ਗਊ ਭਗਤਾਂ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਅੱਧੀ ਰਾਤ ਕੀਤੀ ਖੁਦ ਕਾਰਵਾਈ
ਕੋਟਕਪੂਰਾ, 10 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸ਼ਹਿਰ ਦੇ ਬਾਹਰਵਾਰ ਲੰਘਦੇ ਰਾਸ਼ਟਰੀ ਰਾਜ ਮਾਰਗ ਨੰਬਰ 54 ’ਤੇ ਸਥਿੱਤ ‘ਲਵ ਪੰਜਾਬ ਫਾਰਮ’ ਨੇੜਿਉਂ ਗਊਆਂ ਦਾ ਭਰਿਆ ਇਕ ਟਰੱਕ ਸਮੇਤ ਇਕ ਵਿਅਕਤੀ ਸਬੰਧੀ ਜਾਣਕਾਰੀ ਦਿੰਦਿਆਂ ਗਊ ਰਕਸ਼ਾ ਦਲ ਪੰਜਾਬ ਦੇ ਜਨਰਲ ਸਕੱਤਰ ਬਾਬਾ ਗਰੀਬ ਦਾਸ ਸੰਚਾਲਕ ਬਿਰਧ ਆਸ਼ਰਮ ਕੋਟਕਪੂਰਾ ਨੇ ਦੱਸਿਆ ਕਿ ਉਹਨਾਂ ਨੂੰ ਗੁਪਤਾ ਸੂਚਨਾ ਮਿਲੀ ਸੀ ਕਿ ਬਠਿੰਡਾ ਵਾਲੇ ਪਾਸਿਉਂ ਇਕ ਟਰੱਕ ਨੰਬਰ ਐੱਚ.ਆਰ. 58 ਏ 9652 ਦਾ ਚਾਲਕ ਗਊਆਂ ਨੂੰ ਬੇਰਹਿਮੀ ਨਾਲ ਨੂੜ ਕੇ ਕੱਟਣ ਦੇ ਮਕਸਦ ਨਾਲ ਜੰਮੂ ਕਸ਼ਮੀਰ ਲਈ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਗਊ ਤਸਕਰਾਂ ਵਲੋਂ ਪੁਲਿਸ ਦੇ ਨਾਕੇ ਚੈੱਕ ਕਰਨ ਲਈ ਇਕ ਸਵਿਫਟ ਕਾਰ ਵੀ ਅੱਗੇ ਲਾਈ ਹੋਈ ਸੀ, ਜੋ ਟਰੱਕ ਤੋਂ ਦੋ ਕਿਲੋਮੀਟਰ ਅੱਗੇ-ਅੱਗੇ ਚੱਲ ਰਹੀ ਸੀ। ਉਹਨਾਂ ਦੱਸਿਆ ਕਿ ਗਊ ਭਗਤਾਂ ਨੇ ਉਕਤ ਕਾਰ ਚਾਲਕ ਨੂੰ ਤਾਂ ਮੌਕੇ ’ਤੇ ਕਾਬੂ ਕਰ ਲਿਆ ਪਰ ਟਰੱਕ ਵਿੱਚੋਂ ਤਿੰਨ-ਚਾਰ ਗਊ ਤਸਕਰ ਅੱਧੀ ਰਾਤ ਦਾ ਸਮਾਂ ਹੋਣ ਕਰਕੇ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਟਰੱਕ ਛੱਡ ਕੇ ਭੱਜਣ ਵਿੱਚ ਕਾਮਯਾਬ ਹੋ ਗਏ। ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪੁੱਜੀ ਤੇ ਕਾਰ ਚਾਲਕ ਸਮੇਤ ਟਰੱਕ ਨੂੰ ਵੀ ਆਪਣੇ ਕਬਜੇ ਵਿੱਚ ਲੈ ਲਿਆ। ਪੁਲਿਸ ਨੇ ਟਰੱਕ ਵਿੱਚੋਂ 18 ਗਊਆਂ ਅਤੇ ਢੱਠਿਆਂ ਨੂੰ ਬਰਾਮਦ ਕੀਤਾ। ਉਹਨਾਂ ਦੱਸਿਆ ਕਿ ਉਕਤ ਗਊਆਂ ਨੂੰ ਸੇਵਾ ਸੰਭਾਲ ਲਈ ਬਾਬਾ ਮਲਕੀਤ ਦਾਸ ਦੀ ਸਥਾਨਕ ਸਿੱਖਾਂਵਾਲਾ ਰੋਡ ’ਤੇ ਸਥਿੱਤ ਗਊਸ਼ਾਲਾ ਵਿਖੇ ਛੱਡਿਆ ਗਿਆ ਤੇ ਪੁਲਿਸ ਨੇ ਮੌਕੇ ਤੋਂ ਭੱਜੇ ਗਊ ਤਸਕਰਾਂ ਦੀ ਭਾਲ ਆਰੰਭ ਦਿੱਤੀ ਹੈ।