ਕੋਟਕਪੂਰਾ, 14 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਮੁਲਾਜਮ ਤੇ ਪੈਨਸਨਰਜ ਸਾਂਝਾ ਫਰੰਟ ਵੱਲੋਂ ਉਲੀਕੇ ਗਏ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਅੱਜ ਸਥਾਨਕ ਪੈਨਸਨਰ ਭਵਨ ਵਿਖੇ ਮੁਲਾਜਮ ਤੇ ਪੈਨਸਨਰ ਆਗੂ ਪ੍ਰੇਮ ਚਾਵਲਾ, ਇੰਦਰਜੀਤ ਸਿੰਘ ਖੀਵਾ ਤੇ ਜਤਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਮੀਟਿੰਗ ਦੇ ਸ਼ੁਰੂ ਵਿੱਚ ਪੰਜਾਬੀ ਦੇ ਨਾਮਵਰ ਕਵੀ ਪਦਮਸ਼੍ਰੀ ਐਵਾਰਡ ਵਿਜੇਤਾ ਸੁਰਜੀਤ ਪਾਤਰ ਜੀ ਦੇ ਵਿਛੋੜੇ ’ਤੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਮੁਲਾਜਮ ਆਗੂ ਵੀਰਇੰਦਰਜੀਤ ਸਿੰਘ ਪੂਰੀ, ਜਗਤਾਰ ਸਿੰਘ ਗਿੱਲ, ਕੁਲਵੰਤ ਸਿੰਘ ਚਾਨੀ, ਬਲਵਿੰਦਰ ਰਾਮ ਸ਼ਰਮਾ, ਇੰਦਰਜੀਤ ਸਿੰਘ ਗਿੱਲ, ਬਲਕਾਰ ਸਿੰਘ ਸਹੋਤਾ, ਪਿ੍ਰੰਸੀਪਲ ਕਿ੍ਰਸ਼ਨ ਲਾਲ ਤੇ ਗੁਰਦੀਪ ਸਿੰਘ ਜੈਤੋ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਸਮੂਹ ਮੁਲਾਜਮਾਂ ਤੇ ਪੈਨਸਨਰਾਂ ਦੀਆਂ ਹੱਕੀ ਅਤੇ ਜਾਇਜ ਮੰਗਾਂ ਪ੍ਰਵਾਨ ਕਰਨ ਵੱਲ ਧਿਆਨ ਨਾ ਦੇ ਕੇ ਮੁਲਾਜਮ ਤੇ ਪੈਨਸਨਰ ਵਰਗ ਨਾਲ ਇਨਸਾਫ ਨਹੀਂ ਕੀਤਾ। ਆਗੂਆਂ ਨੇ ਅੱਗੇ ਕਿਹਾ ਕਿ ਲੋਕਾਂ ਦੀ ਮੁੱਖ ਲੜਾਈ ਕੇਂਦਰੀ ਹੁਕਮਰਾਨ ਭਾਜਪਾ ਦੀਆਂ ਲੋਕਵਿਰੋਧੀ ਨੀਤੀਆਂ ਦੇ ਖਿਲਾਫ ਹੈ ਪਰ ਅਫਸੋਸ ਇਹ ਹੈ ਕਿ ਆਮ ਆਦਮੀ ਪਾਰਟੀ ਵੀ ਅਜਿਹਾ ਲੋਕਵਿਰੋਧੀ ਵਤੀਰਾ ਅਪਣਾਕੇ ਇਸੇ ਰਾਹ ਤੇ ਚੱਲ ਰਹੀ ਹੈ। ਭਗਵੰਤ ਮਾਨ ਸਰਕਾਰ ਵਲੋਂ ਮੁਲਾਜਮ ਤੇ ਪੈਨਸ਼ਨਰ ਮੰਗਾਂ ਪ੍ਰਤੀ ਅਪਣਾਈ ਜਾ ਰਹੀ ਬੇਰੁਖੀ ਕਾਰਨ ਮੁਲਾਜਮ ਅਤੇ ਪੈਨਸ਼ਨਰ ਇਸ ਸਮੇਂ ਕੇਂਦਰ ਸਰਕਾਰ ਦੇ ਮੁਲਾਜਮਾਂ ਨਾਲੋਂ 12 ਫੀਸਦੀ ਡੀ.ਏ. ਘੱਟ ਲੈ ਰਹੇ ਹਨ, ਪੈਨਸ਼ਨਰਾਂ ਲਈ 2.59 ਦਾ ਗੁਣਾਕ ਲਾਗੂ ਕਰਨ, ਪਿਛਲੀ ਕਾਂਗਰਸ ਸਰਕਾਰ ਵੱਲੋਂ ਮੁਲਾਜਮਾਂ ਦੇ ਖੋਹੇ ਗਏ 37 ਭੱਤੇ ਬਹਾਲ ਕਰਨ, ਪੁਰਾਣੀ ਪੈਨਸਨ 1972 ਦੇ ਨਿਯਮਾਂ ਅਨੁਸਾਰ ਲਾਗੂ ਕਰਨ, ਹਰ ਤਰਾਂ ਦੇ ਕੱਚੇ, ਠੇਕਾ, ਆਊਟ ਸੋਰਸ ਮੁਲਾਜਮਾਂ ਅਤੇ ਸਕੀਮ ਵਰਕਰਾਂ ਨੂੰ ਰੈਗੂਲਰ ਕਰਨ ਅਤੇ ਘੱਟੋ ਘੱਟ ਉਜਰਤ 26000 ਰੁਪਏ ਦੇਣ, ਛੇਵੇਂ ਪੇਅ ਕਮਿਸ਼ਨ ਦੇ ਸਾਢੇ ਪੰਜ ਸਾਲ ਦੇ ਬਣਦੇ ਬਕਾਏ ਅਤੇ ਸੋਧੀ ਹੋਈ ਲੀਵ ਇਨਕੈਸਮੈਂਟ ਦਾ ਲਾਭ ਦੇਣ, ਪਰਖ ਕਾਲ ਦੇ ਸਮੇਂ ਦੌਰਾਨ ਘੱਟ ਤਨਖਾਹਾਂ ਦੇਣ ਸਬੰਧੀ 15 ਜਨਵਰੀ 2015 ਦਾ ਪੱਤਰ ਰੱਦ ਕਰਨ ਸਬੰਧੀ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਫੈਸਲਾ ਲਾਗੂ ਕਰਨ, ਕੇਂਦਰੀ ਪੈਟਰਨ ਅਨੁਸਾਰ ਤਨਖਾਹਾਂ ਦੇਣ ਸਬੰਧੀ 17ਜੁਲਾਈ 2020 ਦਾ ਪੱਤਰ ਰੱਦ ਕਰਨ ਸਮੇਤ ਸਾਰੀਆਂ ਲਟਕਦੀਆਂ ਮੰਗਾਂ ਦਾ ਨਿਪਟਾਰਾ ਕਰਨ ਵਿੱਚ ਭਗਵੰਤ ਮਾਨ ਸਰਕਾਰ ਬੁਰੀ ਤਰ੍ਹਾਂ ਫੇਲ ਹੋਈ ਹੈ। ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ 21 ਮਈ ਨੂੰ ਸਵੇਰੇ 10:00 ਵਜੇ ਡਿਪਟੀ ਕਮਿਸਨਰ ਫਰੀਦਕੋਟ ਦੇ ਦਫਤਰ ਮਿੰਨੀ ਸਕੱਤਰੇਤ ਸਾਹਮਣੇ ਜਾਮਨਾ ਹੇਠ ਰੋਸ ਰੈਲੀ ਕਰਨ ਤੋਂ ਬਾਅਦ ਫਰੀਦਕੋਟ ਸਹਿਰ ਦੇ ਬਾਜਾਰਾਂ ’ਚ ਰੋਸ ਮੁਜਾਹਰਾ ਕੀਤਾ ਜਾਵੇਗਾ। ਇਸ ਤੋਂ ਇਲਾਵਾ 1 ਜੂਨ ਨੂੰ ਪੰਜਾਬ ਵਿੱਚ ਹੋ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੇ ਲੱਖਾ ਮੁਲਾਜਮ ਅਤੇ ਪੈਨਸਨਰ ਭਾਜਪਾ ਨੂੰ ਹਰਾਉਣ ਅਤੇ ਆਮ ਆਦਮੀ ਪਾਰਟੀ ਨੂੰ ਸਬਕ ਸਿਖਾਉਣ ਲਈ ਮਜਬੂਰ ਹੋਣਗੇ। ਇਸ ਮੌਕੇ ਹੋਰਨਾਂ ਤੋ ਇਲਾਵਾ ਜੋਤੀ ਪ੍ਰਕਾਸ, ਚਿਤਰੰਜਨ ਗਾਭਾ, ਬਿਸਨ ਦਾਸ ਅਰੋੜਾ, ਸੁਖਦਰਸਨ ਸਿੰਘ, ਬਲਵੰਤ ਰਾਏ ਗੱਖੜ, ਅਮਰਜੀਤ ਸਿੰਘ ਵਾਲੀਆ, ਮਨੋਹਰ ਸਿੰਘ ਧੁੰਨਾ, ਬਲਵਿੰਦਰ ਸਿੰਘ ਮੱਤਾ ਸੁਪਰਡੈਂਟ ਤੇ ਪਿ੍ਰੰਸੀਪਲ ਜੋਗਿੰਦਰ ਸਿੰਘ ਆਦਿ ਸਾਮਿਲ ਸਨ।
Leave a Comment
Your email address will not be published. Required fields are marked with *