“ਸਿੱਖਾਂ ਦਾ ਦਾਨ; ਸਿੱਖਾਂ ਨੂੰ ਹੋਣਾ ਚਾਹੀਦਾ ਹੈ” ਇਸ ਵਿਸ਼ੇ ਉੱਤੇ ਮੇਰੀਆਂ ਪੰਜ ਵੀਡੀਓ ਅਤੇ ਲੇਖਾਂ ਵਿੱਚ ਕੀਤੀ ਬੇਨਤੀ ਨਾਲ ਕੁਝ ਸਿੱਖ ਸਹਿਮਤ ਨਹੀਂ ਹਨ। “ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ” ਵਾਲੀ ਤੁਕ ਨੂੰ ਆਧਾਰ ਬਣਾ ਕੇ ਕੁਝ ਸੱਜਣ, ਮੇਰੀ ਇਸ ਪੰਥ-ਹਿਤੈਸ਼ੀ ਬੇਨਤੀ ਦਾ ਵਿਰੋਧ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ “ਮਾਨਸ ਕੀ ਜਾਤ” ਗੁਰੂ ਜੀ ਦੀ ਲਿਖੀ ਤੁਕ ਹੋਣ ਕਰਕੇ; ਗੈਰ-ਸਿੱਖਾਂ ਨੂੰ ਦਾਨ ਕਰਨਾ, ਕੋਈ ਗਲਤੀ ਨਹੀਂ। ਉਹਨਾਂ ਸੱਜਣਾਂ ਦੀਆਂ ਗੱਲਾਂ ਤੋਂ ਇਸ ਤਰ੍ਹਾਂ ਲੱਗਦਾ ਹੈ ਕਿ ਉਹਨਾਂ ਨੇ ‘ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ’ ਵਾਲਾ ਸਾਰਾ ਸ਼ਬਦ ਪੜ੍ਹਿਆ ਹੀ ਨਹੀਂ, ਤੱਤ ਤਾਂ ਸਮਝਣਾ ਹੀ ਕੀ ਸੀ; ਪਰ ਇਹ ਸੱਜਣ ਸਿਰ ਅੜਾਈ ਜ਼ਰੂਰ ਕਰਦੇ ਹਨ। ਗੁਰੂ ਜੀ ਦੇ ਲਿਖੇ ਇਸ ਸ਼ਬਦ ਵਿੱਚ ਦਾਨ ਕਰਨ ਬਾਰੇ ਸੰਕੇਤ-ਮਾਤਰ ਵੀ ਨਹੀਂ। ਇਸ ਪੂਰੇ ਸ਼ਬਦ ਵਿੱਚ ਅਤੇ ਪੂਰੀ ‘ਅਕਾਲ ਉਸਤਤ’ ਵਿੱਚ ਕਿਤੇ ਵੀ ਇਹ ਨਹੀਂ ਲਿਖਿਆ “ਸਿੱਖ ਅਤੇ ਗੈਰ-ਸਿੱਖ, ਏਕ ਸਮਾਨ ਪਹਿਚਾਨਬੋ ਜਾਂ ਸਿੱਖਾਂ ਨੂੰ ਛੱਡ ਕੇ ਗੈਰ-ਸਿੱਖਾਂ ਨੂੰ ਦਾਨ ਕਰਨਾ ਚਾਹੀਦਾ ਹੈ”। ਇਹ ਤੁਕਾਂ ਇਸ ਤਰ੍ਹਾਂ ਹਨ:-
ਕੋਊ ਭਇਓ ਮੁੰਡੀਆ ਸੰਨਿਆਸੀ ਕੋਊ ਜੋਗੀ ਭਇਓ ਕੋਊ ਬ੍ਰਹਮਚਾਰੀ ਕੋਊ ਜਤੀ ਅਨੁਮਾਨਬੋ ॥
ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ ॥
ਇਸ ਸ਼ਬਦ ਵਿੱਚ ਤਾਂ ਮਨੁੱਖਾਂ ਦੀ ਵਿਵਿਧਤਾ ਦਾ ਵਰਣਨ ਕਰਕੇ, ਸਭ ਦੀ ਜਾਤ ‘ਇੱਕ’ ਹੀ ਮੰਨੀ ਗਈ ਹੈ। ਜੋ ਸੱਜਣ ‘ਮਾਨਸ ਕੀ ਜਾਤ’ ਵਾਲੀ ਤੁਕ ਨੂੰ ਆਧਾਰ ਬਣਾ ਕੇ, ਸਿੱਖਾਂ ਨੂੰ ਛੱਡ ਕੇ, ਗੈਰ-ਸਿੱਖਾਂ ਨੂੰ ਦਾਨ ਕਰਨਾ ਚਾਹੁੰਦੇ ਹਨ; ਉਹ ਸੱਜਣ ਵਿਚਾਰ ਕਰਨ: ਜਦੋਂ ਇਸ ਤੁਕ ਅਨੁਸਾਰ, ਸਾਰੇ ਮਨੁੱਖਾਂ ਦੀ ਜਾਤ ਇੱਕੋ ਹੀ ਹੈ; ਫਿਰ ਵੀ ਸਿੱਖਾਂ ਨੇ ਅਮਲੀ ਰੂਪ ਵਿੱਚ ਜਾਤ ਮੰਨਣੀ ਨਹੀਂ ਛੱਡੀ। ਪਰ ਗੁਰੂ ਜੀ ਦੀ ਲਿਖੀ ਤੁਕ ਦਾ ਅਰਥ ਸਮਝੇ ਤੋਂ ਬਿਨਾਂ ਹੀ, ਮੈਨੂੰ ਦੱਸਦੇ ਹਨ : “ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ, ਗੁਰੂ ਜੀ ਨੇ ਲਿਖਿਆ ਹੈ, ਇਸ ਕਰਕੇ ਸਿੱਖਾਂ ਦਾ ਦਾਨ ਕਿਸੇ ਨੂੰ ਵੀ ਹੋ ਸਕਦਾ ਹੈ; ਕੇਵਲ ਸਿੱਖਾਂ ਨੂੰ ਕਰਨਾ ਜ਼ਰੂਰੀ ਨਹੀਂ”।
ਸਿੱਖ ਵੀਰੋ, ਮੇਰੀ ਬੇਨਤੀ ਹੈ ਕਿ ‘ਮਾਨਸ ਦੀ ਜਾਤ’ ਵਾਲੀ ਤੁਕ ਪੜ੍ਹ ਕੇ, ਸਿੱਖਾਂ ਦਾ ਪੈਸਾ ਗੈਰ-ਸਿੱਖਾਂ ਨੂੰ ਦਾਨ ਨਾ ਕਰੋ। ਸਿੱਖ ਦਾ ਦਾਨ ਕੇਵਲ ਸਿੱਖਾਂ ਨੂੰ ਹੀ ਚਾਹੀਦਾ ਹੈ ਕਿਉਂਕਿ ਸਤਿਗੁਰੂ ਗੋਬਿੰਦ ਸਿੰਘ ਜੀ ਦਾ ਬਚਨ ਹੈ “ਦਾਨ ਦਯੋ ਇਨਹੀ ਕੋ ਭਲੋ, ਅਰੁ ਆਨ ਕੋ ਦਾਨ ਨ ਲਾਗਤ ਨੀਕੋ” (ਪਾ ੧੦)। ਭਾਵ: ਸਿੱਖਾਂ ਵੱਲੋਂ ਸਿੱਖਾਂ ਨੂੰ ਦਿੱਤਾ ਦਾਨ ਹੀ ਮੈਨੂੰ ਚੰਗਾ ਲੱਗਦਾ ਹੈ। ਕਿਸੇ ਹੋਰ ਨੂੰ ਦਿੱਤਾ ਦਾਨ, ਮੈਨੂੰ ਚੰਗਾ ਨਹੀਂ ਲੱਗਦਾ।
‘ਮਾਨਸ ਕੀ ਜਾਤ’ ਦਾ ਅਰਥ ਕਿਸੇ ਵੀ ਤਰ੍ਹਾਂ ਇਹ ਨਹੀਂ ਬਣਦਾ ਕਿ ਸਿੱਖਾਂ ਨੂੰ ਛੱਡ ਕੇ ਗੈਰ-ਸਿੱਖਾਂ ਨੂੰ ਦਾਨ ਕੀਤਾ ਜਾਵੇ। ਪਰੰਤੂ ਜੇ ਮੇਰਾ ਇਹ ਲੇਖ ਪੜ੍ਹ ਕੇ ਫਿਰ ਵੀ ਉਹਨਾਂ ਸੱਜਣਾਂ ਦਾ ਮਨ ਗੈਰ-ਸਿੱਖਾਂ ਨੂੰ ਦਾਨ ਕਰਨ ਵਾਸਤੇ ਬਣਦਾ ਹੈ ਤਾਂ ਮੈਨੂੰ ਬਾਣੀ ਵਿੱਚੋਂ ਕੋਈ ਤੁਕਾਂ ਲੱਭ ਕੇ ਦੱਸਣ, ਜਿਹਨਾਂ ਵਿੱਚ ਇਹ ਹੁਕਮ ਹੋਵੇ ਕਿ ਸਿੱਖਾਂ ਨੂੰ ਛੱਡ ਕੇ ਗੈਰ-ਸਿੱਖਾਂ ਨੂੰ ਦਾਨ ਕਰਨਾ ਚਾਹੀਦਾ ਹੈ; ਮੈਂ ਆਪਣੇ ਵਿਚਾਰ ਬਦਲਣ ਨੂੰ ਤਿਆਰ ਹਾਂ। ਜੇ ਕੋਈ ਤੁਕ ਨਹੀਂ ਦੱਸ ਸਕਦੇ ਤਾਂ ਉਹ ਮੇਰੇ ਵਿਚਾਰਾਂ ਨਾਲ ਸਹਿਮਤ ਹੋ ਜਾਣ ਅਤੇ ਸਿੱਖਾਂ ਦਾ ਦਾਨ ਕੇਵਲ ਸਿੱਖਾਂ ਨੂੰ ਹੀ ਕਰਨ ਕਿਉਂਕਿ, ਸਤਿਗੁਰੂ ਰਾਮਦਾਸ ਜੀ ਦਾ ਬਚਨ ਹੈ “ਗੁਰਸਿਖਾਂ ਅੰਦਰਿ ਸਤਿਗੁਰੂ ਵਰਤੈ ਜੋ ਸਿਖਾਂ ਨੂੰ ਲੋਚੈ ਸੋ ਗੁਰ ਖੁਸੀ ਆਵੈ”। (ਪੰਨਾ 317)

ਠਾਕੁਰ ਦਲੀਪ ਸਿੰਘ
Leave a Comment
Your email address will not be published. Required fields are marked with *