ਡਾ. ਦੇਵਿੰਦਰ ਸੈਫੀ ਨੇ ਆਪਣੀ ਪ੍ਰਸਿੱਧ ਕਵਿਤਾ ‘ਨੀਂ ਕੁੜੀਓ ਹੱਸਦੀਆਂ ਰਹੋ’ ਕੀਤੀ ਪੇਸ਼
ਕੋਟਕਪੂਰਾ, 20 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਡਾ. ਚੰਦਾ ਸਿੰਘ ਮਰਵਾਹ ਸਰਕਾਰੀ ਸੀਨੀ. ਸੈਕੰਡਰੀ ਸਕੂਲ (ਲੜਕੀਆਂ) ਵਿਖੇ ਉੱਘੇ ਸਾਹਿਤਕਾਰ ਡਾ. ਦੇਵਿੰਦਰ ਸੈਫੀ ਦਾ ਸਿੱਖੀ ਸ਼ਹਾਦਤਾਂ ਦੀ ਯਾਦ ’ਚ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਆਰੰਭ ’ਚ ਪਿ੍ਰੰਸੀਪਲ ਪ੍ਰਭਜੋਤ ਸਿੰਘ ਨੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਹਿਤ ਉਲੀਕੀਆਂ ਆਪਣੀਆਂ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਡਾ. ਸੈਫੀ ਦੀਆਂ ਲਿਖਤਾਂ ਬਾਰੇ ਜਾਣ-ਪਛਾਣ ਕਰਵਾ ਕੇ ਸਿੱਖਿਆ, ਪੰਜਾਬੀ ਭਾਸ਼ਾ ਅਤੇ ਸਮਾਜਸੇਵਾ ਹਿਤ ਕੀਤੇ ਉਹਨਾਂ ਦੇ ਕਾਰਜਾਂ ਦੀ ਵਾਕਫੀਅਤ ਕਰਵਾਈ ਤੇ ਜੀ ਆਇਆਂ ਕਿਹਾ। ਆਪਣੇ ਭਾਸ਼ਣ ਦੌਰਾਨ ਗੁਰੂ ਤੇਗ ਬਹਾਦਰ ਅਤੇ ਛੋਟੇ ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਵਿਸ਼ੇਸ਼ ਤੌਰ ’ਤੇ ਯਾਦ ਕਰਦਿਆਂ ਡਾ. ਸੈਫੀ ਨੇ ਗੁਰਬਾਣੀ ਅਤੇ ਇਤਿਹਾਸ ਉੱਪਰ ਸਾਂਝੇ ਤੌਰ ’ਤੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਗੁਰਮਤਿ ਸਾਹਿਤ ਬੰਦੇ ਦੀ ਉਚੇਰੀ ਚੇਤਨਾ ਅਤੇ ਗੌਰਵਤਾ ਲਈ ਜਿਹੜੀ ਬੁਨਿਆਦ ਤਿਆਰ ਕਰਦਾ ਹੈ, ਉਸਨੂੰ ਗੁਰੂ ਅਰਜਨ ਪਾਤਸ਼ਾਹ, ਗੁਰੂ ਤੇਗ ਬਹਾਦਰ, ਸਾਹਿਬਜਾਦਿਆਂ ਅਤੇ ਸਿਦਕੀ ਸਿੱਖਾਂ ਵਲੋਂ ਵਿਹਾਰਕ ਤੌਰ ਉੱਪਰ ਵੱਡੀਆਂ ਕੁਰਬਾਨੀਆਂ ਦੇ ਕੇ ਦਿ੍ਰੜ ਕਰ ਦਿੱਤਾ ਜਾਂਦਾ ਹੈ। ਇਹਨਾਂ ਸਭ ਸ਼ਹਾਦਤਾਂ ਦਾ ਪੂਰਾ ਇਤਿਹਾਸ ਸਾਨੂੰ ਉਚੇਰੇ ਜੀਵਨ ਮਾਰਗਾਂ ਵੱਲ ਪ੍ਰੇਰਦਾ ਹੈ। ਅਫਸੋਸ ਕਿ ਅਸੀਂ ਐਨੀਆਂ ਵੱਡੀਆਂ ਕੁਰਬਾਨੀਆਂ ਨੂੰ ਛੋਟੇ-ਛੋਟੇ ਹਿਤਾਂ ਅਤੇ ਖਾਣ ਪੀਣ ਦੀਆਂ ਅਲਾਮਤਾਂ ਤੱਕ ਸੀਮਤ ਕਰਕੇ ਅਸਲ ਧਰਮ ਅਤੇ ਰੌਸ਼ਨੀ ਦੇ ਤੱਤ ਤੋਂ ਅਣਭਿੱਜ ਹੀ ਰਹਿ ਜਾਂਦੇ ਹਾਂ। ਉਹਨਾਂ ਵਿਦਿਆਰਥੀਆਂ ਦੇ ਪੱਧਰ ਦੀਆਂ ਵਿਗਿਆਨਕ ਉਦਾਹਰਨਾਂ ਦੇ ਕੇ ਜੀਵਨ ਦੀ ਉਚਾਈ ਅਤੇ ਅਧਿਐਨ ਉੱਪਰ ਜੋਰ ਦਿੱਤਾ। ਇਸ ਮੌਕੇ ਜੋਰਦਾਰ ਤਾੜੀਆਂ ’ਚ ਉਹਨਾਂ ਆਪਣੀ ਪ੍ਰਸਿੱਧ ਕਵਿਤਾ “ਨੀਂ ਕੁੜੀਓ ਹੱਸਦੀਆਂ ਰਹੋ’’ ਵੀ ਪੇਸ਼ ਕੀਤੀ। ਇਸ ਮੌਕੇ ਉਹਨਾਂ ਵਲੋਂ ਲਿਖਿਆ ਗੀਤ “ਜੋਰ ਜੁਲਮ ਦੇ ਅੱਗੇ ਸੱਚ ਨੂੰ ਨਹੀਂ ਝੁਕਾ ਸਕਦੇ’’ ਖੂਬਸੂਰਤ ਸੁਰਾਂ ਨਾਲ ਹਰਮਨਜੋਤ ਸਿੰਘ ਨੇ ਪੇਸ਼ ਕੀਤਾ। ਸਕੂਲ ਦੇ ਵਿਦਿਆਰਥੀਆਂ ਨੇ ਸਿੱਖ ਕੌਮ ਦੇ ਇਤਿਹਾਸ ਤੇ ਸੰਘਰਸ਼ ਵਾਲੀਆਂ ਕਵਿਤਾਵਾਂ ਪੇਸ਼ ਕੀਤੀਆਂ। ਮੰਚ ਸੰਚਾਲਨ ਦੀ ਭੂਮਿਕਾ ਕੁਲਵਿੰਦਰ ਸਿੰਘ ਨੇ ਨਿਭਾਈ। ਸਮੂਹ ਅਧਿਆਪਕਾਂ ਰਜਿੰਦਰ ਸਿੰਘ, ਗੁਰਤੇਜ ਸਿੰਘ, ਚੰਦਨ ਸਿੰਘ, ਮਨੋਹਰ ਲਾਲ ਸਮੇਤ ਪਵਨਜੀਤ ਕੌਰ, ਬਲਜੀਤ ਰਾਣੀ, ਸ਼ਵਿੰਦਰ ਕੌਰ ਆਦਿ ਨੇ ਡਾ. ਸੈਫੀ ਦਾ ਉਚੇਚਾ ਧੰਨਵਾਦ ਕੀਤਾ। ਸਮੁੱਚੇ ਪ੍ਰੋਗਰਾਮ ਦੀ ਸੰਪੰਨਤਾ ਉਪਰੰਤ ਪਿ੍ਰੰਸੀਪਲ ਦਫਤਰ ਵਿੱਚ ਮਹਿਮਾਨ ਭਾਸ਼ਣਕਰਤਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।
Leave a Comment
Your email address will not be published. Required fields are marked with *