ਨਾ ਕਲਮ ਮਿਲੀ ਮੈਨੂੰ ਕਾਨੇ ਦੀ
ਨਾ ਮਿਲੀ ਕਿਤੇ ਸਿਆਹੀ ਉਹ
ਜਿਸਦਾ ਡੋਕਾ ਭਰਕੇ ਮੈਂ
ਸਿਫ਼ਤ ਤੁਹਾਡੀ ਕਰ ਸਕਦੀ
ਕੋਈ ਸਿਫ਼ਤ ਤੁਹਾਡੀ ਕਰ ਸਕਦੀ
ਤੁਸੀਂ ਧੰਨ ਸੀ ਮਾਤਾ ਗੁਜਰੀ ਜੀ -੨ ।
ਹਿੰਮਤ ਮੇਰੀ ਹਾਰ ਗਈ
ਜਦੋ ਸੁਣਦੀ ਸੀ ਵਿੱਚ ਬਚਪਨ ਦੇ
ਸਾਕਾ ਸਰਹੰਦ ਮੈਂ ਆਪਣੀ ਦਾਦੀ ਤੋਂ
ਕਿੰਨਾ ਵੱਡਾ ਜਿਗਰਾ ਸੀ
ਧੰਨ ਮਾਤਾ ਗੁਜਰੀ ਜੀ ਤੇਰਾ
ਪਹਿਲਾਂ ਪਤੀ ਧਰਮ ਲਈ ਵਾਰ ਦਿੱਤਾ
ਫੇਰ ਪੋਤੇ ਹੱਥੀ ਕਲਗੀਆਂ ਲਾ ਤੋਰੇ
ਤੁਸੀਂ ਧੰਨ ਸੀ ਮਾਤਾ ਗੁਜਰੀ ਜੀ -੨ ।
ਇੱਕ ਹਿੰਮਤ ਇਹ ਤੁਹਾਡੀ ਸੀ
ਕਿੰਝ ਕਰੇ ਹੋਣਗੇ ਦੂਰ ਤੁਸੀਂ
ਆਪਣੇ ਲਾਲ ਦੇ ਲਾਲ
ਸੀ ਲਾਡਲਾ ਪੁੱਤ ਵੀ ਦੂਰ ਹੋਇਆ
ਹੱਸਦਾ ਵੱਸਦਾ ਘਰ ਸੀ ਉੱਜੜ ਗਿਆ
ਤੁਸੀਂ ਧੰਨ ਸੀ ਮਾਤਾ ਗੁਜਰੀ ਜੀ -੨ ।
ਸਾਡੀ ਖਾਤਰ ਤੁਸੀ ਮਾਤਾ ਜੀ
ਡੂੰਘੇ ਨਾਤੇ ਸਰਹੰਦ ਦੇ ਨਾਲ ਜੋੜੇ
ਸਾਰਾ ਪਰਿਵਾਰ ਸੀ ਬੇ-ਮਿਸਾਲ
ਵਿੱਛੜ ਕੇ ਵੀ ਨਹੀਂ ਕੋਈ ਜੀਅ ਰੋਇਆ
ਦਿੱਤਾ ਪਰਿਵਾਰ ਵਾਰ ਖਾਤਰ ਸਾਡੀ
ਤੁਸੀਂ ਧੰਨ ਸੀ ਮਾਤਾ ਗੁਜਰੀ ਜੀ -੨ ।
ਲੱਖ ਲਾਹਨਤਾਂ ਅੱਜ ਸਾਡੇ ਤੇ
ਅਸੀਂ ਤੁਹਾਨੂੰ ਆਪਣੀਆਂ ਯਾਦਾਂ ਵਿੱਚੋ
ਅੱਜ ਦਿੱਤਾ ਕਿਉਂ ਵਿਸਾਰ ਮਾਤਾ
ਜਿੰਦਾ ਤਾਂ ਬਹੁਤ ਨਿੱਕੀਆਂ ਸੀ
ਪਰ ਸਾਕੇ ਵੱਡੇ ਕਰ ਗਈਆਂ
ਦੁਨੀਆ ਵਿੱਚ ਪੱਕੀ ਜੜ੍ਹ ਸਾਡੀ
ਡੂੰਘੀ ਮਿੱਟੀ ਦੇ ਵਿੱਚ ਜੜ ਗਈਆਂ
ਤੁਸੀਂ ਧੰਨ ਸੀ ਮਾਤਾ ਗੁਜਰੀ ਜੀ -੨ ।
ਇੱਕ ਵਾਰੀ ਇਹ ਸੋਚ ਮੇਰਾ
ਮਨ ਤਾਰ-ਤਾਰ ਹੈ ਹੋ ਜਾਂਦਾ ਏ
ਜੇ ਕਰਦੇ ਨਾ ਆਪਾ ਕੁਰਬਾਨ ਤੁਸੀਂ
ਅਸੀਂ ਕਬਰਾਂ ਵਿੱਚੋਂ ਵੀ ਨਹੀ ਲੱਭਣਾ ਸੀ
ਅੱਜ ਦੁਨੀਆ ਕਰੇ ਸਲਾਮ ਸਿੱਖਾਂ ਨੂੰ
ਅਸੀਂ ਭੁੱਲਣ-ਹਾਰੇ ਬੱਚੇ ਤੇਰੇ
ਸਾਡੇ ਅੰਗ-ਸੰਗ ਰਹਿਣਾ ਮਾਤਾ ਜੀ
ਤੁਸੀਂ ਧੰਨ ਸੀ ਮਾਤਾ ਗੁਜਰੀ ਜੀ -੨ ।
ਸਰਬਜੀਤ ਸਿੰਘ ਜਰਮਨੀ
Leave a Comment
Your email address will not be published. Required fields are marked with *