ਨਰੇਸ਼ ਸਹਿਗਲ ਨੇ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਭੇਜ ਕੇ ਖਾਲੀ ਪਈਆਂ ਅਸਾਮੀਆਂ ਭਰਨ ਦੀ ਮੰਗ
ਐਮਰਜੈਂਸੀ ਡਾਕਟਰ ਕੋਈ ਨਹੀਂ, 9 ਪੋਸਟਾਂ ਖਾਲੀ, ਮੈਡੀਸਨ, ਡੈਂਟਲ, ਅੱਖਾਂ ਦੇ ਵੀ ਡਾਕਟਰ ਨਹੀਂ, ਹੋਰ ਸਟਾਫ ਨਰਸ ਅਤੇ ਫਾਰਮਿਸਟ ਦੀ ਘਾਟ!
ਕੋਟਕਪੂਰਾ, 22 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਵਿੱਚ ਹਰ ਰੋਜ਼ ਕਈ ਸੈਂਕੜੇ ਪੀੜਤ ਮਰੀਜ਼ ਆਪਣਾ ਇਲਾਜ਼ ਕਰਾਉਣ ਲਈ ਦਵਾਈ ਲੈਣ ਜਾਂਦੇ ਹਨ, ਜਿਨ੍ਹਾਂ ਨੂੰ ਤਕਰੀਬਨ 3 ਤੋਂ 4 ਘੰਟੇ ਡਾਕਟਰ ਤੱਕ ਪਹੁੰਚਣ ਅਤੇ ਆਪਣਾ ਇਲਾਜ ਕਰਾਉਣ ਲਈ ਲੱਗ ਜਾਂਦੇ ਹਨ ਅਤੇ ਫਿਰ ਡਿਸਪੈਂਸਰੀ ਤੋਂ ਦਵਾਈ ਲੈਣ ਅਤੇ ਆਪਣੇ ਟੈਸਟ ਕਰਾਉਣ ਲਈ ਅਗਲੇ ਦਿਨ ਆਉਣਾ ਪੈਂਦਾ ਹੈ। ਇੱਕ ਪਾਸੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਅਖਬਾਰਾਂ ‘ਤੇ ਪੋਸਟਰਾਂ ਰਾਹੀਂ ਇਹ ਐਲਾਨ ਕਰਦੇ ਹਨ ਕਿ ਹਸਪਤਾਲਾਂ ਦਾ ਸੁਧਾਰ ਕੀਤਾ ਹੈ, ਪਰ ਅਸਲੀਅਤ ਇਹ ਹੈ ਕਿ ਕੋਟਕਪੂਰਾ ਹਸਪਤਾਲ ਵਿੱਚ ਕੋਈ ਵੀ ਐਮਰਜੈਂਸੀ ਈ.ਐਮ.ਓ ਡਾਕਟਰ ਹੀ ਨਹੀਂ ਹੈ। ਜਦਕਿ ਸਿਵਲ ਹਸਪਤਾਲ ਕੋਟਕਪੂਰਾ ਵਿੱਚ 9 ਪੋਸਟਾਂ ਖਾਲੀ ਪਈਆਂ ਹਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਲ ਇੰਡੀਆ ਹਿੰਦੂ ਵੈਲਫੇਅਰ ਕਮੇਟੀ ਦੇ ਪ੍ਰਧਾਨ ਨਰੇਸ਼ ਕੁਮਾਰ ਸਹਿਗਲ ਨੇ ਦੱਸਿਆ ਕਿ ਅੱਜ ਕੋਟਕਪੂਰਾ ਦੇ ਵਿੱਚ ਜਦ ਵੀ ਕਿਸੇ ਨੂੰ ਕੋਈ ਐਮਰਜੈਂਸੀ ਪੈਂਦੀ ਹੈ ਤੇ ਸਿਵਲ ਹਸਪਤਾਲ ਵਿੱਚ ਡਾਕਟਰਾਂ ਦੀਆਂ ਪੋਸਟਾਂ ਖਾਲੀ ਹੋਣ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾਂ ਪੈਂਦਾ ਹੈ, ਭਾਵੇਂ ਹਸਪਤਾਲ ਵਿੱਚ ਮੌਜੂਦਾ ਡਾਕਟਰਾਂ ਤੋਂ ਹੀ ਦਿਨ-ਰਾਤ ਸਿ਼ਫਟਾਂ ਬਣਾ ਕੇ ਐਮਰਜੈਂਸੀ ਲਗਾ ਕੇ ਕੰਮ ਲਿਆ ਜਾ ਰਿਹਾ ਹੈ। ਇਹ ਵੀ ਵਰਨਣਯੋਗ ਹੈ ਕਿ ਇਸ ਸਮੇਂ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਕੋਟਕਪੂਰਾ ਵਿੱਚ ਐਸ. ਐੱਮ.ਓ. ਡਾ. ਹਰਜਿੰਦਰ ਸਿੰਘ ਗਾਂਧੀ ਮੌਜੂਦ ਹਨ ਅਤੇ ਬੱਚਿਆਂ ਦੇ ਡਾ: ਪੰਕਜ ਬਾਂਸਲ, ਨੱਕ, ਕੰਨ ਗਲਾ ਡਾ: ਪੁਨੀਤ ਕਾਜ਼ਲ, ਹੱਡੀਆਂ ਡਾ. ਗੁਰਪ੍ਰੀਤ, ਛਾਤੀ ਡਾ: ਵਿਸ਼ਾਲ, ਔਰਤਾਂ ਦੇ ਰੋਗਾਂ ਦੇ ਮਾਹਰ ਡਾ: ਬਲਜੀਤ ਕੌਰ, ਐਨੇਸਥੀਸੀਆ ਡਾ: ਕੁਲਵਿੰਦਰ, ਚਮੜੀ ਡਾ: ਸਿਮਰਨਜੀਤ ਢਿੱਲੋਂ, ਸਰਜਰੀ ਡਾ: ਕੇਵਲ ਆਦਿ ਮੌਜੂਦ ਹਨ। ਜਿਨ੍ਹਾਂ ਨੂੰ ਹੀ ਓ.ਪੀ.ਡੀ. ਦੇ ਨਾਲ-ਨਾਲ ਐਮਰਜੈਂਸੀ ਡਿਊਟੀ ਵੀ ਕਰਨੀ ਪੈਂਦੀ ਹੈ। ਨਰੇਸ਼ ਕੁਮਾਰ ਸਹਿਗਲ ਨੇ ਮੁੱਖ ਮੰਤਰੀ ਪੰਜਾਬ ਨੂੰ ਭੇਜੇ ਪੱਤਰ ਵਿੱਚ ਇਹ ਵੀ ਦੱਸਿਆ ਹੈ ਕਿ ਮੈਡੀਸਨ ਦੇ ਡੈਂਟਲ, ਅੱਖਾਂ ਅਤੇ ਐਮਰਜੈਂਸੀ ਈ.ਐਮ.ਓ. ਦੇ ਡਾਕਟਰ ਨਾ ਹੋਣ ਕਾਰਨ ਪੀੜਤ ਮਰੀਜਾਂ ਅਤੇ ਸ਼ਹਿਰ ਨਿਵਾਸੀਆਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਰੇਸ਼ ਸਹਿਗਲ ਨੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਤੁਰੰਤ ਸਿਵਲ ਹਸਪਤਾਲ ਕੋਟਕਪੂਰਾ ਵਿੱਚ ਖਾਲੀ ਪਈਆਂ ਪੋਸਟਾਂ ਡਾਕਟਰਾਂ ਦੀਆਂ ਭਰੀਆਂ ਜਾਣ ਅਤੇ ਹਸਪਤਾਲ ਵਿੱਚ ਸਟਾਫ ਨਰਸ ਅਤੇ ਫਾਰਮਿਸਟ ਦੀ ਕਮੀ ਨੂੰ ਵੀ ਪੂਰਾ ਕੀਤਾ ਜਾਵੇ।
Leave a Comment
Your email address will not be published. Required fields are marked with *