ਫਰੀਦਕੋਟ, 8 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਵਲੋਂ ਅੱਜ ਜਿਲ੍ਹਾ ਹਸਪਤਾਲ ਫਰੀਦਕੋਟ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਹਨਾਂ ਨਾਲ ਸਿਵਲ ਸਰਜਨ ਫਰੀਦਕੋਟ ਡਾ. ਅਨਿਲ ਗੋਇਲ, ਸੀਨੀਅਰ ਮੈਡੀਕਲ ਅਫਸਰ ਫਰੀਦਕੋਟ ਡਾ. ਚੰਦਰ ਸ਼ੇਖਰ ਕੱਕੜ ਮੌਜੂਦ ਸਨ। ਇਸ ਮੌਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਿਵਲ ਹਸਪਤਾਲ ਫਰੀਦਕੋਟ ਵਿਖੇ ਗਰਭਵਤੀ ਔਰਤਾਂ, ਬਜੁਰਗਾਂ ਅਤੇ ਅੰਗਹੀਣ ਵਿਅਕਤੀਆਂ ਦੀ ਸਹਾਇਤਾ ਲਈ ਵਿਸ਼ੇਸ਼ ਤੌਰ ’ਤੇ ਸਥਾਪਤ ਕੀਤੇ ਹੈਲਪ ਡੈਸਕ ਦਾ ਨਿਰੀਖਣ ਕੀਤਾ ਅਤੇ ਉੱਥੇ ਕੰਮ ਕਰਦੇ ਸਟਾਫ ਦੀ ਹੌਂਸਲਾ ਅਫਜਾਈ ਵੀ ਕੀਤੀ। ਉਹਨਾਂ ਵਲੋਂ ਸਿਵਲ ਹਸਪਤਾਲ ਦੇ ਪ੍ਰਬੰਧਾਂ ’ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਸਿਵਲ ਸਰਜਨ ਫਰੀਦਕੋਟ ਨੂੰ ਕਿਹਾ ਕਿ ਜਿਲ੍ਹਾ ਹਸਪਤਾਲ ’ਚ ਆਈਸੀਯੂ ਸਥਾਪਤ ਕਰਨ ਲਈ ਕਰਵਾਈ ਸ਼ੁਰੂ ਕੀਤੀ ਜਾਵੇ। ਉਹਨਾਂ ਆਖਿਆ ਕਿ ਹਸਪਤਾਲ ’ਚ ਲਗਭਗ 67 ਪ੍ਰਤੀਸ਼ਤ ਮਰੀਜਾਂ ਦਾ ਇਲਾਜ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਬਿੱਲਕੁਲ ਮੁਫਤ ਕੀਤਾ ਜਾਂਦਾ ਹੈ, ਜਿਸ ’ਚ ਮੁਫਤ ਡਲੀਵਰੀ, ਅਪ੍ਰੇਸ਼ਨ ਅਤੇ ਗੋਡੇ ਬਦਲਣ ਦੀਆਂ ਸੇਵਾਵਾਂ ਵੀ ਸ਼ਾਮਿਲ ਹਨ। ਉਹਨਾਂ ਵਲੋਂ ਹਸਪਤਾਲ ’ਚ ਲੋਕਾਂ ਮਿਲ ਰਹੀਆਂ ਸਿਹਤ ਸੇਵਾਵਾਂ ਅਤੇ ਪ੍ਰਬੰਧਾਂ ’ਤੇ ਸੰਤੁਸ਼ਟੀ ਪ੍ਰਗਟ ਕਰਦੇ ਹੋਏ ਸਿਵਲ ਸਰਜਨ ਫਰੀਦਕੋਟ ਅਤੇ ਉਹਨਾਂ ਦੇ ਸਟਾਫ ਦੇ ਕੰਮ ਦੀ ਸ਼ਲਾਘਾ ਕੀਤੀ। ਇਸ ਮੌਕੇ ਡਾ. ਹਰਿੰਦਰ ਗਾਂਧੀ ਐਸ.ਐਮ.ਓ. ਕੋਟਕਪੁਰਾ, ਡਾ. ਪਰਮਜੀਤ ਸਿੰਘ ਬਰਾੜ ਐਸ.ਐਮ.ਓ. ਸਾਦਿਕ, ਡਾ. ਗੁਰਪ੍ਰੀਤ ਕੌਰ ਐਸ.ਐਮ.ਓ. ਆਈ ਮੋਬਾਇਲ ਯੂਨਿਟ, ਡਾ. ਵਿਸ਼ਵਦੀਪ ਗੋਇਲ, ਡਾ. ਸਰਵਦੀਪ ਰੋਮਾਣਾ, ਸੁਮਿਤ ਸ਼ਰਮਾ ਏਸੀਐਫਏ, ਸੁਪਰਡੈਂਟ ਬਲਜੀਤ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਸੁਧੀਰ ਧੀਰ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਹਾਜਰ ਸਨ।