ਸਾਕਾ ਮਾਲੇਰਕੋਟਲਾ ਜਿਸ ਵਿੱਚ ਅੰਗਰੇਜ਼ ਸਰਕਾਰ ਨੇ ਆਜ਼ਾਦੀ ਸੰਗਰਾਮ ਦੇ ਪਹਿਲੇ ਸੰਘਰਸ਼ ਦੇ ਮੋਢੀ ਸਤਿਗੁਰੂ ਰਾਮ ਸਿੰਘ ਦੀ ਅਗਵਾਈ ‘ਚ ਉੱਠੇ ਕੂਕਾ ਅੰਦੋਲਨ ਨੂੰ ਦਬਾਉਣ ਲਈ 17 ਜਨਵਰੀ 1872 ਈਸਵੀ ਨੂੰ 9 ਤੋਪਾਂ ਨਾਲ ਹਰੇਕ ਵਾਰੀ 7 ਤੋਪਾਂ ਨਾਲ 7 ਕਿਸ਼ਤਾਂ ਵਿੱਚ 7-7 ਸਿੰਘਾਂ ਨੂੰ ਬਿਨਾਂ ਮੁਕੱਦਮਾ ਚਲਾਏ ਤੋਪਾਂ ਨਾਲ ਉਡਾ ਦਿੱਤਾ ਗਿਆ।
ਭਾਵੇਂ ਕਮਿਸ਼ਨਰ ਫੋਰਸਾਈਬ ਨੇ ਇਸ ਨੂੰ ਕਿਹਾ ਸੀ ਕਿ ਮੇਰੇ ਆਉਣ ਤੱਕ ਰੁਕ ਜਾਉ,ਪਰ ਡਿਪਟੀ ਕਮਿਸ਼ਨਰ ਲੁਧਿਆਣਾ ਐਲ. ਕਾਵਨ ਨੇ ਇਸ ਦੀ ਪ੍ਰਵਾਹ ਨਹੀਂ ਕੀਤੀ। ਇਨ੍ਹਾਂ ਸਿੰਘਾਂ ਵਿੱਚ ਭਾਰਤ ਦੀ ਆਜ਼ਾਦੀ ਲਈ ਕੁਰਬਾਨ ਹੋਣ ਦਾ ਏਨਾ ਜਜ਼ਬਾ ਸੀ ਕਿ ਇਕ-ਦੂਸਰੇ ਨਾਲੋਂ ਮੂਹਰੇ ਹੋ-ਹੋ, ਭੱਜ-ਭੱਜ ਕੇ ਤੋਪਾਂ ਅੱਗੇ ਉੱਡਣ ਲਈ ਤਤਪਰ ਸਨ।
ਸ਼ਹੀਦ ਭਗਤ ਸਿੰਘ ਨੇ ਆਪਣੇ ਇੱਕ ਲੇਖ”ਮਹਾਨ ਕੂਕਾ ਲਹਿਰ” ਵਿੱਚ ਲਿਖਿਆ ਹੈ ਕਿ
“ਉਹ ਤਾਂ ਤੋਪਾਂ ਸਾਹਮਣੇ ਵੀ ਹੱਸਦੇ ਸਨ। ਉਹ ਆਨੰਦ ਨਾਲ ‘ਸਤਿ ਸ੍ਰੀ ਅਕਾਲ’ ਦੇ ਆਕਾਸ਼-ਗੁੰਜਾਊ ਨਾਅਰਿਆਂ ਨਾਲ ਆਕਾਸ਼-ਪਾਤਾਲ ਇੱਕ ਕਰ ਦਿੰਦੇ ਸਨ। ਅਸੀਂ ਸਮਝਦੇ ਹਾਂ ਕਿ ਦੇਸ਼ ਵਾਸਤੇ ਨਿਸ਼ਕਾਮ ਭਾਵ ਨਾਲ ਮਰ-ਮਿਟਣ ਵਾਲੇ ਲੋਕਾਂ ਨੂੰ ਭੁਲਾ ਦੇਣਾ ਬਹੁਤ ਵੱਡੀ ਅਹਿਸਾਨ-ਫਰਾਮੋਸ਼ੀ ਹੋਵੇਗੀ। ਅਸੀਂ ਉਨ੍ਹਾਂ ਦੀ ਯਾਦ ਵਿੱਚ ਬਹੁਤ ਵੱਡਾ ਥੰਮ੍ਹ ਨਹੀਂ ਖੜ੍ਹਾ ਕਰ ਸਕਦੇ ਤਾਂ ਆਪਣੇ ਦਿਲ ਵਿੱਚ ਥਾਂ ਦੇਣੋਂ ਕਿਉਂ ਝਿਜਕੀਏ?… ਕੀ ਉਹ ਭੁਲਾਉਣ-ਯੋਗ ਹਨ?”
ਇਨ੍ਹਾਂ ਕੂਕੇ ਬਾਗੀਆਂ ਨੂੰ ਤੋਪ ਨਾਲ ਉਡਾਉਣ ਦਾ ਹੁਕਮ ਦੇਣ ਵਾਲੇ ਜ਼ਾਲਮ ਡਿਪਟੀ ਕਮਿਸ਼ਨਰ ਐੱਲ. ਕਾਵਨ ਦੀ ਟਿਪਣੀ ਵੀ ਪੜ੍ਹਨ ਯੋਗ ਹੈ।
“ਇਨ੍ਹਾਂ ਕੈਦੀਆਂ ਦਾ ਵਤੀਰਾ ਬਹੁਤ ਹੀ ਨਿਡਰਤਾ ਭਰਿਆ ਅਤੇ ਹਾਕਮਾਂ ਤੋਂ ਨਾ ਡਰਨ ਵਾਲਾ ਹੈ। ਉਹ ਅੰਗਰੇਜ਼ੀ ਸਰਕਾਰ ਅਤੇ ਦੇਸੀ ਰਾਜਿਆਂ ਨੂੰ ਗਾਲ੍ਹਾਂ ਕੱਢਦੇ ਹਨ। ਉਨ੍ਹਾਂ ਦਾ ਮਨੋਰਥ ਅੰਗਰੇਜ਼ੀ ਰਾਜ ਨੂੰ ਖਤਮ ਕਰਨਾ ਹੈ।”
ਕਮਿਸ਼ਨਰ ਫੋਰਸਾਈਥ 18 ਜਨਵਰੀ ਨੂੰ ਮਾਲੇਰਕੋਟਲੇ ਪਹੁੰਚ ਗਿਆ। ਉਸ ਨੇ ਬਾਕੀ ਰਹਿੰਦੇ 17 ਸਿੰਘਾਂ ’ਤੇ ਮੁਕੱਦਮੇ ਦੀ ਕਾਰਵਾਈ ਪਾ ਕੇ ਉਵੇਂ ਹੀ ਤੋਪਾਂ ਨਾਲ ਸ਼ਹੀਦ ਕਰ ਦਿੱਤਾ। ਅੰਗਰੇਜ਼ ਅਫ਼ਸਰ ਡਿਪਟੀ ਕਮਿਸ਼ਨਰ ਐਲ. ਕਾਵਨ ਨੇ ਪਹਿਲਾਂ ਇਹ ਨੀਤੀ ਤੈਅ ਕੀਤੀ ਸੀ ਕਿ ਬਾਗੀਆਂ ਨੂੰ ਤੋਪਾਂ ਅੱਗੇ ਪਿੱਠ ਕਰਕੇ ਬੰਨ੍ਹ ਕੇ ਸ਼ਹੀਦ ਕੀਤਾ ਜਾਵੇਗਾ ਪਰ ਕੂਕੇ ਸਿੰਘਾਂ ਨੇ ਆਖਿਆ ਸੀ ਕਿ ਅਸੀਂ ਛਾਤੀਆਂ ਤਾਣ ਕੇ ਖ਼ੁਦ ਤੋਪਾਂ ਅੱਗੇ ਖਲੋ ਕੇ ਸ਼ਹੀਦ ਹੋਵਾਂਗੇ। ਅਸੀਂ ਦੇਸ਼ ਦੀ ਆਜ਼ਾਦੀ ਲਈ ਸ਼ਹੀਦ ਹੋਣ ਆਏ ਹਾਂ।
ਸਾਨੂੰ ਬੰਨ੍ਹਣ ਦੀ ਕੋਈ ਲੋੜ ਨਹੀਂ।
ਉਨ੍ਹਾਂ ੬੬ ਕੂਕੇ ਸ਼ਹੀਦਾਂ ਨੂੰ ਚਿਤਵਦਿਆਂ ਇਹ ਨਿੱਕੀ ਜਹੀ ਕਵਿਤਾ ਤੁਹਾਡੇ ਸਨਮੁਖ ਹਾਜ਼ਰ ਹੈ।
ਅਗਨ ਤੇ ਲਗਨ ਦੀਆਂ
ਛਿਆਹਠ ਮੋਮਬੱਤੀਆਂ
ਬਲਦੀਆਂ
ਮਲੇਰਕੋਟਲੇ ਦੇ ਰੱਕੜ ’ਚ
ਨਿਰੰਤਰ ਜਗਦੀਆਂ ਮਘਦੀਆਂ ।
ਫਰੰਗੀ ਹਕੂਮਤ ਨੂੰ ਵੰਗਾਰਦੀਆਂ, ਜੈਕਾਰੇ ਗੁੰਜਾਰਦੀਆਂ ।
ਜੋ ਬੋਲੇ ਸੋ ਨਿਹਾਲ ਬੁਲਾਉਂਦੀਆਂ ।
ਕੂਕ ਕੂਕ ਸਮਝਾਉਂਦੀਆਂ ।
ਤਾਜ ਦੀ ਦਾੜ੍ਹੀ ਨੂੰ ਹੱਥ ਪਾਉਂਦੀਆਂ ।
ਤੇ ਉੱਚੀ ਉੱਚੀ ਸੁਣਾਉਂਦੀਆਂ ।
ਝੱਖੜ ’ਚ
ਬਲ਼ਦੀਆਂ ਮੋਮਬੱਤੀਆਂ
ਕੂਕਦੀਆਂ
ਬਿੱਲਿਆ!
ਇਹ ਵਤਨ ਸਾਡਾ ਹੈ ।
ਅਸੀਂ ਹਾਂ ਇਹਦੇ ਸਾਈਂ ।
ਇਸ ਤੋਂ ਤੇਰੇ ਜਹੀਆਂ ਦੂਰ ਬਲਾਈਂ ।
ਵੇਖਦਿਆਂ ਹੀ ਵੇਖਦਿਆਂ
ਤੋਪ ਚੱਲੀ
ਧਰਤ ਹੱਲੀ
ਸੰਭਲੀ ਤੇ ਬੋਲੀ,
ਬੱਸ! ਏਨਾ ਹੀ ਕੰਮ ਸੀ ਤੇਰਾ ।
ਹੋਰ ਚਲਾ ਲੈ ਅਸਲਾ ਬਾਰੂਦ ।
ਮੈਂ ਇਨ੍ਹਾਂ ਦੀ ਰੱਤ ਸੰਭਾਲਾਂਗੀ ।
ਇਤਿਹਾਸ ਪੁੱਛੇਗਾ ਤਾਂ ਦੱਸਾਂਗੀ ।
ਕੂਕੇ ਕੂਕ ਕੂਕ ਬੋਲੇ,
ਅਡੋਲ ਰਹੇ,
ਕਦਮ ਨਾ ਡੋਲੇ ।
ਪੌਣਾਂ ’ਚ ਘੁਲ ਗਏ ਜੈਕਾਰੇ ।
ਦਸਮੇਸ਼ ਦੇ ਪਿਆਰੇ,
ਬਾਬਾ ਰਾਮ ਸਿੰਘ ਦੇ ਮਾਰਗਪੰਥੀ ।
ਗਊ ਗਰੀਬ ਰਖਵਾਲੇ
ਮਸਤ ਮਸਤ ਮਸਤਾਨੇ
ਰੰਗ ਰੱਤੜੇ ਮਤਵਾਲੇ ।
ਕਣ ਕਣ ਕਰੇ ਉਜਾਲੇ ।
ਗੁਰੂ ਰੰਗ ਰੱਤੀਆਂ
ਅੱਜ ਵੀ ਜਗਦੀਆਂ
ਇੱਕੋ ਥਾਂ ਨਿਰੰਤਰ
ਮਘਦੀਆਂ ਛਿਆਹਠ ਮੋਮਬੱਤੀਆਂ।
🔹ਗੁਰਭਜਨ ਗਿੱਲ
Leave a Comment
Your email address will not be published. Required fields are marked with *