ਨਾਮਧਾਰੀ ਸਿੱਖਾਂ ਵੱਲੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ

ਲੁਧਿਆਣਾ, 18 ਜੁਲਾਈ (ਵਰਲਡ ਪੰਜਾਬੀ ਟਾਈਮਜ਼)
ਨਾਮਧਾਰੀ ਸਿੱਖਾਂ ਨੇ, ਆਪਣੇ ਵਰਤਮਾਨ ਮੁਖੀ ਠਾਕੁਰ ਦਲੀਪ ਸਿੰਘ ਦੇ ਆਦੇਸ਼ ਅਨੁਸਾਰ; ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਬੇਨਤੀ ਕੀਤੀ ਹੈ ਕਿ “ਸਿੱਖ ਪੰਥ ਦੀ ਸ਼ਾਨ, ਭਾਰਤ ਦੇ ਪੂਰਵ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ‘ਪੰਥ ਰਤਨ’ ਨਾਲ ਸਨਮਾਨਿਤ ਕੀਤਾ ਜਾਵੇ। ਡਾ. ਮਨਮੋਹਨ ਸਿੰਘ ਦਸ ਸਾਲ ਭਾਰਤ ਦੇ ਪ੍ਰਧਾਨ ਮੰਤਰੀ ਪਦ ਉੱਤੇ ਸੁਸ਼ੋਭਿਤ ਹੋਣ ਕਾਰਨ ਸਿੱਖ ਪੰਥ ਦੀ ਸ਼ਾਨ ਸੰਸਾਰ ਭਰ ਵਿੱਚ ਵਧੀ ਹੈ। 1984 ਦੇ ਘੱਲੂਘਾਰੇ ਤੋਂ ਪਿੱਛੋਂ ਸ. ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਬਣਨ ਸਦਕਾ ਇੱਕੋ ਸਮੇਂ ਵਿੱਚ ਹੀ ਕਈ “ਕੇਸਾਧਾਰੀ ਸਿੱਖ”; ਭਾਰਤ ਸਰਕਾਰ ਦੀਆਂ ਬਹੁਤ ਸਾਰੀਆਂ ਉੱਚ ਪਦਵੀਆਂ ਉੱਤੇ ਬਿਰਾਜਮਾਨ ਹੋਏ। ਇਸ ਤਰ੍ਹਾਂ ਇਹ “ਸਿੱਖ ਪੰਥ ਦਾ ਸੁਨਹਿਰੀ ਸਮਾਂ” ਬਣਿਆ ਸੀ। ਇਸ ਕਰ ਕੇ ਸ. ਮਨਮੋਹਨ ਸਿੰਘ ‘ਪੰਥ ਰਤਨ’ ਦੇ ਯੋਗ ਹਨ ਅਤੇ ਅਕਾਲ ਤਖਤ ਸਾਹਿਬ ਵੱਲੋਂ ਉਹਨਾਂ ਨੂੰ ‘ਪੰਥ ਰਤਨ’ ਉਪਾਧੀ ਨਾਲ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ।
ਸੂਬਾ ਅਮਰੀਕ ਸਿੰਘ ਨੇ ਕਿਹਾ ਕਿ ਸੰਭਵ ਹੈ ਕਿ ਕਾਂਗਰਸ ਪਾਰਟੀ ਵਿੱਚ ਹੋਣ ਕਰ ਕੇ ਸ. ਮਨਮੋਹਨ ਸਿੰਘ ਨੂੰ ‘ਪੰਥ ਰਤਨ’ ਦਾ ਸਤਿਕਾਰ ਨਾ ਦਿੱਤਾ ਗਿਆ ਹੋਵੇ ਪਰ ਕਾਂਗਰਸ ਜਾਂ ਕਿਸੇ ਵੀ ਰਾਜਨੀਤਕ ਦਲ ਵਿੱਚ ਸ਼ਾਮਿਲ ਹੋਣ ਕਾਰਨ ਕਿਸੇ ਵੀ ਮਨੁੱਖ ਦੀ ਸਿੱਖੀ ਵਿੱਚ ਕੋਈ ਫਰਕ ਨਹੀਂ ਪੈਂਦਾ ਅਤੇ ਨਾ ਹੀ ਉਹ ਸਿੱਖੀ ਤੋਂ ਖਾਰਜ ਹੋ ਜਾਂਦਾ ਹੈ। ਭਾਵੇਂ ਸ. ਮਨਮੋਹਨ ਸਿੰਘ ਕਾਂਗਰਸ ਵਿੱਚ ਵੀ ਹਨ ਤਾਂ ਵੀ ਉਹ ‘ਸਿੱਖ’ ਹਨ। ਜਿਸ ਕਾਂਗਰਸ ਪਾਰਟੀ ਨੇ ਸ੍ਰੀ ਹਰਿਮੰਦਿਰ ਸਾਹਿਬ ਉੱਤੇ ਹਮਲਾ ਕਰਵਾਇਆ ਅਤੇ ਸਿੱਖ ਪੰਥ ਉੱਤੇ ਵੱਡੇ ਅੱਤਿਆਚਾਰ ਕੀਤੇ ਸ. ਮਨਮੋਹਨ ਸਿੰਘ ‘ਸਿੱਖ’ ਹੁੰਦਿਆਂ ਹੋਇਆਂ ਵੀ ਉਸੇ ਕਾਂਗਰਸ ਪਾਰਟੀ ਦੀ ਸਰਵ-ਉੱਚ ਪਦਵੀ ਉੱਤੇ ਸੁਸ਼ੋਭਿਤ ਹੋਏ। ਸ. ਮਨਮੋਹਨ ਸਿੰਘ ਨੇ ਕਾਂਗਰਸ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਬਣ ਕੇ ਸਿੱਖਾਂ ਉੱਤੇ ਹੋਏ ਅਤਿਆਚਾਰਾਂ ਦੀ ਲੋਕ ਸਭਾ ਵਿੱਚ ਜਨਤਕ ਤੌਰ ‘ਤੇ ਰੋ ਕੇ ਮੁਆਫ਼ੀ ਮੰਗੀ।
ਉਹਨਾਂ ਕਿਹਾ ਕਿ ਕਾਂਗਰਸ ਦੇ ਪ੍ਰਧਾਨ ਮੰਤਰੀ ਵੱਲੋਂ ਕਾਂਗਰਸ ਦੇ ਹੀ ਕੀਤੇ ਅਤਿਆਚਾਰਾਂ ਦੀ ਖਿਮਾ ਮੰਗਣੀ ਕਾਂਗਰਸ ਪਾਰਟੀ ਦੇ ਮੂੰਹ ਉੱਤੇ ਇੱਕ ਵੱਡੀ ਚਪੇੜ ਹੈ ਅਤੇ ਵੱਡੀ ਬੇਇਜ਼ਤੀ ਹੈ। ਕਾਂਗਰਸ ਦੇ ਪ੍ਰਧਾਨ ਮੰਤਰੀ ਵੱਲੋਂ ਕਾਂਗਰਸ ਦੀ ਹੀ ਬੇਇੱਜ਼ਤੀ ਕਰਨ ਵਾਲਾ ਐਸਾ ਉੱਤਮ ਕਾਰਜ ਕੇਵਲ ਸਰਦਾਰ ਮਨਮੋਹਨ ਸਿੰਘ ਵਰਗਾ ਇੱਕ ਨਿੱਡਰ, ਮਹਾਨ ਸਿੱਖ ਯੋਧਾ ਹੀ ਕਰ ਸਕਦਾ ਹੈ। ਸਿੱਖ ਪੰਥ ਤੋਂ ਰੋ ਕੇ ਖਿਮਾ ਮੰਗਣ ਲੱਗਿਆਂ ਸ. ਮਨਮੋਹਨ ਸਿੰਘ ਨੇ ਆਪਣੀ ‘ਪ੍ਰਧਾਨ ਮੰਤਰੀ’ ਦੀ ਪਦਵੀ ਖੁੱਸਣ ਦੀ ਵੀ ਪ੍ਰਵਾਹ ਨਹੀਂ ਕੀਤੀ।
ਸੂਬਾ ਅਮਰੀਕ ਸਿੰਘ ਨੇ ਸਪੱਸ਼ਟ ਕੀਤਾ ਕਿ ਜੇ ਸ. ਮਨਮੋਹਨ ਸਿੰਘ ਕਾਂਗਰਸ ਵੱਲੋਂ ਪ੍ਰਧਾਨ ਮੰਤਰੀ ਦੀ ਪਦਵੀ ਪ੍ਰਾਪਤ ਨਾ ਕਰਦੇ ਤਾਂ ਕਾਂਗਰਸ ਦੇ ਹੋਰ ਕਿਸੇ ਵੀ ਪ੍ਰਧਾਨ ਮੰਤਰੀ ਨੇ ਲੋਕ ਸਭਾ ਵਿੱਚ ਸਿੱਖ ਪੰਥ ਤੋਂ ਰੋ ਕੇ ਖਿਮਾ ਨਹੀਂ ਸੀ ਮੰਗਣੀ। ਇਸ ਕਰਕੇ ਸ. ਮਨਮੋਹਨ ਸਿੰਘ ਦਾ ਸਿੱਖ ਹੁੰਦਿਆਂ ਹੋਇਆਂ ਵੀ, ਸਿੱਖਾਂ ਦਾ ਵਿਰੋਧ ਕਰਨ ਵਾਲੀ ਕਾਂਗਰਸ ਪਾਰਟੀ ਦੇ ਪ੍ਰਧਾਨ ਮੰਤਰੀ ਬਣਨਾ ਹੀ ਕਾਂਗਰਸ ਦੀ ਬਹੁਤ ਵੱਡੀ ਬੇਇੱਜ਼ਤੀ ਹੈ ਅਤੇ ਪ੍ਰਧਾਨ ਮੰਤਰੀ ਬਣ ਕੇ ਫਿਰ ਲੋਕ ਸਭਾ ਵਿੱਚ ਰੋ-ਰੋ ਕੇ ਸਿੱਖ ਪੰਥ ਤੋਂ ਖਿਮਾ ਮੰਗਣੀ: ਸਿੱਖ ਪੰਥ ਦੀ ਮਹਾਨ ਸੇਵਾ ਹੈ।
ਨਾਮਧਾਰੀ ਸਿੱਖਾਂ ਨੇ ਕਿਹਾ ਹੈ ਕਿ ਭਾਰਤ ਦੀ ਪੂਰੀ ਜਨਸੰਖਿਆ ਦਾ ਕੇਵਲ 1.5% ਹੁੰਦਿਆਂ ਹੋਇਆਂ ਵੀ ਸ. ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਬਣਨ ਕਰਕੇ ਵੱਡੀ ਗਿਣਤੀ ਵਿੱਚ ਕੇਸਾਧਾਰੀ ਸਿੱਖਾਂ ਨੂੰ ਭਾਰਤ ਦੀ ਕੇਂਦਰੀ ਸਰਕਾਰ ਦੇ ਸਰਵ-ਉੱਚ ਪਦਵੀਆਂ ਉੱਤੇ ਸਥਾਪਿਤ ਕੀਤਾ ਗਿਆ। ਜਿਵੇਂ: ਜਨਰਲ ਜੇ.ਜੇ. ਸਿੰਘ ਅਤੇ ਜਨਰਲ ਬਿਕਰਮ ਸਿੰਘ: ਭਾਰਤੀ ਫ਼ੌਜ ਦੇ ਕਮਾਂਡਰ-ਇਨ-ਚੀਫ਼, ਸ. ਚਰਨਜੀਤ ਸਿੰਘ ਅਟਵਾਲ: ਲੋਕ ਸਭਾ ਦੇ ਡਿਪਟੀ ਸਪੀਕਰ, ਸ. ਮੋਨਟੇਕ ਸਿੰਘ ਆਹਲੂਵਾਲੀਆ: “ਯੋਜਨਾ ਕਮਿਸ਼ਨ ਦੇ ਉਪ ਚੇਅਰਮੈਨ” ਅਤੇ ਪੂਰਬ ਮੁਖ ਚੋਣ ਕਮਿਸ਼ਨਰ ਮਨੋਹਰ ਸਿੰਘ ਗਿੱਲ: “ਮੰਤਰੀ” ਪਦ ਉੱਤੇ ਸੁਸ਼ੋਭਿਤ ਹੋਏ। ਮੋਨਟੇਕ ਸਿੰਘ, ਖੁਸ਼ਵੰਤ ਸਿੰਘ ਨੂੰ “ਪਦਮ ਵਿਭੂਸ਼ਨ” ਨਾਲ ਨਿਵਾਜਿਆ ਗਿਆ ਅਤੇ ਭਾਈ ਨਿਰਮਲ ਸਿੰਘ ਹਜ਼ੂਰੀ ਰਾਗੀ ਨੂੰ ‘ਪਦਮ ਸ੍ਰੀ’ ਨਾਲ ਸਨਮਾਨਿਤ ਕੀਤਾ ਗਿਆ। ਉਸੇ ਸਮੇਂ ਬਹੁਤ ਸਾਰੀਆਂ ਉੱਚ ਪਦਵੀਆਂ ਉੱਤੇ ਕੇਸਾਧਾਰੀ ਸਿੱਖ ਸੁਸ਼ੋਭਿਤ ਹੋਣ ਕਰਕੇ ਸਿੱਖ ਪੰਥ ਦਾ ਪੂਰੇ ਸੰਸਾਰ ਵਿੱਚ ਜਸ ਹੋਇਆ।
ਸ. ਮਨਮੋਹਨ ਸਿੰਘ ਜੀ ਨੇ 1991 ਵਿੱਚ ਵਿੱਤ ਮੰਤਰੀ ਬਣ ਕੇ ਭਾਰਤ ਨੂੰ ਅੱਤ ਗੰਭੀਰ, ਦਿਵਾਲੀਆ ਹੋ ਚੱਲੀ ਅਰਥ-ਵਿਵਸਥਾ ਵਿੱਚੋਂ ਕੱਢਿਆ ਅਤੇ ਕੁਝ ਸਾਲਾਂ ਵਿੱਚ ਹੀ ਸੰਸਾਰ ਦੀ ਪੰਜਵੀਂ ਵੱਡੀ ਆਰਥਿਕ ਸ਼ਕਤੀ ਬਣਾ ਦਿੱਤਾ। ਸ. ਮਨਮੋਹਨ ਸਿੰਘ ਦੁਆਰਾ ਭਾਰਤ ਨੂੰ ਉੱਚਤਮ ਅਰਥ-ਵਿਵਸਥਾ ਦੀ ਸਥਿਤੀ ਵਿੱਚ ਪਹੁੰਚਾਉਣ ਕਾਰਨ ਸਿੱਖ ਪੰਥ ਨੂੰ ਪੂਰੇ ਸੰਸਾਰ ਵਿੱਚ ਜੋ ਪ੍ਰਸਿੱਧੀ ਪ੍ਰਾਪਤ ਹੋਈ ਹੈ, ਉਹ ਬਹੁਤ ਵੱਡੀ ਦੇਣ ਹੈ।
ਭੁਪਿੰਦਰ ਕੌਰ ਨੇ ਕਿਹਾ ਕਿ ਸ. ਮਨਮੋਹਨ ਸਿੰਘ ਵਿੱਚ ਸਿੱਖੀ ਦਾ ਬਹੁਤ ਵੱਡਾ ਗੁਣ ‘ਨਿਮਰਤਾ’ ਏਨੀ ਹੈ ਕਿ ਉਹ ਆਪਣੀ ਸੋਭਾ ਕਰਵਾ ਕੇ ਖੁਸ਼ ਨਹੀਂ ਹੁੰਦੇ ਅਤੇ ਸੋਭਾ ਸੁਣਨੀ ਵੀ ਨਹੀਂ ਚਾਹੁੰਦੇ। ਸ. ਮਨਮੋਹਨ ਸਿੰਘ ਦੀ ਇਮਾਨਦਾਰੀ ਨੇ ਪੂਰੇ ਸੰਸਾਰ ਵਿੱਚ ਸਿੱਖਾਂ ਦੇ ਉੱਚ ਆਚਰਣ ਦੀ ਅਨੋਖੀ ਉਦਾਹਰਨ ਸਥਾਪਿਤ ਕੀਤੀ ਹੈ। ਪੰਥ ਵੱਲੋਂ ਕੋਈ ਵਿਸ਼ੇਸ਼ ਖਰਚ-ਖੇਚਲ ਕੀਤਿਆਂ ਬਿਨਾਂ ਅਤੇ ਕੋਈ ਵੀ ਪ੍ਰਚਾਰ ਕੀਤਿਆਂ ਤੋਂ ਬਿਨਾਂ ਹੀ ਸੰਸਾਰ ਭਰ ਵਿੱਚ ਸਿੱਖ ਪੰਥ ਦੀ ਅਦੁੱਤੀ ਸੋਭਾ ਆਪਣੇ ਆਪ ਹੋ ਗਈ ਹੈ। ਪ੍ਰੰਤੂ ਪੰਥ ਦੀ ਇਸ ਮਹਾਨ ਹਸਤੀ ਨੂੰ ਅੱਜ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕਿਸੇ ਕਾਰਨ ਸਨਮਾਨਿਤ ਨਹੀਂ ਕੀਤਾ ਗਿਆ ਜੋ ਕਿ ਹੁਣ ਛੇਤੀ ਹੀ ਨਿਵਾਜ ਦੇਣਾ ਚਾਹੀਦਾ ਹੈ।
ਨਾਮਧਾਰੀ ਸਿੱਖਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਬੇਨਤੀ ਕਰਦਿਆਂ ਕਿਹਾ ਕਿ ‘ਸ੍ਰੀ ਅਕਾਲ ਤਖਤ ਸਾਹਿਬ’ ਸਿਆਸੀ ਪਾਰਟੀਆਂ ਦੇ ਮਤਭੇਦਾਂ ਤੋਂ ਉੱਪਰ ਉੱਠ ਕੇ ਸਿੱਖ ਪੰਥ ਦੀ ਸਰਵ-ਉੱਚ ਸੰਸਥਾ ਮੰਨੀ ਜਾਂਦੀ ਹੈ। ‘ਸ੍ਰੀ ਅਕਾਲ ਤਖਤ ਸਾਹਿਬ’ ਵੱਲੋਂ ਪੰਥ ਦੀਆਂ ਉੱਚ ਸ਼ਖਸ਼ੀਅਤਾਂ, ਭਾਵੇਂ ਉਹ ਕਿਸੇ ਵੀ ਪਾਰਟੀ ਦੇ ਹੋਣ ਉਹਨਾਂ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ। ਉਹਨਾਂ ਹੱਥ ਜੋੜ ਕੇ ਸਨਿਮਰ ਬੇਨਤੀ ਕਰਦਿਆਂ ਕਿਹਾ ਹੈ ਕਿ ਸ. ਮਨਮੋਹਨ ਸਿੰਘ ਨੂੰ ਛੇਤੀ ਹੀ ‘ਪੰਥ ਰਤਨ’ ਦੀ ਉਪਾਧੀ ਨਾਲ ਨਿਵਾਜਿਆ ਜਾਵੇ। ਇਹ ਉੱਤਮ ਕਾਰਜ ਕਰਨ ਨਾਲ ਅਕਾਲ ਤਖਤ ਸਾਹਿਬ ਦੀ ਸ਼ਾਨ ਵਧੇਗੀ; ਘਟੇਗੀ ਨਹੀਂ। ਇਸ ਮੌਕੇ ਉੱਤੇ ਸੰਤ ਸਾਹਿਬ ਸਿੰਘ, ਸਿਮਰਨਜੀਤ ਕੌਰ, ਮਨਦੀਪ ਕੌਰ, ਪਰਮਜੀਤ ਕੌਰ, ਪ੍ਰਿਤਪਾਲ ਸਿੰਘ, ਅਰਵਿੰਦਰ ਸਿੰਘ, ਨਵਤੇਜ ਸਿੰਘ ਅਤੇ ਹੋਰ ਬਹੁਤ ਸਾਰੇ ਪਤਵੰਤੇ ਸੱਜਣ ਵੀ ਹਾਜਰ ਸਨ।