ਸਰੀਰਦਾਨੀ ਨਾਮਮਦੇਵ ਭੂਟਾਲ ਨਮਿੱਤ ਸ਼ਰਧਾਂਜਲੀ ਸਮਾਗਮ 17 ਦਸੰਬਰ ਨੂੰ 11 ਵਜੇ ਤੋਂ 2 ਵਜੇ ਤੱਕ ਜੀ਼ ਪੀ਼ ਐਫ਼ ਕੰਪਲੈਕਸ ਲਹਿਰਾਗਾਗਾ ਵਿਖੇ
ਨਾਮਦੇਵ ਭੂਟਾਲ ਨੇ ਜਿਉਂਦੇ ਜੀਅ
ਜੀਵਨ ਲੋਕਾਂ ਲੇਖੇ ਲਾਇਆ,ਮਰ ਕੇ ਲਾਇਆ ਖੋਜਾਂ ਲੇਖੇ

ਸੰਗਰੂਰ 13 ਦਸੰਬਰ : (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼)
ਪਿਛਲੇ ਦਿਨੀਂ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਆਗੂ ਅਤੇ ਲੋਕ ਲਹਿਰਾਂ ਵਿੱਚ ਜਵਾਨੀ ਸਮੇਂ ਤੋਂ ਸਰਗਰਮ ਕਾਰਕੁੰਨ ਵਿਗਿਆਨਕ ਵਿਚਾਰਾਂ ਦੇ ਮਾਲਕ ਸਾਥੀ ਨਾਮਦੇਵ ਸਿੰਘ ਭੂਟਾਲ ਦੇ ਦੇਹਾਂਤ ਤੇ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦੇ ਆਗੂਆਂ ਮਾਸਟਰ ਪਰਮਵੇਦ, ਕ੍ਰਿਸ਼ਨ ਸਿੰਘ, ਸੀਤਾ ਰਾਮ ਬਾਲਦ ਕਲਾਂ , ਪ੍ਰਹਿਲਾਦ ਸਿੰਘ,ਮਾਸਟਰ ਰਣਬੀਰ ਸਿੰਘ(ਪ੍ਰਿੰਸ) , ਲੈਕਚਰਾਰ ਜਸਦੇਵ ਸਿੰਘ, ਗੁਰਜੰਟ ਸਿੰਘ , ਸੁਖਦੇਵ ਸਿੰਘ ਕਿਸ਼ਨਗੜ੍ਹ ਤੇ ਪਰਮਿੰਦਰ ਸਿੰਘ ਮਹਿਲਾਂ ਨੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਪਰਿਵਾਰ ਦੇ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਆਗੂਆਂ ਕਿਹਾ ਕਿ ਪਰਿਵਾਰ ਵੱਲੋਂ ਉਨ੍ਹਾਂ ਦੀ ਇੱਛਾ ਅਨੁਸਾਰ ਮ੍ਰਿਤਕ ਸਰੀਰ ਨੂੰ ਮੈਡੀਕਲ ਖੋਜ ਕਾਰਜਾਂ ਲਈ ਪ੍ਰਦਾਨ ਕਰਨਾ ਜਿੱਥੇ ਸਮਾਜ ਪ੍ਰਤੀ ਪ੍ਰਤੀਬੱਧਤਾ ਦਰਸਾਉਂਦਾ ਹੈ ਉਥੇ ਅੰਧ ਵਿਸ਼ਵਾਸੀ ਕਰਮਕਾਂਡ,ਗੈਰ ਵਿਗਿਆਨਿਕ ਵਿਚਾਰਧਾਰਾ ਫੈਲਾ ਰਹੀਆਂ ਤਾਕਤਾਂ ਦੇ ਅਜੰਡੇ ਨੂੰ ਵੀ ਭਾਰੀ ਸੱਟ ਮਾਰਦਾ ਹੈ ।ਮੌਜੂਦਾ ਦੌਰ ਜਦੋਂ ਰਾਜ ਦੀ ਸ਼ਹਿ ਤੇ ਫਿਰਕਾਪ੍ਰਸਤ, ਫਾਸ਼ੀਵਾਦੀ ਤਾਕਤਾਂ ਸਮਾਜ ਵਿਚ ਲੋਕਾਂ ਨੂੰ ਲਾਈਲੱਗ ਬਣਾ ਕਿਸਮਤ ਦੇ ਸਹਾਰੇ ਛੱਡ ਕੇ ਲੋਕਤੰਤਰ ਦਾ ਘਾਣ ਕਰਨ ਤੇ ਤੁਲੀਆਂ ਹੋਣ ਤਾਂ ਉਸ ਸਮੇਂ ਅਜਿਹੇ ਸੁਹਿਰਦ ਸਾਥੀ ਦਾ ਕਾਫਲੇ ਵਿੱਚੋਂ ਵਿਛੜਨਾ ਕਾਫੀ ਤਕਲੀਫ਼ਦੇਹ ਅਤੇ ਵੱਡਾ ਘਾਟਾ ਹੈ। ਮੀਟਿੰਗ ਦੌਰਾਨ ਸ਼ਰਧਾਂਜਲੀ ਭੇਟ ਕਰਦਿਆਂ ਤਰਕਸ਼ੀਲ ਆਗੂਆਂ ਨੇ ਉਨ੍ਹਾਂ ਦੀ ਯਾਦ ਵਿੱਚ ਇੱਕ ਮਿੰਟ ਦਾ ਮੋਨ ਧਾਰਨ ਉਪਰੋਕਤ
ਕਿਹਾ ਕਿ ਨਾਮਵਰ ਸ਼ਖ਼ਸੀਅਤ ਨਾਮਦੇਵ ਭੂਟਾਲ ਨੇ ਜਿਉਂਦੇ ਜੀਅ ਆਪਣਾ ਜੀਵਨ ਲੋਕਾਂ ਲੇਖੇ ਲਾਇਆ ਤੇ ਮਰਨ ਉਪਰੰਤ ਖੋਜਾਂ ਲੇਖੇ ਲਾ ਦਿੱਤਾ। ਸਰੀਰਦਾਨੀ ਨਾਮਦੇਵ ਭੁਟਾਲ ਨੇ ਆਪਣੀ ਚੜਦੀ ਜਵਾਨੀ ਦੇ ਸਮੇਂ ਤੋਂ ਹੀ ਆਪਣੇ ਆਪ ਨੂੰ ਲੋਕਾਂ ਲਈ ਸਮਰਪਿਤ ਕਰ ਦਿੱਤਾ ਸੀ। 70ਵਿਆਂ ਦੇ ਪਿਛਲੇ ਅੱਧ ਵਿੱਚ ਉਨ੍ਹਾਂ ਰਣਬੀਰ ਕਾਲਜ ਸੰਗਰੂਰ ਵਿੱਚ ਪੜ੍ਹਦਿਆਂ ਪੀ ਐਸ ਯੂ ਦੇ ਆਗੂ ਦੇ ਤੌਰ ਤੇ ਅਤੇ ਫਿਰ ਨੌਜਵਾਨ ਭਾਰਤ ਸਭਾ ਵਿੱਚ ਸੂਬਾਈ ਆਗੂ ਦੇ ਤੌਰ ਤੇ ਸਰਗਰਮੀ ਨਾਲ ਲੋਕ ਹਿੱਤਾਂ ਲਈ ਸੰਘਰਸ਼ਾਂ ਦੀ ਅਗਵਾਈ ਕੀਤੀ। ਜੇਲ੍ਹਾਂ-ਥਾਣੇ ਦੇਖੇ ਤੇ ਹਰ ਕਿਸਮ ਦੀਆਂ ਲੋਕ ਵਿਰੋਧੀ ਤਾਕਤਾਂ ਨਾਲ ਮੱਥਾ ਲਾਇਆ। ਤਰਕਸ਼ੀਲ ਸੋਚ ਦੇ ਧਾਰਨੀ ਸਾਥੀ ਨਾਮਦੇਵ ਭੂਟਾਲ ਕਰੀਬ ਇੱਕ ਦਹਾਕੇ ਤੋਂ ਜਮਹੂਰੀ ਅਧਿਕਾਰ ਸਭਾ, ਪੰਜਾਬ ਅਤੇ ਲੋਕ ਚੇਤਨਾ ਮੰਚ ਲਹਿਰਾਗਾਗਾ ਦੇ ਸਿਰੜੀ ਆਗੂ ਦੇ ਤੌਰ ਤੇ ਕੰਮ ਕਰ ਰਹੇ ਸਨ। ਉਹ
ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਵਸਦੇ ਰਹਿਣਗੇ। ਆਗੂਆਂ ਦੱਸਿਆ ਕਿ ਉਹਨਾਂ ਨਮਿਤ ਸ਼ਰਧਾਂਜਲੀ ਸਮਾਗਮ
17ਦਸੰਬਰ ਨੂੰ 11 ਵਜੇ ਤੋਂ 2 ਵਜੇ ਤੱਕ ਜੀ਼ ਪੀ਼ ਐਫ਼਼ ਕੰਪਲੈਕਸ ਲਹਿਰਾਗਾਗਾ ਵਿਖੇ ਹੋਵੇਗਾ।