ਕੋਟਕਪੂਰਾ, 30 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਿਹਤਮੰਦ ਬਜਾਰ/ਸਿਹਤਮੰਦ ਸਮਾਜ ਮਿਸ਼ਨ ਤਹਿਤ ਕਿਸਾਨਾ ਨਾਲ ਆਮ ਲੋਕਾਂ ਦੀ ਮਿਲਣੀ ਸਬੰਧੀ ਸਥਾਨਕ ਪੁਰਾਣੀ ਦਾਣਾ ਮੰਡੀ ਨੇੜੇ ਸਥਿੱਤ ਸੇਠ ਕੇਦਾਰਨਾਥ ਧਰਮਸ਼ਾਲਾ ਵਿੱਚ 31 ਦਸੰਬਰ ਦਿਨ ਐਤਵਾਰ ਨੂੰ ਦੁਪਹਿਰ 12:00 ਵਜੇ ਤੋਂ ਕਿਸਾਨ ਬਜਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਜਾਗਰੂਕ ਸੈਮੀਨਾਰ ਵੀ ਹੋਵੇਗਾ। ਗੁਰੂ ਸਾਹਿਬ ਚੈਰੀਟੇਬਲ ਸੁਸਾਇਟੀ ਖੋਸਾ ਕਲੱਸਟਰ ਦੇ ਸੰਸਥਾਪਕ ਸੰਤ ਗੁਰਮੀਤ ਸਿੰਘ ਖੋਸਾ ਅਤੇ ‘ਮਿਸ਼ਨ ਇੱਕ ਕਦਮ ਕੁਦਰਤ ਵੱਲ’ ਸੰਸਥਾ ਦੇ ਸੰਸਥਾਪਕ ਧਰਮਪ੍ਰੀਤ ਸਿੰਘ ਧਾਮੀ ਨੇ ਦੱਸਿਆ ਕਿ ਉਕਤ ਕਿਸਾਨ ਮੇਲੇ ਦੌਰਾਨ ਜਿੱਥੇ ਕਿਸਾਨਾ ਅਤੇ ਆਮ ਲੋਕਾਂ ਦੀ ਆਰਥਿਕਤਾ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ, ਉੱਥੇ ਗਾਹਕ ਨੂੰ ਸ਼ੁੱਧ ਆਹਾਰ ਮਿਲੇ, ਇਸ ਦੇ ਬਕਾਇਦਾ ਪ੍ਰਬੰਧ ਕੀਤੇ ਜਾਣਗੇ। ਉਹਨਾਂ ਦੱਸਿਆ ਕਿ ਵਾਤਾਵਰਣ ਪੱਖੀ, ਕੁਦਰਤ ਪ੍ਰੇਮੀ ਅਤੇ ਤੰਦਰੁਸਤ ਸਮਾਜ/ਸਿਹਤਮੰਦ ਪੰਜਾਬ ਦੀ ਸਿਰਜਣਾ ਲਈ ਯਤਨਸ਼ੀਲ ਕਿਸਾਨਾ ਵਲੋਂ ਤਿਆਰ ਕੀਤੇ ਗਏ ਸ਼ੁੱਧ ਮਸਾਲੇ, ਗੁੜ, ਸ਼ੱਕਰ ਅਤੇ ਹਰ ਕਿਸਮ ਦੀਆਂ ਜਹਿਰ ਮੁਕਤ ਸਬਜੀਆਂ ਦੀਆਂ ਸਟਾਲਾਂ ਵੀ ਲਾਈਆਂ ਜਾਣਗੀਆਂ। ਗੁਰਪ੍ਰੀਤ ਸਿੰਘ ਪੰਜਗਰਾਂਈ ਅਤੇ ਤੇਜਪਾਲ ਸਿੰਘ ਢਿੱਲਵਾਂ ਨੇ ਦੱਸਿਆ ਕਿ ਜਿੱਥੇ ਇਲਾਕੇ ਦੇ ਆਮ ਲੋਕਾਂ ਨੂੰ ਜਹਿਰ ਮੁਕਤ ਸਬਜੀਆਂ ਅਤੇ ਕੈਮੀਕਲ ਰਹਿਤ ਖਾਦ ਪਦਾਰਥ ਮੁਹੱਈਆ ਕਰਵਾਏ ਜਾਣਗੇ, ਉੱਥੇ ਸੰਤ ਬਾਬਾ ਗੁਰਮੀਤ ਸਿੰਘ ਜੀ ਜਾਗਰੂਕਤਾ ਸੈਮੀਨਾਰ ਰਾਹੀਂ ਅਣਕਿਆਸੀਆਂ ਬਿਮਾਰੀਆਂ ਤੋਂ ਬਚਣ, ਆਰਗੈਨਿਕ ਖੇਤੀ ਕਰਨ, ਘਰਾਂ ਦੀਆਂ ਛੱਤਾਂ ’ਤੇ ਕੈਮੀਕਲ ਰਹਿਤ ਸਬਜੀਆਂ ਉਗਾਉਣ ਸਮੇਤ ਮਿਲਾਵਟਖੋਰੀ ਵਾਲੇ ਖਾਦ ਪਦਾਰਥਾਂ ਅਤੇ ਪਲੀਤ ਹੋ ਰਹੇ ਵਾਤਾਵਰਣ ਸਬੰਧੀ ਵੀ ਅਹਿਮ ਨੁਕਤੇ ਸਾਂਝੇ ਕਰਨਗੇ।