ਕੋਟਕਪੂਰਾ, 16 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਆਲ ਇੰਡੀਆ ਹਿੰਦੂ ਵੈਲਫੇਅਰ ਕਮੇਟੀ ਦੇ ਕੌਮੀ ਪ੍ਰਧਾਨ ਨਰੇਸ ਕੁਮਾਰ ਸਹਿਗਲ ਦੀ ਲਿਖਤੀ ਸ਼ਿਕਾਇਤ ਤੋਂ ਬਾਅਦ ਡੀਐਸਪੀ ਕੋਟਕਪੂਰਾ ਨੇ ਸ਼ਹਿਰ ਦੀਆਂ ਸੜਕਾਂ ਤੋਂ ਨਾਜਾਇਜ ਕਬਜੇ ਹਟਾਉਣ ਦੇ ਹੁਕਮ ਜਾਰੀ ਕੀਤੇ ਹਨ। ਡੀਐਸਪੀ ਦਫਤਰ ਤਰਫੋਂ ਇਸ ਮਾਮਲੇ ਸਬੰਧੀ ਅਧਿਕਾਰੀ ਨਗਰ ਕੌਂਸਲ ਕੋਟਕਪੂਰਾ ਨੂੰ 7 ਦਸੰਬਰ 2023 ਨੂੰ ਲਿਖਤੀ ਪੱਤਰ ਨੰਬਰ 2585-90 ਜਾਰੀ ਕੀਤਾ ਗਿਆ ਹੈ। ਇਹ ਗੱਲ ਨਗਰ ਕੌਂਸਲ ਕਾਰਜਸਾਧਕ ਅਫਸਰ ਦੇ ਦਫਤਰ ਨੂੰ ਸੀਰੀਅਲ ਨੰਬਰ 1869 ਦੇ ਤਹਿਤ 11 ਦਸੰਬਰ 2023 ਨੂੰ ਪ੍ਰਾਪਤ ਹੋਇਆ ਹੈ। ਜਿਸ ਦੀ ਕਾਪੀ ਡਿਪਟੀ ਕਮਿਸਨਰ ਫਰੀਦਕੋਟ, ਐਸਐਸਪੀ ਫਰੀਦਕੋਟ ਅਤੇ ਐਸਡੀਐਮ ਕੋਟਕਪੂਰਾ ਨੂੰ ਵੀ ਭੇਜੀ ਗਈ ਹੈ। ਇਸ ਪੱਤਰ ਅਨੁਸਾਰ ਕੋਟਕਪੂਰਾ ਦੇ ਮੁੱਖ ਬਾਜਾਰਾਂ ਅਤੇ ਸੜਕਾਂ ਦੇ ਦੋਵੇਂ ਪਾਸੇ ਦੁਕਾਨਦਾਰਾਂ ਵਲੋਂ ਨਾਜਾਇਜ ਕਬਜੇ ਕੀਤੇ ਹੋਏ ਹਨ, ਜਿਸ ਕਾਰਨ ਆਵਾਜਾਈ ’ਚ ਵਿਘਨ ਪੈ ਰਿਹਾ ਹੈ। ਇੱਥੇ ਹਰ ਸਮੇਂ ਆਵਾਜਾਈ ਦੀ ਸਮੱਸਿਆ ਬਣੀ ਰਹਿੰਦੀ ਹੈ। ਜਦੋਂ ਸਕੂਲੀ ਵਿਦਿਆਰਥੀਆਂ ਨੂ ਛੁੱਟੀ ਹੁੰਦੀ ਹੈ ਤਾਂ ਕੋਈ ਨਾ ਕੋਈ ਹਾਦਸਾ ਵਾਪਰ ਜਾਂਦਾ ਹੈ। ਇਸ ਲਈ ਸ਼ਹਿਰ ਵਾਸੀਆਂ ਦੀ ਸਮੱਸਿਆ ਨੂੰ ਦੇਖਦੇ ਹੋਏ ਇਨ੍ਹਾਂ ਕਬਜÇਆਂ ਨੂੰ ਤੁਰੰਤ ਹਟਾਇਆ ਜਾਵੇ ਅਤੇ ਇਸ ਦੀ ਰਿਪੋਰਟ ਡਿਪਟੀ ਕਮਿਸਨਰ ਦਫਤਰ ਫਰੀਦਕੋਟ, ਐੱਸਐੱਸਪੀ ਦਫਤਰ ਫਰੀਦਕੋਟ ਅਤੇ ਐੱਸਡੀਐੱਮ ਦਫਤਰ ਕੋਟਕਪੂਰਾ ਨੂੰ ਵੀ ਭੇਜੀ ਜਾਵੇ। ਇਸ ਸਬੰਧੀ ਨਰੇਸ ਕੁਮਾਰ ਸਹਿਗਲ ਨੇ ਦੱਸਿਆ ਕਿ ਸਹਿਰ ਦੇ ਮੋਗਾ ਰੋਡ, ਜੈਤੋ ਰੋਡ, ਮੁਕਤਸਰ ਰੋਡ, ਰੇਲਵੇ ਰੋਡ, ਮੇਨ ਬਜਾਰ, ਗੁਰੂਦੁਆਰਾ ਮਾਰਕੀਟ, ਸਾਸਤਰੀ ਮਾਰਕੀਟ, ਪੁਰਾਣੀ ਦਾਣਾ ਮੰਡੀ, ਮਾਲ ਗੋਦਾਮ ਰੋਡ, ਫੌਜੀ ਰੋਡ, ਢੋਡਾ ਚੌਂਕ, ਸਬਜੀ ਮੰਡੀ, ਬੱਤੀਆਂ ਵਾਲਾ ਚੌਕ ਆਦਿ ਥਾਵਾਂ ’ਤੇ ਦੋਵੇਂ ਪਾਸੇ ਸਥਾਨਕ ਦੁਕਾਨਦਾਰਾਂ ਵੱਲੋਂ ਕਬਜੇ ਕੀਤੇ ਹੋਏ ਹਨ। ਇਸ ਤੋਂ ਇਲਾਵਾ ਅਕਤੂਬਰ ਮਹੀਨੇ ਤੋਂ ਨਗਰ ਕੌਂਸਲ ਦੀ ਹਦੂਦ ਅੰਦਰ ਸਰਕਾਰੀ ਜਮੀਨਾਂ ’ਤੇ ਬੰਦ ਪਈਆਂ ਦੁਕਾਨਾਂ ਅੱਗੇ ਕਰੀਬ 22 ਥਾਵਾਂ ’ਤੇ ਮੂੰਗਫਲੀ, ਰੇਹੜੀ ਅਤੇ ਗੱਜਕ ਦੇ ਕੱਪੜੇ ਦੇ ਬਣੇ ਕੋਠੇ ਲਗਾਏ ਗਏ ਹਨ। ਜੋ ਕਿ 15 ਜਨਵਰੀ ਮਾਘੀ ਤੱਕ ਜਾਰੀ ਰਹਿਣਗੇ। ਇਨ੍ਹਾਂ ਦੁਕਾਨਦਾਰਾਂ ਦੇ ਦੂਜੇ ਰਾਜਾਂ ਤੋਂ ਆਉਣ ਕਾਰਨ ਸਥਾਨਕ ਦੁਕਾਨਦਾਰਾਂ ਦਾ ਕਾਰੋਬਾਰ ਵੀ ਪ੍ਰਭਾਵਿਤ ਹੋ ਰਿਹਾ ਹੈ। ਇਨ੍ਹਾਂ ਵਿੱਚੋਂ ਇੱਕ ਕੋਠਾ ਐਸਡੀਐਮ ਦਫਤਰ ਨੇੜੇ ਵੀ ਫਰੀਦਕੋਟ ਰੋਡ ’ਤੇ ਮੌਜੂਦ ਹੈ। ਇਸ ਤੋਂ ਇਲਾਵਾ ਜੈਤੋ ਰੋਡ, ਰੇਲਵੇ ਰੋਡ ਅਤੇ ਮਾਲ ਗੋਦਾਮ ਰੋਡ ‘ਤੇ ਖੜ੍ਹੇ ਫਾਸਟ ਫੂਡ ਵਿਕਰੇਤਾਵਾਂ ਕਾਰਨ ਅਕਸਰ ਟ੍ਰੈਫਿਕ ਜਾਮ ਰਹਿੰਦਾ ਹੈ। ਲੋਕ ਪਾਰਕਿੰਗ ਵਿੱਚ ਵਹੀਕਲ ਪਾਰਕ ਕਰਨ ਦੀ ਬਜਾਏ ਇਨ੍ਹਾਂ ਰੇਹੜੀਆਂ ਵਾਲਿਆਂ ਦੇ ਆਲੇ-ਦੁਆਲੇ ਹੀ ਵਹੀਕਲ ਪਾਰਕ ਕਰ ਦਿੰਦੇ ਹਨ ਅਤੇ ਫਾਸਟ ਫੂਡ ਦਾ ਆਨੰਦ ਲੈਣ ਲੱਗ ਜਾਂਦੇ ਹਨ। ਇਸ ਲਈ ਆਵਾਜਾਈ ਵਿੱਚ ਵਿਘਨ ਪੈਂਦਾ ਹੈ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਿਨ੍ਹਾਂ ਦੁਕਾਨਾ ਦੇ ਅੱਗੇ ਮੂੰਗਫਲੀ, ਰੇਹੜੀ ਅਤੇ ਗੱਜਕ ਦੇ ਕੱਪੜੇ ਦੇ ਬਣੇ ਕੋਠੇ ਲਗਾਏ ਗਏ ਹਨ, ਉਨ੍ਹਾਂ ਨੂੰ ਅੰਦਰਖਾਤੇ ਮੋਟਾ ਕਿਰਾਇਆ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਰੇਹੜੀਆਂ ਤੇ ਕੋਠੇਆਂ ਸਬੰਧੀ ਨਗਰ ਕੌਂਸਲ ਦੇ ਕੁਝ ਮੁਲਾਜਮਾਂ ਅਤੇ ਕੌਂਸਲਰਾਂ ਦੀ ਮਿਲੀਭੁਗਤ ਹੋਣ ਦੀ ਵੀ ਆਮ ਚਰਚਾ ਚਲ ਰਹੀ ਹੈ। ਨਜਾਇਜ ਕਬਜÇਆਂ ਸਬੰਧੀ ਜਦੋਂ ਵਾਰਡ ਨੰਬਰ 24 ਦੇ ਕਾਂਗਰਸੀ ਕੌਂਸਲਰ ਚੰਚਲ ਕੁਮਾਰ ਮੇਹੰਦੀਰੱਤਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਦੋਂ ਨਗਰ ਕੌਂਸਲ ਦੇ ਮੁਲਾਜਮ ਕਬਜÇਆਂ ਖਿਲਾਫ ਕਾਰਵਾਈ ਕਰਨ ਜਾਂਦੇ ਹਨ ਤਾਂ ਆਮ ਆਦਮੀ ਪਾਰਟੀ ਦੇ ਕਿਸੇ ਆਗੂ ਦਾ ਅਗਾਊਂ ਫੋਨ ਆ ਜਾਂਦਾ ਹੈ। ਜਿਸ ਕਾਰਨ ਕਬਜÇਆਂ ਵਿਰੁੱਧ ਕਾਰਵਾਈ ਨਹੀਂ ਹੋ ਰਹੀ। ਵਰਨਣਯੋਗ ਹੈ ਕਿ ਇਸ ਵੇਲੇ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਦਕਿ ਕੋਟਕਪੂਰਾ ਦੀ ਨਗਰ ਕੌਂਸਲ ’ਤੇ ਇਸ ਵੇਲੇ ਕਾਂਗਰਸ ਦਾ ਕਬਜਾ ਹੈ। ਜਿਸ ਨੂੰ ਤਿੰਨ ਅਕਾਲੀ ਕੌਂਸਲਰਾਂ ਦਾ ਵੀ ਸਮਰਥਨ ਹਾਸਲ ਹੈ। ਦੋ ਕਾਂਗਰਸੀ ਕੌਂਸਲਰਾਂ ਦੀ ਮੌਤ ਤੋਂ ਬਾਅਦ ਅਜੇ ਤੱਕ ਜਮਿਨੀ ਚੋਣ ਨਹੀਂ ਕਰਵਾਈ ਗਈ। ਫਿਲਹਾਲ ਭਾਜਪਾ ਜਾਂ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਜਿੱਤਣ ਵਾਲਾ ਕੋਈ ਵੀ ਕੌਂਸਲਰ ਨਹੀਂ ਹੈ। ਜਿਸ ਕਾਰਨ ਸਿਆਸੀ ਪਾਰਟੀਆਂ ਦੇ ਆਗੂ ਨਾਜਾਇਜ ਕਬਜਿਆਂ ਅਤੇ ਬੁਨਿਆਦੀ ਸਹੂਲਤਾਂ ਦੀ ਘਾਟ ਨੂੰ ਲੈਕੇ ਇਕ-ਦੂਜੇ ’ਤੇ ਦੋਸ਼ ਲਾ ਕੇ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਕਈ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੇ ਕਮਲ ਗਰਗ ਨੇ ਦੱਸਿਆ ਕਿ ਰਾਮ ਬਾਗ ਨੇੜੇ ਸਥਿਤ ਗੁਰੂ ਤੇਗਬਹਾਦਰ ਮਾਰਕੀਟ ਅੰਦਰ ਲੋਕਾਂ ਨੇ ਨਿਸ਼ਚਿਤ ਤੌਰ ’ਤੇ ਨਾਜਾਇਜ ਕਬਜੇ ਕੀਤੇ ਹੋਏ ਹਨ। ਇਸ ਨੂੰ ਹਟਾਉਣ ਦੀ ਜਿੰਮੇਵਾਰੀ ਨਗਰ ਕੌਂਸਲ ਦੀ ਹੈ ਪਰ ਸਾਲਾਂ ਬੱਧੀ ਕੋਈ ਕਾਰਵਾਈ ਨਹੀਂ ਹੋ ਰਹੀ। ਕੋਟਕਪੂਰਾ ਨਗਰ ਕੌਂਸਲ ਦੇ ਪ੍ਰਧਾਨ ਭੁਪਿੰਦਰ ਸਿੰਘ ਸੱਗੂ ਨੇ ਦੱਸਿਆ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਹੁਕਮਾਂ ਦੇ ਚੱਲਦਿਆਂ ਉਨ੍ਹਾਂ ਵੀ ਕਾਰਜ ਸਾਧਕ ਅਫਸਰ ਅਤੇ ਸਬੰਧਤ ਸਾਖਾ ਨੂੰ ਕਬਜੇ ਹਟਾਉਣ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਪਰ ਨਗਰ ਕੌਂਸਲ ਨੂੰ ਪੁਲੀਸ ਦੀ ਪੂਰੀ ਮਦਦ ਦੀ ਲੋੜ ਹੈ। ਇਸ ਤੋਂ ਪਹਿਲਾਂ ਵੀ ਕਬਜੇ ਹਟਾਉਣ ਦੀ ਮੁਹਿੰਮ ਚਲਾਈ ਗਈ ਸੀ ਪਰ ਸ਼ਹਿਰ ਦੇ ਕੁਝ ਲੋਕ ਇਸ ਨੂੰ ਲੈ ਕੇ ਸਿਆਸਤ ਸ਼ੁਰੂ ਕਰ ਦਿੰਦੇ ਹਨ। ਮਾਨਯੋਗ ਐਸ.ਐਸ.ਪੀ ਫਰੀਦਕੋਟ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਨਗਰ ਕੌਂਸਲ ਨੂੰ ਲੋੜ ਅਨੁਸਾਰ ਪੁਲਿਸ ਫੋਰਸ ਦੀ ਮਦਦ ਮੁਹੱਈਆ ਕਰਵਾਈ ਜਾਵੇ। ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਅਮਰਇੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਅਜੇ ਤੱਕ ਡੀਐਸਪੀ ਦਫਤਰ ਤੋਂ ਜਾਰੀ ਪੱਤਰ ਨਹੀਂ ਮਿਲਿਆ ਹੈ। ਫਿਰ ਵੀ ਨਗਰ ਕੌਂਸਲ ਵੱਲੋਂ ਪਹਿਲਾਂ ਹੀ ਕਬਜੇ ਹਟਾਉਣ ਦੀ ਮੁਹਿੰਮ ਜਾਰੀ ਹੈ। ਜਿਸ ਲਈ ਸਾਖਾ ਨੂੰ ਸਖਤ ਹੁਕਮ ਜਾਰੀ ਕੀਤੇ ਗਏ ਹਨ।
Leave a Comment
Your email address will not be published. Required fields are marked with *