ਇੱਕ ਦਿਨ ਇੱਕ ਅਧਿਆਪਕ ਆਪਣੀ ਕਲਾਸ ਵਿੱਚ ਆਉਂਦੇ ਹੀ ਬੋਲਿਆ, “ਚੱਲੋ,ਸਰਪ੍ਰਾਈਜ਼ ਟੈਸਟ ਲਈ ਤਿਆਰ ਹੋ ਜਾਓ!” ਸਾਰੇ ਵਿਦਿਆਰਥੀ ਘਬਰਾ ਗਏ। ਕੁਝ ਕਿਤਾਬਾਂ ਦੇ ਪੰਨੇ ਫਰੋਲਣ ਲੱਗੇ ਤੇ ਕੁਝ ਅਧਿਆਪਕ ਦੇ ਦਿੱਤੇ ਨੋਟਸ ਕਾਹਲੀ-ਕਾਹਲੀ ਪੜ੍ਹਨ ਲੱਗੇ।
“ਇਹ ਸਭ ਕੰਮ ਨਹੀਂ ਆਵੇਗਾ…” ਅਧਿਆਪਕ ਮੁਸਕਰਾ ਕੇ ਬੋਲਿਆ, “ਮੈਂ ਪ੍ਰਸ਼ਨ-ਪੱਤਰ ਤੁਹਾਡੇ ਅੱਗੇ ਰੱਖ ਰਿਹਾ ਹਾਂ। ਜਦੋਂ ਸਾਰੇ ਪੇਪਰ ਵੰਡੇ ਗਏ ਤਾਂ ਹੀ ਤੁਸੀਂ ਉਹਨੂੰ ਪਲਟ ਕੇ ਵੇਖਣਾ ਹੈ…।”
ਪੇਪਰ ਵੰਡ ਦਿੱਤੇ ਗਏ। “ਠੀਕ ਹੈ, ਹੁਣ ਤੁਸੀਂ ਪੇਪਰ ਵੇਖ ਸਕਦੇ ਹੋ”, ਅਧਿਆਪਕ ਨੇ ਕਿਹਾ।
ਅਗਲੇ ਹੀ ਪਲ ਸਾਰੇ ਵਿਦਿਆਰਥੀ ਪ੍ਰਸ਼ਨ-ਪੱਤਰ ਵੇਖ ਰਹੇ ਸਨ। ‘ਪਰ ਇਹ ਕੀ? ਇਸ ਵਿੱਚ ਤਾਂ ਕੋਈ ਪ੍ਰਸ਼ਨ ਹੀ ਨਹੀਂ ਸੀ। ਸੀ ਤਾਂ ਸਿਰਫ਼ ਕਾਗਜ਼ ਤੇ ਇੱਕ ਕਾਲਾ ਬਿੰਦੂ।’
“ਇਹ ਕੀ ਸਰ! ਇਸ ਵਿੱਚ ਤਾਂ ਕੋਈ ਪ੍ਰਸ਼ਨ ਹੀ ਨਹੀਂ ਹੈ!” ਇੱਕ ਵਿਦਿਆਰਥੀ ਨੇ ਖੜ੍ਹੇ ਹੋ ਕੇ ਪੁੱਛਿਆ।
“ਜੋ ਕੁਝ ਵੀ ਹੈ, ਤੁਹਾਡੇ ਸਾਹਮਣੇ ਹੈ। ਬਸ ਤੁਸੀਂ ਇਸੇ ਨੂੰ ਐਕਸਪਲੇਨ ਕਰਨਾ ਹੈ…ਅਤੇ ਇਸ ਕੰਮ ਲਈ ਤੁਹਾਡੇ ਕੋਲ ਸਿਰਫ਼ ਦਸ ਮਿੰਟ ਹਨ। ਚੱਲੋ…ਸ਼ੁਰੂ ਹੋ ਜਾਓ…।”
ਵਿਦਿਆਰਥੀਆਂ ਕੋਲ ਕੋਈ ਚਾਰਾ ਨਹੀਂ ਸੀ। ਉਹ ਸਾਰੇ ਆਪੋ-ਆਪਣੇ ਜਵਾਬ ਲਿਖਣ ਲੱਗੇ।
ਟਾਈਮ ਖਤਮ ਹੋ ਗਿਆ ਤਾਂ ਅਧਿਆਪਕ ਨੇ ਉੱਤਰ-ਕਾਪੀਆਂ ‘ਕੱਠੀਆਂ ਕੀਤੀਆਂ ਅਤੇ ਵਾਰੀ-ਵਾਰੀ ਸਭ ਨੂੰ ਪੜ੍ਹਨ ਲੱਗੇ। ਲੱਗਭੱਗ ਸਾਰਿਆਂ ਨੇ ਹੀ ਕਾਲੇ ਬਿੰਦੂ ਨੂੰ ਆਪੋ-ਆਪਣੇ ਢੰਗ ਨਾਲ ਐਕਸਪਲੇਨ ਕੀਤਾ ਸੀ, ਪਰ ਕਿਸੇ ਨੇ ਵੀ ਉਸ ਬਿੰਦੂ ਦੇ ਚਾਰੇ ਪਾਸੇ ਮੌਜੂਦ ਸਫ਼ੈਦ ਥਾਂ ਬਾਰੇ ਕੋਈ ਗੱਲ ਨਹੀਂ ਸੀ ਕੀਤੀ।
ਅਧਿਆਪਕ ਗੰਭੀਰਤਾ ਨਾਲ ਬੋਲਿਆ, “ਇਸ ਟੈਸਟ ਦਾ ਤੁਹਾਡੀ ਅਕਾਦਮਿਕਤਾ ਨਾਲ ਕੋਈ ਲੈਣ-ਦੇਣ ਨਹੀਂ ਹੈ ਤੇ ਨਾ ਹੀ ਇਹਦਾ ਕੋਈ ਅੰਕ ਮਿਲੇਗਾ। ਇਸ ਟੈਸਟ ਦਾ ਇੱਕ ਹੀ ਮਕਸਦ ਹੈ… ਮੈਂ ਤੁਹਾਨੂੰ ਜੀਵਨ ਦੀ ਇੱਕ ਅਦਭੁਤ ਸੱਚਾਈ ਦੱਸਣੀ ਚਾਹੁੰਦਾ ਹਾਂ…।”
“ਵੇਖੋ, ਇਸ ਕਾਗਜ਼ ਦਾ 99% ਹਿੱਸਾ ਸਫ਼ੈਦ ਹੈ ਪਰ ਤੁਹਾਡੇ ‘ਚੋਂ ਕਿਸੇ ਨੇ ਵੀ ਇਹਦੇ ਬਾਰੇ ਨਹੀਂ ਲਿਖਿਆ ਅਤੇ 100% ਜਵਾਬ ਸਿਰਫ਼ ਉਸ ਇੱਕ ਚੀਜ਼ ਨੂੰ ਐਕਸਪਲੇਨ ਕਰਨ ਵਿੱਚ ਲਾ ਦਿੱਤਾ, ਜੋ ਸਿਰਫ਼ 1% ਹੈ… ਅਤੇ ਇਹੋ ਗੱਲ ਸਾਡੀ ਜ਼ਿੰਦਗੀ ਵਿੱਚ ਵੀ ਵੇਖਣ ਨੂੰ ਮਿਲਦੀ ਹੈ…ਸਮੱਸਿਆਵਾਂ ਸਾਡੇ ਜੀਵਨ ਵਿੱਚ ਇੱਕ ਛੋਟਾ ਜਿਹਾ ਹਿੱਸਾ ਹੁੰਦੀਆਂ ਹਨ ਪਰ ਅਸੀਂ ਆਪਣਾ ਪੂਰਾ ਧਿਆਨ ਇਨ੍ਹਾਂ ਤੇ ਹੀ ਲਾ ਦਿੰਦੇ ਹਾਂ… ਕੋਈ ਦਿਨ-ਰਾਤ ਆਪਣੀ ‘ਲੁੱਕ’ ਨੂੰ ਲੈ ਕੇ ਪ੍ਰੇਸ਼ਾਨ ਰਹਿੰਦਾ ਹੈ, ਕੋਈ ਕੈਰੀਅਰ ਨੂੰ ਲੈ ਕੇ ਚਿੰਤਾ ਵਿੱਚ ਡੁੱਬਿਆ ਹੋਇਆ ਹੈ, ਕੋਈ ਬਸ ਪੈਸਿਆਂ ਦਾ ਰੋਣਾ ਰੋ ਰਿਹਾ ਹੈ… ਕਿਉਂ ਨਹੀਂ ਅਸੀਂ ਆਪਣੀਆਂ ‘ਬਲੈੱਸਿੰਗਜ਼’ ਨੂੰ ਵੇਖ ਕੇ ਖੁਸ਼ ਹੁੰਦੇ…! ਕਿਉਂ ਨਹੀਂ ਅਸੀਂ ਢਿੱਡ-ਭਰ ਖਾਣਾ ਖਾ ਕੇ ਰੱਬ ਦਾ ਧੰਨਵਾਦ ਕਰਦੇ…! ਕਿਉਂ ਨਹੀਂ ਅਸੀਂ ਆਪਣੇ ਪਿਆਰੇ ਜਿਹੇ ਪਰਿਵਾਰ ਲਈ ਸ਼ੁਕਰਗੁਜ਼ਾਰ ਹੁੰਦੇ…!”

* ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.