“ਸ਼੍ਰੀ ਸ਼ਿਵ ਮਹਾਂਪੁਰਾਣ ਨਾਲ ਹਰ ਸਮੱਸਿਆ ਦਾ ਹੱਲ, ਜੀਵਨ ਹੋ ਜਾਂਦਾ ਹੈ ਆਸਾਨ: ਪੰਡਿਤ ਪ੍ਰਦੀਪ ਮਿਸ਼ਰਾ
ਬਠਿੰਡਾ,5ਜਨਵਰੀ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਪੰਜਾਬੀਆਂ ਦੇ ਹਰਮਨ ਪਿਆਰੇ ਸ਼੍ਰੀ ਅਮਰਜੀਤ ਮਹਿਤਾ ਪਰਿਵਾਰ ਵੱਲੋਂ ਸ਼੍ਰੀ ਬਾਂਕੇ ਬਿਹਾਰੀ ਸੇਵਾ ਸੰਮਤੀ ਦੇ ਸਹਿਯੋਗ ਨਾਲ ਇਤਿਹਾਸਿਕ ਸ਼ਹਿਰ ਬਠਿੰਡਾ ਵਿਖੇ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ “ਸ਼੍ਰੀ ਸ਼ਿਵ ਮਹਾਂਪੁਰਾਣ ਕਥਾ” ਕਰਵਾਈ ਜਾ ਰਹੀ ਹੈ। ਅੱਜ “ਸ਼੍ਰੀ ਸ਼ਿਵ ਮਹਾਂਪੁਰਾਣ ਕਥਾ” ਦੇ ਦੂਜੇ ਦਿਨ ਪ੍ਰਸਿੱਧ ਅੰਤਰਰਾਸ਼ਟਰੀ ਕਥਾਵਾਚਕ ਭਾਗਵਤ ਭੂਸ਼ਣ ਪੰਡਿਤ ਪ੍ਰਦੀਪ ਮਿਸ਼ਰਾ ਨੇ ਬਠਿੰਡਾ ਦੇ ਖੇਡ ਸਟੇਡੀਅਮ ਵਿਖੇ ਆਪਣੀ ਸੁਰੀਲੀ ਆਵਾਜ਼ ਵਿੱਚ ਗਾਏ ਭਜਨਾਂ ‘ਤੇ ਸੰਗਤਾਂ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ। ਇਸ ਦੌਰਾਨ ਧਾਰਮਿਕ ਸਮਾਗਮ ਦੇ ਮੁੱਖ ਪ੍ਰਬੰਧਕ ਸ਼੍ਰੀ ਅਮਰਜੀਤ ਮਹਿਤਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਨੱਚਣ ਤੋਂ ਆਪਣੇ ਆਪ ਨੂੰ ਰੋਕ ਨਾ ਸਕੇ। ਇਸ ਦੌਰਾਨ ਪੂਰਾ ਪੰਡਾਲ ਹਰ ਹਰ ਮਹਾਦੇਵ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਸ਼੍ਰੀ ਅਮਰਜੀਤ ਮਹਿਤਾ ਆਪਣੇ ਪਰਿਵਾਰ ਅਤੇ ਸ਼੍ਰੀ ਬਾਂਕੇ ਬਿਹਾਰੀ ਸੇਵਾ ਸੰਮਤੀ ਦੇ ਮੈਂਬਰਾਂ ਦੇ ਨਾਲ “ਸ਼੍ਰੀ ਸ਼ਿਵ ਮਹਾਂਪੁਰਾਣ ਕਥਾ” ਵਿੱਚ ਇੰਨੇ ਮਗਨ ਹੋਏ ਕਿ ਉਨ੍ਹਾਂ ਨੇ ਭਗਵਾਨ ਮਹਾਕਾਲ ਦੇ ਸੁੰਦਰ ਅਤੇ ਮਨਮੋਹਕ ਭਜਨਾਂ ‘ਤੇ ਜੋਸ਼ ਨਾਲ ਨੱਚਦਿਆਂ ਆਪਣੇ ਆਪ ਨੂੰ “ਸ਼੍ਰੀ ਸ਼ਿਵ ਮਹਾਂਪੁਰਾਣ ਕਥਾ” ਨੂੰ ਪੂਰੀ ਤਰ੍ਹਾਂ ਸਮਰਪਿਤ ਕਰ ਦਿੱਤਾ। ਸ਼ਰਧਾਲੂਆਂ ਦੇ ਨੱਚਣ ਨਾਲ ਧਰਤੀ ਮਾਂ ਵੀ ਭਗਵਾਨ ਸ਼ਿਵ ਵਿੱਚ ਮਗਨ ਹੋ ਕੇ ਨੱਚਦੀ ਨਜ਼ਰ ਆਈ। ਇਸ ਦੌਰਾਨ “ਸ਼੍ਰੀ ਸ਼ਿਵ ਮਹਾਂਪੁਰਾਣ ਕਥਾ” ਦਾ ਗਾਇਨ ਕਰਦੇ ਹੋਏ ਪੰਡਿਤ ਪ੍ਰਦੀਪ ਮਿਸ਼ਰਾ ਨੇ ਕਿਹਾ ਕਿ ਸ਼ਿਵ ਹੀ ਸੱਚ ਹੈ ਅਤੇ ਜੇਕਰ ਕੋਈ ਵਿਅਕਤੀ ਭਗਵਾਨ ਸ਼ਿਵ ਨੂੰ ਸਮਰਪਿਤ ਹੋ ਜਾਵੇ, ਤਾਂ ਉਸ ਨੂੰ ਹਰ ਸਮੱਸਿਆ ਦਾ ਹੱਲ ਮਿਲ ਜਾਂਦਾ ਹੈ ਅਤੇ ਉਸ ਦਾ ਜੀਵਨ ਸੁਖਾਲਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ “ਸ਼੍ਰੀ ਸ਼ਿਵ ਮਹਾਂਪੁਰਾਣ ਦੀ ਕਥਾ” ਹੀ ਜੀਵਨ ਦਾ ਅਸਲ ਸਾਰ ਹੈ ਅਤੇ ਇਸ ਕਥਾ ਨੂੰ ਸੁਣਨ ਵਾਲੇ ਨੂੰ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ। ਵਰਨਣਯੋਗ ਹੈ ਕਿ ”ਸ਼੍ਰੀ ਸ਼ਿਵ ਮਹਾਂਪੁਰਾਣ ਕਥਾ” 10 ਜਨਵਰੀ ਤੱਕ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਚੱਲੇਗੀ। “ਸ਼੍ਰੀ ਸ਼ਿਵ ਮਹਾਂਪੁਰਾਣ ਕਥਾ” ਪ੍ਰਤੀ ਸ਼ਰਧਾਲੂਆਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਦੇਸ਼ ਭਰ ‘ਚੋਂ ਲੱਖਾਂ ਦੀ ਗਿਣਤੀ ‘ਚ ਸ਼ਰਧਾਲੂ ਰੋਜ਼ਾਨਾ “ਸ਼੍ਰੀ ਸ਼ਿਵ ਮਹਾਂਪੁਰਾਣ ਕਥਾ” ਸੁਣਨ ਲਈ ਬਠਿੰਡਾ ਦੇ ਖੇਡ ਸਟੇਡੀਅਮ ‘ਚ ਪਹੁੰਚ ਰਹੇ ਹਨ। ਸ਼੍ਰੀ ਅਮਰਜੀਤ ਮਹਿਤਾ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ 10 ਜਨਵਰੀ ਤੱਕ ਸ਼ਾਂਤਮਈ ਢੰਗ ਨਾਲ ”ਸ਼੍ਰੀ ਸ਼ਿਵ ਮਹਾਂਪੁਰਾਣ ਕਥਾ” ਸੁਣਨ ਅਤੇ ਇਸ ਨੂੰ ਆਪਣੇ ਜੀਵਨ ‘ਚ ਅਪਣਾਉਣ, ਤਾਂ ਜੋ ਸਮਾਜ ‘ਚੋਂ ਬੁਰਾਈਆਂ ਨੂੰ ਖਤਮ ਕੀਤਾ ਜਾ ਸਕੇ ਅਤੇ ਖੁਸ਼ਹਾਲੀ ਲਿਆਂਦੀ ਜਾ ਸਕੇ। ਉਨ੍ਹਾਂ ਸਮੁੱਚੇ ਮੀਡੀਆ ਭਾਈਚਾਰੇ ਦਾ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ “ਸ਼੍ਰੀ ਸ਼ਿਵ ਮਹਾਂਪੁਰਾਣ ਕਥਾ” ਨੂੰ ਸੁਚੱਜੇ ਢੰਗ ਨਾਲ ਕਰਵਾਉਣ ਵਿੱਚ ਮੀਡੀਆ ਭਾਈਚਾਰੇ ਦੀ ਅਹਿਮ ਭੂਮਿਕਾ ਹੈ ਅਤੇ ਉਹ ਸਮੁੱਚੇ ਮੀਡੀਆ ਭਾਈਚਾਰੇ ਨੂੰ ਅਪੀਲ ਕਰਦੇ ਹਨ ਕਿ ਉਹ “ਸ਼੍ਰੀ ਸ਼ਿਵ ਮਹਾਂਪੁਰਾਣ ਕਥਾ” ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਨੂੰ ਯਕੀਨੀ ਬਣਾਉਣ ਅਤੇ 10 ਜਨਵਰੀ ਤੱਕ ਕਥਾ ਨੂੰ ਪੂਰਾ ਕਰਵਾਉਣ ਵਿੱਚ ਆਪਣਾ ਵੱਡਮੁੱਲਾ ਸਹਿਯੋਗ ਦੇਣ।
Leave a Comment
Your email address will not be published. Required fields are marked with *