾਂ ਉਨ੍ਹਾਂ ਨੇ ਫਿਰ ਪਹਿਲਾਂ ਵਾਲੀ ਗੱਲ ਹੀ ਦੁਹਰਾਈ ਕਿ “ਇਨਕਲਾਬ ਜ਼ਿੰਦਾਵਾਦ” ਅਤੇ “ਸਾਮਰਾਜਵਾਦ ਮੁਰਦਾਵਾਦ”।ਹਰ ਸਾਲ 23 ਮਾਰਚ ਨੂੰ ਇਨ੍ਹਾ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ।ਜੋ ਕਿ ਇੱਕ ਰਸਮ ਤੋਂ ਜ਼ਿਆਦਾ ਕੁੱਝ ਵੀ ਨਹੀਂ ਹੈ।
ਭਗਤ ਸਿੰਘ ਦਾ ਜੀਵਨ ਸਾਡੇ ਸਾਰਿਆਂ ਲਈ ਬਹੁਤ ਵੱਡੇ ਸੰਦੇਸ਼ ਅਤੇ ਵੰਗਾਰਾਂ ਲਈ ਬੈਠਾ ਹੈ।ਜਿਵਚੇਂ ਕਿ-ਅਜ਼ਾਦੀ ਬੜੀ ਮਹੱਤਵ ਪੂਰਣ ਹੈ। ਇਸ ਦੀ ਪ੍ਰਾਪਤੀ ਲਈ ਜਾਨ ਵੀ ਦੇ ਦੇਣੀ ਚਾਹੀਦੀ ਹੈ। ਜੀਓ ਅਤੇ ਜੀਣ ਦਿਓ ਦੀ ਨੀਤੀ ਤੇ ਅਮਲ ਕਰਨਾ ਚਾਹੀਦਾ ਹੈ।ਜਾਤਿ, ਧਰਮ, ਭਾਸ਼ਾ ਅਤੇ ਖੇਤਰ ਦੇ ਦਾਇਰੇ ਚੋਂ ਉੱਪਰ ਉੱਠ ਕੇ ਮਾਨਵਤਾ ਦੀ ਰਾਖੀ ਕਰਨੀ ਚਾਹੀਦੀ ਹੈ। ਪੂੰਜੀਪਤੀ ਅਤੇ ਸ਼ੋਸ਼ਕ ਵਰਗ ਦਾ ਵਿਰੋਧ ਕਰਕੇ ਸ਼ੋਸ਼ਿਤ ਵਰਗ ਦੀ ਸਹਾਇਤਾ ਕਰਨੀ ਚਾਹੀਦੀ ਹੈ।ਵਧੀਆ ਪੁਸਤਕਾਂ ਪੜ੍ਹ ਕੇ ਆਪਣੇ ਗਿਆਨ ਵਿੱਚ ਲਗਾਤਾਰ ਵਾਧਾ ਕਰਦੇ ਰਹਿਣਾ ਚਾਹੀਦਾ ਹੈ। ਜਿਸ ਨਾਲ ਮਾਨਸਿਕ ਵਿਕਾਸ ਹੋ ਸਕੇ ਅਤੇ ਜੀਵਨ ਜੀਉਣ ਦੀ ਸੋਝੀ ਆ ਸਕੇ।ਆਪਣੀ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਸੱਭਿਆਚਾਰਕ ਸੂਝ ਬੂਝ ਵਧਾਉਣ ਦੀ ਲੋੜ ਹੈ।ਕਾਲਜ ਅਤੇ ਯੁਨੀਵਰਸਟੀ ਪੱਧਰ ਦੇ ਨੌਜਵਾਨਾਂ ਨੂੰ ਨਿਰੋਲ ਰੋਮਾਂਟਿਕ ਜੀਵਨ ਨਾ ਜੀਉਂਦੇ ਹੋਏ ਆਪਣੀਆਂ ਜਿੰਮੇਦਾਰੀਆਂ ਨੂੰ ਸਮਝਦੇ ਹੋਏ ਰਾਜਨੀਤਿਕ ਗਤੀਵਿਧੀਆਂ ਤੇ ਪੈਨੀ ਦ੍ਰਿਸ਼ਟੀ ਰੱਖਣੀ ਚਾਹੀਦੀ ਹੈ ਅਤੇ ਸਰਕਾਰਾਂ ਦੀਆਂ ਗਲਤ ਨੀਤੀਆਂ ਅਤੇ ਸਮਾਜ ਵਿਰੋਧੀ ਅਨਸਰਾਂ ਦਾ ਡੱਟ ਕੇ ਵਿਰੋਧ ਕਰਨਾ ਚਾਹੀਦਾ ਹੈ।ਪੀਲੀ ਪਗੜੀ ਬੰਨਣ, ਭਗਤ ਸਿੰਘ ਦੀ ਫੋਟੋ ਘਰ ਵਿਚ ਰੱਖਣ ਅਤੇ ਇਨਕਲਾਬ ਜਿੰਦਾਬਾਦ ਤੱਕ ਹੀ ਸੀਮਿਤ ਨਾ ਰਹਿੰਦੇ ਹੋਏ ਆਪਣੇ ਆਪ ਨੂੰ ਭਗਤ ਸਿੰਘ ਦੀ ਵਿਚਾਰਧਾਰਾ ਨਾਲ ਓਤਪ੍ਰੋਤ ਕਰਦੇ ਹੋਏ ਰਾਜ ਨੀਤੀ ਨੂੰ ਆਪਣੇ ਹੱਥਾਂ ਵਿੱਚ ਲੈਣਾ ਚਾਹੀਦਾ ਹੈ ਤਾਂ ਜੋ ਆਮ ਲੋਕਾਂ ਨਾਲ ਧੋਖਾ ਕਰਨ ਵਾਲੇ, ਸੇਵਾ ਨੂੰ ਭੁੱਲ ਕੇ ਰਾਜਨੀਤੀ ਨੂੰ ਇੱਕ ਲਾਹੇ ਵਾਲਾ ਕਿੱਤਾ ਬਣਾਉਣ ਵਾਲੇ ਗੈਰ ਜਿੰਮੇਦਾਰ ਰਾਜਨੀਤਿਕ ਲੋਕਾਂ ਕੋਲੋਂ ਦੇਸ਼ ਨੂੰ ਅਜ਼ਾਦ ਕਰਵਾਇਆ ਜਾ ਸਕੇ।
ਮਿਤੀ: 20 ਮਾਰਚ, 2024
ਜਗਦੀਸ਼ ਰਾਏ
ਸੰਪਰਕ ਨੰ: 9855722733
Leave a Comment
Your email address will not be published. Required fields are marked with *