ਗੁਰਬਾਣੀ ਵਿੱਚ ਲਿਖਿਆ ਹੈ “ਏਹਾ ਕਾਇਆ ਰੋਗਿ ਭਰੀ” (ਪੰਨਾ 588)। ਅਰਥਾਤ: ਇਹ ਕਾਇਆ (ਸਰੀਰ) ਰੋਗਾਂ ਨਾਲ ਭਰੀ ਹੈ। ਇਸ ਕਾਰਣ, ਅਰੋਗ ਸਰੀਰ ਅਤਿਅੰਤ ਹੀ ਦੁਰਲੱਭ ਹੈ “ਦੇਹਿ ਅਰੋਗ ਦੁਲੰਭ ਹੈ”। ਇਸ ਸੰਸਾਰ ਦੀ ਸਰਵੋਤਮ ਅਮੋਲਕ ਵਸਤੂ; ਨਿਰੋਗ ਅਤੇ ਸਵਸਥ ਸਰੀਰ ਹੈ, ਜਿਸ ਨੂੰ ਕੋਈ ਵੀ ਪੈਸੇ ਨਾਲ ਨਹੀਂ ਖਰੀਦ ਸਕਦਾ। ਰੋਗੀ ਮਨੁੱਖ ਕਦੇ ਵੀ ਸੁਖੀ ਨਹੀਂ ਰਹਿ ਸਕਦਾ “ਸੁਖ ਸੁਪਨੈ ਨਹੀ ਤਨ ਮਹਿ ਰੋਗ” (ਪੰਨਾ 240)। ਹਰ ਮਨੁੱਖ ਸੁਖ ਚਾਹੁੰਦਾ ਹੈ “ਸੁਖ ਕਉ ਮਾਗੈ ਸਭੁ ਕੋ ਦੁਖੁ ਨ ਮਾਗੈ ਕੋਇ” (ਪੰਨਾ 57)। ਸੁਖੀ ਰਹਿਣ ਲਈ ਨਿਰੋਗ ਹੋਣਾ ਜ਼ਰੂਰੀ ਹੈ। ਇਸ ਲਈ, ਸਰੀਰ ਨੂੰ ਸਵਸਥ ਅਤੇ ਨਿਰੋਗ ਰੱਖਣ ਲਈ ਸਾਨੂੰ ਇਹ ਸੋਚਣ ਦੀ ਲੋੜ ਹੈ ਕਿ ਅਸੀਂ ਰੋਗੀ ਹੁੰਦੇ ਹੀ ਕਿਉਂ ਹਾਂ?
“ਮਨਮੁਖ ਰੋਗੀ ਹੈ ਸੰਸਾਰਾ” (ਪੰਨਾ 117); ਗੁਰੂ ਜੀ ਅਨੁਸਾਰ: ਮਨ ਦੇ ਪਿੱਛੇ ਲੱਗ ਕੇ, ਗਲਤ ਵਿਚਾਰ, ਗਲਤ ਆਚਾਰ, ਗਲਤ ਆਹਾਰ, ਗਲਤ ਵਿਹਾਰ ਕਰਕੇ, ਅਸੀਂ ਰੋਗੀ ਹੋ ਜਾਂਦੇ ਹਾਂ। ਜ਼ਿਆਦਾਤਰ ਰੋਗ ਸਾਨੂੰ ਪੇਟ ਖਰਾਬ ਹੋਣ ਕਰਕੇ ਲੱਗਦੇ ਹਨ। ਪੇਟ ਦੀ ਖਰਾਬੀ ਕਈ ਤਰ੍ਹਾਂ ਦੇ ਹਾਨੀਕਾਰਕ ਭੋਜਨ ਖਾਣ ਨਾਲ ਅਤੇ ਜ਼ਿਆਦਾ ਮਾਤਰਾ ਵਿੱਚ ਭੋਜਨ ਖਾਣ ਨਾਲ ਅਪਚੀ (ਬਦਹਜ਼ਮੀ) ਹੋਣ ਕਰਕੇ ਹੁੰਦੀ ਹੈ। “ਮਿਠਾ ਕਰਿ ਕੈ ਖਾਇਆ ਕਉੜਾ ਉਪਜਿਆ ਸਾਦੁ” (ਪੰਨਾ 50)।
ਇਸੇ ਤਰ੍ਹਾਂ ਬੇਲੋੜੀ ਭੁੱਖ ਜਰਨੀ, ਸਮੇਂ ਸਿਰ ਭੋਜਨ ਨਾ ਖਾਣਾ, ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਨਾ, ਕਸਰਤ ਨਾ ਕਰਨਾ, ਸਮੇਂ ਸਿਰ ਨਾ ਸੌਣਾ, ਨੀਂਦ ਪੂਰੀ ਨਾ ਕਰਨਾ, ਮਲ-ਮੂਤਰ (ਟੱਟੀ-ਪਿਸ਼ਾਬ) ਆਦਿ ਸਰੀਰ ਦੇ ਵੇਗਾਂ ਨੂੰ ਰੋਕਣਾ, ਬੁਰੀ ਜੀਵਨ ਸ਼ੈਲੀ ਅਪਨਾਉਣਾ ਆਦਿ; ਰੋਗ ਲੱਗਣ ਦੇ ਮੁੱਖ ਕਾਰਣ ਹਨ।
ਇਸ ਤੋਂ ਇਲਾਵਾ, ਬਹੁਤ ਗੁੱਸਾ ਕਰਨਾ, ਜਿਸ ਬਾਰੇ ਗੁਰਬਾਣੀ ਵਿੱਚ ਲਿਖਿਆ ਹੈ “ਅਤਿ ਕਰੋਧ ਸਿਉ ਲੂਝਦੇ ਅਗੈ ਪਿਛੈ ਦੁਖੁ ਪਾਵਹਿ” (ਪੰਨਾ 1089), ਅਕਾਰਣ ਹੀ ਅਤਿਅੰਤ ਚਿੰਤਾਗ੍ਰਸਤ ਹੋਣਾ “ਜਾ ਕਉ ਚਿੰਤਾ ਬਹੁਤੁ ਬਹੁਤੁ ਦੇਹੀ ਵਿਆਪੈ ਰੋਗੁ” (ਪੰਨਾ 70) ਆਦਿ; ਰੋਗ ਲੱਗਣ ਦੇ ਮੁੱਖ ਕਾਰਣ ਹਨ। ਕਸਰਤ ਨਾ ਕਰਕੇ, ਮਿੱਟੀ ਤੋਂ ਦੂਰ ਰਹਿਣ ਕਰਕੇ, ਧੁੱਪ ਵਿੱਚ ਨਾ ਜਾ ਕੇ ਅਤੇ ਏਅਰ ਕੰਡੀਸ਼ਨਰਾਂ ਵਿੱਚ ਰਹਿ ਕੇ, ਅਸੀਂ ਆਪਣੇ ਸਰੀਰ ਨੂੰ ਬਹੁਤ ਕੋਮਲ ਅਤੇ ਸੰਵੇਦਨਸ਼ੀਲ ਬਣਾ ਲੈਂਦੇ ਹਾਂ “ਸੁਖਹੁ ਉਠੇ ਰੋਗ ਪਾਪ ਕਮਾਇਆ” (ਪੰਨਾ 139)। ਇਸ ਤਰ੍ਹਾਂ ਦੀ ਮਾੜੀ ਜੀਵਨ ਸ਼ੈਲੀ ਨੂੰ ਅਪਣਾਉਣ ਕਰਕੇ, ਪ੍ਰਤੀਸ਼ਕਤੀ (immunity) ਘੱਟ ਹੋਣ ਕਰਕੇ, ਅਸੀਂ ਰੋਗੀ ਹੋ ਜਾਂਦੇ ਹਾਂ।
ਸਾਡੇ ਰੋਗੀ ਹੋਣ ਦਾ ਇੱਕ ਹੋਰ ਬਹੁਤ ਵੱਡਾ ਕਾਰਣ ਹੈ- “ਕਬਜ਼” ਜਿਸ ਨੂੰ ਆਯੁਰਵੇਦ ਵਿੱਚ “ਅਨਾਹ/ਕੋਸ਼ਠਬਧਤਾ” ਕਿਹਾ ਜਾਂਦਾ ਹੈ। ਮਲ-ਮੂਤਰ ਦਾ ਪੂਰਾ ਨਿਕਾਸ ਨਾ ਹੋਣ ਕਰਕੇ, ਜੋ ਮਲ ਅੰਦਰ ਰਹਿੰਦਾ ਹੈ, ਉਹ ਗਲ-ਸੜ ਕੇ ਕਈ ਤਰ੍ਹਾਂ ਦੇ ਰੋਗਾਂ ਦਾ ਕਾਰਨ ਬਣਦਾ ਹੈ।
ਸਭ ਤੋਂ ਵੱਡੀ ਸਮੱਸਿਆ ਹੈ ਕਿ ਅਸੀਂ ਸੋਚਦੇ ਹੀ ਨਹੀਂ ਕਿ “ਮੈਂ ਰੋਗੀ ਕਿਉਂ ਹਾਂ? ਮੈਂ ਆਪਣੇ ਰੋਗ ਦਾ ਨਿਵਾਰਣ ਕਿਵੇਂ ਕਰਨਾ ਹੈ?” ਅਸੀਂ ਆਪਣੇ ਮਨ ਅਤੇ ਤਨ ਨੂੰ ਅਰੋਗ ਕਰਨ ਲਈ ਅਤੇ ਸਵਸਥ ਰੱਖਣ ਲਈ ਸਮਾਂ ਹੀ ਨਹੀਂ ਕੱਢਦੇ। ਸਮਾਂ ਕੱਢਣਾ ਤਾਂ ਬਹੁਤ ਦੂਰ ਦੀ ਗੱਲ ਹੈ, ਅਸੀਂ ਸਮਾਂ ਕੱਢਣ ਬਾਰੇ ਸੋਚਦੇ ਤੱਕ ਨਹੀਂ। ਪਰੰਤੂ, ਸੋਸ਼ਲ ਮੀਡੀਆ ਲਈ, ਦੇਰ ਰਾਤ ਤੱਕ ਪਾਰਟੀਆਂ ਵਿਚ ਭਾਗ ਲੈਣ ਲਈ ਅਤੇ ਬੇਲੋੜੇ ਕੰਮਾਂ ਲਈ; ਬੜੀ ਅਸਾਨੀ ਨਾਲ ਸਮਾਂ ਕੱਢ ਲੈਂਦੇ ਹਾਂ। ਅਜਿਹੇ ਲੋਕਾਂ ਲਈ ਗੁਰੂ ਜੀ ਨੇ ਲਿਖਿਆ ਹੈ “ਰੋਗ ਬਿਆਪੇ ਕਰਦੇ ਪਾਪ” (ਪੰਨਾ 199)।
ਆਪਣੇ ਸਰੀਰ ਨੂੰ ਅਰੋਗ ਰੱਖਣ ਲਈ, ਸਮਾਂ ਕੱਢਣਾ ਬਹੁਤ ਹੀ ਔਖਾ ਲੱਗਦਾ ਹੈ। ਬਹੁਤ ਸਾਰੇ ਲੋਕ ਭੋਜਨ ਕਰਨ ਵੇਲੇ ਜਦੋਂ ਤੱਕ ਆਪਣੇ ਸਾਹਮਣੇ ਕੋਈ ਵੀਡੀਓ ਨਹੀਂ ਦੇਖਦੇ, ਉਦੋਂ ਤੱਕ ਉਹ ਭੋਜਨ ਹੀ ਨਹੀਂ ਕਰਦੇ। ਵੀਡੀਓ ਚਲਾ ਕੇ ਹੀ ਉਹ ਭੋਜਨ ਖਾਣਾ ਸ਼ੁਰੂ ਕਰਦੇ ਹਨ। ਕਈ ਵਾਰ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਚੱਲਦਾ ਕਿ ਉਹਨਾਂ ਨੇ ਭੋਜਨ ਵਿੱਚ ਕਿੰਨੀਆਂ ਰੋਟੀਆਂ ਖਾ ਲਈਆਂ ਹਨ? ਭੋਜਨ ਕਿੰਨਾ ਸਵਾਦ ਸੀ ਜਾਂ ਨਹੀਂ? ਭੋਜਨ ਦਾ ਆਨੰਦ ਲੈਣ ਦੀ ਬਜਾਏ, ਉਹ ਵੀਡੀਓ ਦਾ ਆਨੰਦ ਲੈਂਦੇ ਹਨ। ਰਸੋਈ ਵਿੱਚ ਭੋਜਨ ਬਣਾਉਣ ਵਾਲੇ ਵੀ, (ਅਗਿਆਨਤਾ ਵੱਸ) ਹਾਨੀਕਾਰਕ ਭੋਜਨ ਬਣਾ ਕੇ, ਅਸਾਨੂੰ ਰੋਗੀ ਬਣਾਉਣ ਦਾ ਕਾਰਣ ਬਣਦੇ ਹਨ। ਵਾਰ-ਵਾਰ “ਹੋਰ ਲਓ, ਹੋਰ ਲਓ” ਕਹਿ ਕੇ ਸਾਨੂੰ ਲੋੜ ਤੋਂ ਵੱਧ ਖਵਾ ਦਿੰਦੇ ਹਨ, ਜਿਸ ਨਾਲ ਅਪਚੀ ਹੋ ਕੇ ਅਸੀਂ ਰੋਗੀ ਹੋ ਜਾਂਦੇ ਹਾਂ।
ਜ਼ਿਆਦਾਤਰ ਰੋਗਾਂ ਦਾ ਇਲਾਜ ਬਿਨਾਂ ਦਵਾਈ ਦੇ ਕੀਤਾ ਜਾ ਸਕਦਾ ਹੈ। ਅਰੋਗ ਹੋਣ ਦਾ ਅਤੇ ਅਰੋਗ ਰਹਿਣ ਦਾ ਸਭ ਤੋਂ ਵਧੀਆ ਉਪਾਅ ਹੈ – ਰੋਗ ਦੇ ਕਾਰਣਾਂ ਤੋਂ ਬਚਣਾ ਅਤੇ ਉਹਨਾਂ ਨੂੰ ਦੂਰ ਕਰਨਾ। ਚੰਗੇ ਵਿਚਾਰ, ਚੰਗੇ ਆਚਾਰ, ਚੰਗੇ ਆਹਾਰ ਅਤੇ ਚੰਗੇ ਵਿਹਾਰ ਤੋਂ ਬਿਨਾਂ ਅਸੀਂ ਅਰੋਗ ਨਹੀਂ ਰਹਿ ਸਕਦੇ ਅਤੇ ਨਾ ਹੀ ਅਸੀਂ ਅਰੋਗ ਹੋ ਸਕਦੇ ਹਾਂ “ਅਨਿਕ ਉਪਾਵੀ ਰੋਗੁ ਨ ਜਾਇ” (ਪੰਨਾ 288)। ਬਿਨਾਂ ਕੋਈ ਦਵਾਈ ਵਰਤੇ, ਆਤਮ-ਵਿਸ਼ਲੇਸ਼ਣ ਕਰਦੇ ਹੋਏ ਆਪਣੀ ਜੀਵਨ ਸ਼ੈਲੀ ਸੁਧਾਰ ਕੇ ਅਤੇ ਉੱਪਰ ਲਿਖੇ ਕਾਰਣਾਂ ਨੂੰ ਦੂਰ ਕਰਕੇ ਅਸੀਂ ਨਿਰੋਗ ਹੋ ਸਕਦੇ ਹਾਂ ਅਤੇ ਰੋਗੀ ਹੋਣ ਤੋਂ ਵੀ ਬਚ ਸਕਦੇ ਹਾਂ। ਹਸਪਤਾਲਾਂ ਵਿੱਚ ਅਤੇ ਡਾਕਟਰਾਂ ਪਾਸ ਆਪਣਾ ਕੀਮਤੀ ਸਮਾਂ ਅਤੇ ਪੈਸਾ ਗੁਆਉਣ ਤੋਂ ਵੀ ਬਚ ਸਕਦੇ ਹਾਂ “ਸਰਬ ਸੁਖਾ ਤੇਰੀ ਮੰਡਲੀ ਤੇਰਾ ਮਨੁ ਤਨੁ ਅਰੋਗ” (ਪੰਨਾ 807)।

ਠਾਕੁਰ ਦਲੀਪ ਸਿੰਘ