
ਨਵਾਂ ਸਾਲ ਹਰ 365/366 ਦਿਨ ਬਾਅਦ ਆਉਂਦਾ ਹੈ ਅਤੇ ਗੁਜ਼ਰ ਜਾਦਾਂ ਹੈ।ਇਸੇ ਤਰ੍ਹਾਂ ਹੀ ਸਾਡੀ ਜ਼ਿੰਦਗੀ ਵੀ ਗੁਜਰਦੀ ਜਾ ਰਹੀ ਹੈ ਪਰ ਸਾਨੂੰ ਆਪਣੀ ਜ਼ਿੰਦਗੀ ਵਧੀਆ ਢੰਗ ਨਾਲ ਗੁਜ਼ਾਰਨ ਲਈ ਆਪਸੀ ਵੈਰ ਵਿਰੋਧ ਨੂੰ ਭੁਲਾ ਕੇ ਇਕ ਦੂਸਰੇ ਨਾਲ ਪਿਆਰ, ਇੱਜ਼ਤ,ਮਾਣ ਅਤੇ ਸਤਿਕਾਰ ਨਾਲ ਪੇਸ਼ ਆਉਣਾ ਬਹੁਤ ਜ਼ਰੂਰੀ ਹੈ। ਸਾਨੂੰ ਸਾਰਿਆਂ ਨੂੰ ਇਸ ਨਵੇਂ ਸਾਲ 2024 ਦੀ ਆਮਦ ਤੇ ਇਹ ਪ੍ਰਣ ਲੈਣਾ ਚਾਹੀਦਾ ਹੈ ਕਿ ਸਾਡਾ ਜਿਹੜਾ ਵੀ ਵੈਰ ਵਿਰੋਧ, ਦੁਸ਼ਮਣੀਆਂ, ਈਰਖਾ, ਨਰਾਜ਼ਗੀਆਂ ਇਕ ਦੂਸਰੇ ਨਾਲ ਚੱਲ ਰਹੀਆਂ ਹਨ ਉਹਨਾਂ ਸਾਰੀਆਂ ਨਰਾਜ਼ਗੀਆ ਅਤੇ ਦੁਸ਼ਮਣੀਆਂ ਨੂੰ ਭੁਲਾ ਕੇ ਸਾਰਿਆਂ ਨਾਲ ਬਹੁਤ ਪਿਆਰ,ਮਾਣ ਅਤੇ ਆਦਰ ਸਤਿਕਾਰ ਨਾਲ ਰਹਿਣ ਦਾ ਪ੍ਰਣ ਲੈਣਾ ਚਾਹੀਦਾ ਹੈ। ਕਿਸੇ ਨਾਲ ਦੁਸ਼ਮਣੀ ਜਾਂ ਆਪਸੀ ਵੈਰ ਵਿਰੋਧ ਰੱਖ ਕੇ ਅਸੀਂ ਕਦੇ ਵੀ ਜ਼ਿੰਦਗੀ ਵਿੱਚ ਖੁਸ਼ ਨਹੀਂ ਰਹਿ ਸਕਦੇ ਅਤੇ ਨਾਂ ਹੀ ਉਹ ਇਨਸਾਨ ਖੁਸ਼ ਰਹਿ ਸਕਦਾ ਜਿਸ ਨਾਲ ਅਸੀਂ ਦੁਸ਼ਮਣੀ ਨਿਭਾ ਰਹੇ ਤਾਂ ਫਿਰ ਕੀ ਫਾਇਦਾ ਇਹੋ ਜਿਹੀਆਂ ਦੁਸ਼ਮਣੀਆਂ ਦਾ ਜਿਸ ਨਾਲ ਦੋਨਾਂ ਘਰਾਂ ਨੂੰ ਹੀ ਨੁਕਸਾਨ ਪਹੁੰਚੇ।ਸਾਨੂੰ ਵੱਧ ਤੋਂ ਵੱਧ ਲੋਕ ਭਲਾਈ ਦੇ ਕੰਮਾਂ ਕਰਨੇ ਚਾਹੀਦੇ ਹਨ।ਵੱਧ ਤੋਂ ਵੱਧ ਗਰੀਬ ਲੋਕਾਂ ਦੀ ਮੱਦਦ ਕਰਨੀ ਚਾਹੀਦੀ ਹੈ।ਅਗਰ ਹੋ ਸਕੇ ਤਾਂ ਸਾਨੂੰ ਆਪਣੀ ਮਿਹਨਤ ਦੀ ਕਮਾਈ ਵਿਚੋਂ ਦਸਵੰਧ ਕੱਢ ਕੇ ਉਹਨਾਂ ਮਰੀਜ਼ਾਂ ਦੀ ਮੱਦਦ ਕਰਨੀ ਚਾਹੀਦੀ ਹੈ ਜਿਹੜੇ ਗਰੀਬ ਮਰੀਜ਼ ਆਪਣੀ ਬਿਮਾਰੀ ਦਾ ਇਲਾਜ ਕਰਵਾਉਣ ਤੋਂ ਵੀ ਅਸਮਰਥ ਹਨ ਅਤੇ ਗਰੀਬ ਵਿਦਿਆਰਥੀਆਂ ਨੂੰ ਪੜ੍ਹਾਈ ਕਰਵਾਉਣ ਵਿੱਚ ਮੱਦਦ ਕਰਨੀ ਚਾਹੀਦੀ ਹੈ। ਜ਼ਰੂਰੀ ਨਹੀਂ ਸਮਾਜ਼ ਸੇਵਾ ਜਾ ਲੋਕ ਭਲਾਈ ਸਿਰਫ਼ ਪੈਸੇ ਕੋਲ ਹੋਣ ਤੇ ਹੀ ਕੀਤੀ ਜਾ ਸਕਦੀ ਹੈ ਜੇਕਰ ਸਾਡੇ ਕੋਲ ਪੈਸੇ ਨਹੀਂ ਹਨ ਤਾਂ ਵੀ ਅਸੀਂ ਕਿਸੇ ਦੀ ਮੱਦਦ ਕਰਕੇ ਪੁੰਨ ਦਾ ਕੰਮ ਕਰ ਸਕਦੇ ਹਾਂ ਜਿਵੇਂ ਕਿਸੇ ਬਜ਼ੁਰਗ ਨੂੰ ਸੜਕ ਪਾਰ ਕਰਵਾ ਦਿੱਤੀ, ਕਿਸੇ ਐਕਸੀਡੈਂਟ ਵਾਲੇ ਮਰੀਜ਼ ਨੂੰ ਮੁੱਢਲੀ ਸਹਾਇਤਾ ਦੇ ਦਿੱਤੀ,ਸੜਕ ਤੇ ਜ਼ਖ਼ਮੀ ਹੋਏ ਮਰੀਜ਼ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ, ਘਰ ਆਏ ਕਿਸੇ ਗਰੀਬ ਨੂੰ ਰੋਟੀ ਖਵਾ ਦਿੱਤੀ ਆਦਿ।ਜਿਹੜੀਆਂ ਗ਼ਲਤੀਆਂ ਅਸੀਂ ਸਾਲ 2023 ਵਿੱਚ ਕੀਤੀਆਂ ਹਨ, ਸਾਨੂੰ ਉਹਨਾਂ ਗ਼ਲਤੀਆਂ ਤੋਂ ਸਬਕ ਸਿੱਖਦੇ ਹੋਏ ਸਾਲ 2024 ਵਿੱਚ ਪ੍ਰਵੇਸ਼ ਕਰਦੇ ਸਮੇਂ ਇਹ ਵੀ ਪ੍ਰਣ ਲੈਣਾ ਚਾਹੀਦਾ ਹੈ ਕਿ ਅਸੀਂ ਸਾਲ 2023 ਵਾਲ਼ੀਆਂ ਗ਼ਲਤੀਆਂ ਦੁਬਾਰਾ ਨਹੀਂ ਕਰਾਂਗੇ ਅਤੇ ਸਾਫ਼ ਨੀਅਤ ਨਾਲ ਸਾਰੇ ਕੰਮ ਕਰਾਂਗੇ।
ਸੰਦੀਪ ਕੰਬੋਜ
ਪ੍ਰਧਾਨ ਰੋਟਰੀ ਕਲੱਬ ਗੁਰੂਹਰਸਹਾਏ
ਸੰਪਰਕ ਨੰਬਰ – 98594-00002