ਕੋਟਕਪੂਰਾ, 7 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਿਲਵਰ ਆਕਸ ਸਕੂਲ ਸੇਵੇਵਾਲਾ ’ਚ ਕੁਝ ਵੱਖਰਾ ਕਰਨ ਦੀ ਪਰੰਪਰਾ ਹੈ। ਸੱਤਵੀਂ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਅੰਮਿ੍ਰਤਸਰ ਸਾਡਾ ਪਿੰਡ ਅਤੇ ਦੂਜੀ ਤੋਂ ਛੇਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਤਲਵੰਡੀ ਭਾਈ ਵਿਖੇ ਫਨ ਆਈਲੈਂਡ ਟੂਰ ’ਤੇ ਲਿਜਾਇਆ ਗਿਆ। ਸਕੂਲ ਦੀ ਪਿ੍ਰੰਸੀਪਲ ਪਿ੍ਰਅੰਕਾ ਮਹਿਤਾ ਦੀ ਦੇਖ-ਰੇਖ ਹੇਠ ਵਿਦਿਆਰਥੀਆਂ ਦਾ ਸਮੂਹ ਸਵੇਰੇ 7:00 ਵਜੇ ਅੰਮਿ੍ਰਤਸਰ ਅਤੇ ਕਰੀਬ 9:00 ਵਜੇ ਤਲਵੰਡੀ ਭਾਈ ਲਈ ਰਵਾਨਾ ਹੋਇਆ। ਬੱਚਿਆਂ ਦੀ ਉਤਸੁਕਤਾ ਅਤੇ ਉਤਸ਼ਾਹ ਦੇਖਣ ਯੋਗ ਸੀ। ਕਈ ਬੱਚੇ ਪਹਿਲੀ ਵਾਰ ਗਰੁੱਪ ਟੂਰ ’ਤੇ ਗਏ ਸਨ। ਸਾਰਿਆਂ ਨੇ ਖੂਬ ਮਸਤੀ ਕੀਤੀ। ਵਿਦਿਆਰਥੀਆਂ ਨੇ ਸਾਡਾ ਪਿੰਡ ਦੇ ਪ੍ਰਵੇਸ ਦੁਆਰ ’ਤੇ ਇੱਕ ਵਿਸ਼ਾਲ ਮੰਜਾ ਦੇਖਿਆ ਜੋ ਸੈਲਾਨੀਆਂ ਨੂੰ ਅਸਲ ਪਿੰਡ ਦਾ ਅਹਿਸਾਸ ਪ੍ਰਦਾਨ ਕਰਦਾ ਹੈ। ਵਿਦਿਆਰਥੀਆਂ ਨੇ ਸਾਡਾ ਪਿੰਡ ਵਿਖੇ ਸੱਭਿਆਚਾਰਕ ਪੇਸਕਾਰੀਆਂ, ਲੋਕ ਨਾਚਾਂ, ਸਥਾਨਕ ਦਸਤਕਾਰੀ, ਗੀਤਾਂ, ਕਹਾਣੀਆਂ ਅਤੇ ਬੇਸ਼ੁਮਾਰ ਪਕਵਾਨਾਂ ਰਾਹੀਂ ਪੰਜਾਬ ਦੇ ਪੁਰਾਣੇ ਵਿਸਵ ਸੁਹਜ ਨੂੰ ਜਾਣਿਆ। ਸਾਡਾ ਪਿੰਡ ਘੁਮਿਆਰ, ਜੁਲਾਹੇ, ਲੁਹਾਰ ਅਤੇ ਹੋਰ ਕਾਰੀਗਰਾਂ ਨਾਲ ਭਰਿਆ ਹੋਇਆ ਹੈ ਅਤੇ ਜਦੋਂ ਮਨੋਰੰਜਨ ਦੀ ਗੱਲ ਆਉਂਦੀ ਹੈ ਤਾਂ ਬੱਚਿਆਂ ਨੇ ਭੰਗੜਾ, ਗਿੱਧਾ, ਕਿੱਕਲੀ, ਕਠਪੁੱਤਲੀ ਸੋਅ, ਜਾਦੂ ਦੇ ਸੋਅ, ਮੌਤ ਦੇ ਖੂਹ ਆਦਿ ਦਾ ਆਨੰਦ ਮਾਣਿਆ, ਇਸ ਦੇ ਨਾਲ ਬੱਚਿਆਂ ਨੂੰ ਪ੍ਰੰਪਰਾਗਤ ਖੇਡਾਂ ਜਿਵੇਂ ਕਿ ਸਟੈਪੂ ਖੇਡ, ਗੀਟੇ-ਬੰਟੇ ਖੇਡ, ਬਾਜੀਗਰਾਂ ਦੀ ਬਾਜ਼ੀ ਅਤੇ ਗੱਤਕਾ ਖੇਡ ਨਾਲ ਵੀ ਜਾਣੂ ਕਰਵਾਇਆ ਗਿਆ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਪੰਜਾਬ ਦੇ ਸੁਆਦੀ ਪਕਵਾਨ ਜਿਵੇਂ ਕੜੀ ਚਾਵਲ, ਅੰਮਿ੍ਰਤਸਰੀ ਨਾਨ, ਲੱਸੀ, ਮੱਕੀ ਦੀ ਰੋਟੀ, ਸਰੋਂ ਦਾ ਸਾਗ, ਦਾਲ ਮੱਖਣੀ, ਮੱਠੀ-ਛੋਲੇ ਅਤੇ ਗੁਲਾਬ-ਜਾਮੁਣ ਦਾ ਆਨੰਦ ਮਾਣਿਆ। ਇਸ ਦੇ ਨਾਲ-ਨਾਲ ਤਲਵੰਡੀ ਭਾਈ ਵਿਖੇ ਬੱਚਿਆਂ ਨੇ ਖੂਬ ਮਸਤੀ ਕੀਤੀ। ਬੱਚਿਆਂ ਨੇ ਰੰਗ-ਬਿਰੰਗੇ ਫੁੱਲਾਂ ਵਿਚਕਾਰ ਝੂਲਿਆਂ ਦਾ ਅਤੇ ਅਧਿਆਪਕਾਂ ਨਾਲ ਵੱਖ-ਵੱਖ ਤਰਾਂ ਦੀਆਂ ਖੇਡਾਂ ਦਾ ਆਨੰਦ ਮਾਣਿਆ। ਅਧਿਆਪਕਾਂ ਨੇ ਆਪਣੀ ਨਿਗਰਾਨੀ ਹੇਠ ਬੱਚਿਆਂ ਨੂੰ ਭੂਤ ਬੰਗਲਾ ਦਿਖਾਇਆ। ਆਉਣ ਤੋਂ ਪਹਿਲਾਂ ਬੱਚਿਆਂ ਨੂੰ 9ਡੀ ਸਿਨੇਮਾ ਅਤੇ ਫਿਲਮ ‘ਮੌਜਾਂ ਹੀ ਮੌਜਾਂ ’ਚ ਦਿਖਾਈ ਗਈ। ਟੂਰ ’ਤੇ ਗਏ ਸਾਰੇ ਬੱਚਿਆਂ ਅਤੇ ਹੋਰ ਸਟਾਫ ਲਈ ਰਿਫਰੈਸਮੈਂਟ ਅਤੇ ਦੁਪਹਿਰ ਦੇ ਖਾਣੇ ਦਾ ਵੀ ਪ੍ਰਬੰਧ ਕੀਤਾ ਗਿਆ। ਇਹ ਦਿਨ ਸਕੂਲੀ ਬੱਚਿਆਂ ਲਈ ਮੌਜ-ਮਸਤੀ ਭਰਿਆ ਰਿਹਾ। ਸਕੂਲ ਦੀ ਪਿ੍ਰੰਸੀਪਲ ਸ਼੍ਰੀਮਤੀ ਪਿ੍ਰਅੰਕਾ ਮਹਿਤਾ ਨੇ ਕਿਹਾ ਕਿ ਸਾਡਾ ਪਿੰਡ ਟੂਰ ਦਾ ਮੁੱਖ ਉਦੇਸ ਵਿਦਿਆਰਥੀ ਆਪਣੀਆਂ ਜੜਾਂ ਨਾਲ ਮੁੜ ਜੁੜ ਸਕਣ। ਆਪਣੇ ਪਿਤਾ-ਪੁਰਖਿਆਂ ਦੀਆਂ ਪ੍ਰੰਪਰਾਵਾਂ ਅਤੇ ਕਦਰਾਂ-ਕੀਮਤਾਂ ਨੂੰ ਸਮਝ ਸਕਣ। ਇਸ ਥਾਂ ’ਤੇ ਬਜੁਰਗ ਲੋਕਾਂ ਨੂੰ ਆਪਣੇ ਸਮੇਂ ’ਚ ਵਾਪਸ ਜਾਣ ਅਤੇ ਖੁਸ਼ੀ ਦੇ ਪਲਾਂ ਦੀ ਕਦਰ ਕਰਨ ਦਾ ਮੌਕਾ ਮਿਲ ਸਕਦਾ ਹੈ। ਵਿਦੇਸੀ ਸੈਲਾਨੀ ਪ੍ਰਮਾਣਿਕ ਭਾਰਤੀ ਪੇਂਡੂ ਜੀਵਨ ਸੈਲੀ ਦਾ ਅਨੁਭਵ ਕਰ ਸਕਦੇ ਹਨ। ਦੂਜੇ ਰਾਜਾਂ ਦੇ ਸੈਲਾਨੀ ਇੱਕ ਹੀ ਥਾਂ ’ਤੇ ਸੱਚੇ ਪੰਜਾਬ ਦਾ ਸਵਾਦ ਲੈ ਸਕਦੇ ਹਨ ਅਤੇ ਉਨਾਂ ਫਨ ਆਈਲੈਂਡ ਬਾਰੇ ਕਿਹਾ ਕਿ ਮਨੋਰੰਜਨ ਦੇ ਨਾਲ-ਨਾਲ ਅਜਿਹੀਆਂ ਗਤੀਵਿਧੀਆਂ ਬੱਚਿਆਂ ਨੂੰ ਆਤਮ ਨਿਰਭਰ ਬਣਾਉਣ ਅਤੇ ਆਲੇ-ਦੁਆਲੇ ਦੇ ਵਾਤਾਵਰਨ ਨਾਲ ਤਾਲਮੇਲ ਬਣਾਉਣ ਵਿੱਚ ਸਹਾਈ ਹੁੰਦੀਆਂ ਹਨ।