ਨਵਾਂ ਸ਼ਹਿਰ 21 ਫਰਵਰੀ: (ਵਰਲਡ ਪੰਜਾਬੀ ਟਾਈਮਜ਼)
ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਟਰੱਸਟ ਰਜਿ ਨਵਾਂ ਸ਼ਹਿਰ ਪਿਛਲੇ 18 ਸਾਲਾਂ ਤੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਅਤੇ ਵਿਚਾਰਧਾਰਾ ਦੇ ਪ੍ਰਚਾਰ ਪ੍ਰਸਾਰ ਹਿੱਤ ਕਾਰਜ ਕਰਦਾ ਆ ਰਿਹਾ ਹੈ। ਇਨ੍ਹਾਂ ਕਾਰਜਾਂ ਨੂੰ ਅਗਾਂਹ ਵਧਾਉਂਦੇ ਹੋਏ ਟਰੱਸਟ ਵੱਲੋਂ 28 ਫਰਵਰੀ ਦਿਨ ਬੁੱਧਵਾਰ ਨੂੰ ਹੋਟਲ ਅਨਮੋਲ ਪੈਲੇਸ ਬੰਗਾ ( ਸ਼ ਭ ਸ ਨਗਰ ) ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਸਨਮਾਨ ਸਮਾਰੋਹ ਦਾ ਅਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਵਿਦੇਸ਼ਾਂ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਦੇ ਪ੍ਰਚਾਰ ਪ੍ਰਸਾਰ ਹਿੱਤ ਕਾਰਜ ਕਰ ਰਹੀਆਂ ਵਿਸ਼ੇਸ਼ ਸਖਸ਼ੀਅਤਾਂ ਦਾ ਸਨਮਾਨ ਕੀਤਾ ਜਾਵੇਗਾ।
ਇਸ ਸਮਾਗਮ ਵਿੱਚ ਸ਼੍ਰੀ ਗੁਰੂ ਰਵਿਦਾਸ ਦਰਬਾਰ ਬੈਰਗਾਮੋ, ਇਟਲੀ ਦੀ ਟੀਮ ਵੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਵੇਗੀ ਜਿਹੜੀ ਕਿ ਦਰਬਾਰ ਵਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਦੇ ਪ੍ਰਸਾਰ ਲਈ ਕੀਤੇ ਗਏ ਵਿਸ਼ੇਸ਼ ਕਾਰਜਾਂ ਲਈ ਕੌਮ ਦੀਆਂ ਮਹਾਨ ਸ਼ਖ਼ਸੀਅਤਾਂ ਰਾਜ ਗੀਤਕਾਰ ਚੰਨ ਗੁਰਾਇਆਂ ਵਾਲਾ ਅਤੇ ਜਨਾਬ ਸੱਤ ਪਾਲ ਸਾਹਲੋਂ ਦੋਵਾਂ ਨੂੰ ਗੋਲਡ ਮੈਡਲਾਂ ਨਾਲ ਸਨਮਾਨਿਤ ਕਰੇਗੀ। ਗੌਰਤਲਬ ਹੈ ਕਿ ਸ਼੍ਰੀ ਗੁਰੂ ਰਵਿਦਾਸ ਦਰਬਾਰ ਬੈਰਗਾਮੋ, ਇਟਲੀ ਵਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਪੁਰਬ ਤੇ ਜਨਮ ਸਥਾਨ ਮੰਦਿਰ ਵਾਰਾਨਸੀ ਵਿਖੇ ਹਰਿ ਦੇ ਸੋਨੇ ਦੇ ਨਿਸ਼ਾਨ ਸਾਹਿਬ ਵੀ ਚੜ੍ਹਾਏ ਜਾਣਗੇ।
ਟਰੱਸਟ ਦੀ ਮੀਟਿੰਗ ਦੀ ਉਪਰੋਕਤ ਜਾਣਕਾਰੀ ਟਰੱਸਟ ਦੇ ਸਕੱਤਰ ਪਰਮਜੀਤ ਮਹਾਲੋਂ ਨੇ ਪ੍ਰੈੱਸ ਨੂੰ ਦਿੱਤੀ।