ਕੋਟਕਪੂਰਾ ਵਿਖੇ ਥਾਣੇ ਦੇ ਨਾਲ ਲੱਗਦੀ ਪਾਰਕਿੰਗ ਫੀਸ ਵਸੂਲਣ ਖਿਲਾਫ ਸ਼ਹਿਰ ਵਾਸੀਆਂ ’ਚ ਗੁੱਸਾ
ਕੋਟਕਪੂਰਾ, 29 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਜੈਤੋ ਸੜਕ ’ਤੇ ਸਥਿਤ ਸਿਟੀ ਥਾਣੇ ਦੇ ਨਾਲ ਲੱਗਦੀ ਪਾਰਕਿੰੰਗ ’ਚ ਨਾਜਾਇਜ਼ ਵਸੂਲੀ ਖਿਲਾਫ ਲੋਕਾਂ ’ਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਸ਼ਹਿਰ ਵਾਸੀਆਂ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦਾ ਆਗੂ ਜਬਰੀ ਵਸੂਲੀ ਕਰ ਰਿਹਾ ਹੈ। ਉਧਰ ਕਾਂਗਰਸ ਨੇ ਜਬਰੀ ਵਸੂਲੀ ਖਿਲਾਫ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ। ਦੱਸਣਯੋਗ ਹੈ ਕਿ ਤਤਕਾਲੀ ਅਕਾਲੀ-ਭਾਜਪਾ ਗਠਜੋੜ ਦੇ ਕਾਰਜਕਾਲ ਦੌਰਾਨ ਇੱਥੇ 37 ਰੇਹੜੀ-ਫੜੀ ਵਾਲਿਆਂ ਨੂੰ ਉਜਾੜ ਕੇ ਇਸ ਜਗਾ ’ਤੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਮਾਰਕਿਟ ਬਣਾਉਣ ਦੀ ਯੋਜਨਾ ਬਣਾਈ ਗਈ ਸੀ। ਦੁਕਾਨਦਾਰਾਂ ਵਲੋਂ ਦਾਇਰ ਪਟੀਸ਼ਨ ’ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਸ ਉਸਾਰੀ ’ਤੇ ਰੋਕ ਲਾਉਂਦਿਆਂ ਜਗਾ ਨੂੰ ਜਿਉਂ ਦੀ ਤਿਉਂ ਰੱਖਣ ਦਾ ਆਦੇਸ਼ ਦਿੱਤਾ ਸੀ। ਤਤਕਾਲੀ ਕੈਪਟਨ ਸਰਕਾਰ ਦੌਰਾਨ ਪਾਰਕਿੰਗ ਦੀ ਘਾਟ ਹੋਣ ਕਰਕੇ ਇਸ ਜਗਾ ਨੂੰ ਮੁਫ਼ਤ ਪਾਰਕਿੰਗ ਵਜੋਂ ਵਰਤਿਆ ਜਾਣ ਲੱਗਿਆ। ਨਗਰ ਸੁਧਾਰ ਟਰਸਟ ਕੋਟਕਪੂਰਾ ਦੀ ਮਾਲਕੀ ਵਾਲੀ ਇਸ ਜਗਾ ’ਤੇ ਟਰਸਟ ਨੇ ਕੰਡਿਆਲੀ ਤਾਰ ਲਾ ਕੇ ਪਾਰਕਿੰਗ ਬੰਦ ਕਰ ਦਿੱਤੀ ਸੀ। ਉਸ ਸਮੇਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਖੁਦ ਪਲਾਸ ਨਾਲ ਇਨਾਂ ਤਾਰਾਂ ਨੂੰ ਕੱਟ ਕੇ ਪਾਰਕਿੰਗ ਆਮ ਲੋਕਾਂ ਲਈ ਖੋਲ ਦਿੱਤੀ ਸੀ। ਸਥਾਨਕ ਲੋਕਾਂ ਦੀ ਮੰਗ ਸੀ ਕਿ ਇਸ ਜਗਾ ਉੱਤੇ ਹਰ ਰੋਜ਼ 250-300 ਗੱਡੀਆਂ ਖੜਦੀਆਂ ਹਨ ਤੇ ਉਨਾਂ ਤੋਂ 10 ਰੁਪਏ ਪਾਰਕਿੰਗ ਪਰਚੀ ਵਸੂਲੀ ਜਾ ਰਹੀ ਹੈ ਅਤੇ ਪਾਰਕਿੰਗ ਦਾ ਸੁਧਾਰ ਕਰਕੇ ਇਸ ਦੀ ਕਾਨੂੰਨੀ ਪਰਚੀ ਲਾ ਦਿੱਤੀ ਜਾਵੇ। ਹਾਲਾਂਕਿ ਇਸ ਆਗੂ ਨੇ ਪਾਰਕਿੰਗ ’ਚ ਸੁਧਾਰ ਕੀਤੇ ਬਿਨਾਂ ਅਤੇ ਕੋਈ ਟੈਂਡਰ ਜਾਰੀ ਕੀਤੇ ਬਿਨਾਂ ਦੁੱਗਣੇ ਰੇਟ ’ਤੇ ਫੀਸ ਵਸੂਲਣੀ ਸ਼ੁਰੂ ਕਰ ਦਿੱਤੀ। ਪਾਰਿਕੰਗ ’ਚ ਮੌਜੂਦ ਕਰਮਚਾਰੀ ਨੇ ਦੱਸਿਆ ਕਿ ਉਹ ‘ਆਪ’ ਦੇ ਇੱਕ ਆਗੂ ਦੇ ਕਹਿਣ ’ਤੇ ਵਸੂਲੀ ਕਰ ਰਿਹਾ ਹੈ। ਇਸ ਸਬੰਧੀ ‘ਆਪ’ ਆਗੂ ਦੀਪਕ ਮੌਂਗਾ ਨੇ ਦੱਸਿਆ ਕਿ ਇਸ ਪਾਰਕਿੰਗ ਦੀ ਫਾਈਲ ਸਥਾਨਕ ਪ੍ਰਸ਼ਾਸਨ ਵਲੋਂ ਪੰਜਾਬ ਸਰਕਾਰ ਨੂੰ ਭੇਜੀ ਗਈ ਹੈ, ਜਿਸ ਤਹਿਤ ਹਰ ਸਾਲ 8 ਲੱਖ ਰੁਪਏ ਪਾਰਕਿੰਗ ਫੀਸ ਵਸੂਲੀ ਇਕੱਠੀ ਹੋਣੀ ਹੈ। ਸਾਡੇ ਵਲੋਂ ਹੁੁਣੇ ਤੋਂ ਹੀ ਵਸੂਲੀ ਸ਼ੁਰੂ ਕਰ ਦਿੱਤੀ ਗਈ ਹੈ। ਉੱਧਰ ਨਗਰ ਕੌਂਸਲ ਦੇ ਪ੍ਰਧਾਨ ਭੁਪਿੰਦਰ ਸਿੰਘ ਸੱਗੂ ਨੇ ਕਿਹਾ ਕਿ ਨਗਰ ਸੁਧਾਰ ਟਰੱਸਟ ਪੰਜਾਬ ਸਰਕਾਰ ਵੱਲੋਂ ਭੰਗ ਹੋਣ ਕਰਕੇ ਨਗਰ ਕੌਂਸਲ ਇਸ ਜਗਾ ਦੀ ਦੇਖ-ਰੇਖ ਕਰ ਰਹੀ ਹੈ। ਇਸ ਜਗਾ ’ਚ ਵਸੂਲੀ ਜਾ ਰਹੀ ਪਾਰਕਿੰਗ ਫੀਸ ਬਿਲਕੁਲ ਨਾਜਾਇਜ਼ ਅਤੇ ਗ਼ੈਰ-ਕਾਨੂੰਨੀ ਹੈ। ਉਹ ਇਸ ਸਬੰਧੀ ਕਾਨੂੰਨੀ ਕਾਰਵਾਈ ਕਰਨਗੇ। ਕਾਂਗਰਸ ਦੇ ਬਲਾਕ ਪ੍ਰਧਾਨ ਜੈ ਪ੍ਰਕਾਸ਼ ਸ਼ਰਮਾ ਨੇ ਕਿਹਾ ਕਿ ‘ਆਪ’ ਆਗੂ ਧੱਕੇਸ਼ਾਹੀ ਕਰ ਰਹੇ ਹਨ।