ਅੱਜ ਤਸਵੀਰਾਂ ਦੇਖਦੇ ਹੋਏ ਇਹ ਤਸਵੀਰ ਸਾਹਮਣੇ ਆ ਗਈ। ਇੱਕ ਦਮ ਦਿਲ ਨੂੰ ਧੂਹ ਜਿਹੀ ਪਾ ਗਈ। ਇਹ ਤਸਵੀਰ 2022 ਜ਼ਿਮਨੀ ਚੋਣ ਧੂਰੀ ਦੀ ਹੈ, ਜਦੋ ਮੈਂ ਸ: ਸਿਮਰਨਜੀਤ ਸਿੰਘ ਮਾਨ ਜੀ ਨੂੰ ਚੋਣਾਂ ਲਈ ਸਪੋਰਟ ਕਰਣ ਲਈ ਧੂਰੀ ਗਈ ਸੀ। ਪਹਿਲੀ ਵਾਰ ਮੈਂ ਉੱਥੇ ਸ: ਹਰਮੇਲ ਸਿੰਘ ਯੋਧੇ ਜੀ ਅਤੇ ਸ: ਗੁਰਮੀਤ ਸਿੰਘ ਬੁੱਕਣਵਾਲਾ ਜੀ ਨੂੰ ਮਿਲੀ ਸੀ। ਦੋਨਾਂ ਵੀਰਾਂ ਨੇ ਆਪਣੀ ਇਸ ਭੈਣ ਨੂੰ ਬਹੁਤ ਸਤਿਕਾਰ ਦਿੱਤਾ। ਲੇਖਕ ਵਜੋਂ ਮੈਨੂੰ ਵੀਰੇ ਹੋਰਾਂ ਨੇ ਬਹੁਤ ਉਤਸ਼ਾਹ ਦਿੱਤਾ ਅਤੇ ਕਿਹਾ ਕਿ ਭੈਣੇ ਪੰਜਾਬ ਅਤੇ ਕੌਮ ਦੇ ਦਰਦ ਨੂੰ ਵੀ ਸਮੇਂ ਸਮੇਂ ਆਪਣੀ ਕਲਮ ਨਾਲ ਜ਼ਰੂਰ ਬਿਆਨ ਕਰਦੇ ਰਹਿਣਾ। ਪੰਜਾਬ ਲਈ ਅਤੇ ਸਿੱਖ ਕੌਮ ਲਈ ਉੱਨਾਂ ਦੇ ਦਿਲਾਂ ਵਿੱਚ ਕਿੰਨਾਂ ਦਰਦ ਹੈ ਮੈਂ ਉੱਨਾਂ ਨਾਲ ਵਿਚਾਰ ਚਰਚਾ ਕਰਦਿਆਂ ਉਸ ਦਿਨ ਪੂਰਾ ਮਹਿਸੂਸ ਕੀਤਾ। ਉਸ ਦਿਨ ਮੈਂ ਸੋਚਿਆ ਵੀ ਨਹੀਂ ਸੀ ਕਿ ਇੰਨਾਂ ਮਿੱਠਾ ਬੋਲਣ ਵਾਲੇ ਵੀਰਾਂ ਨੂੰ, ਮੇਰੇ ਵਰਗੀ ਇੱਕ ਅਣਜਾਨ ਨੂੰ ਵੀ ਸਤਿਕਾਰ ਦੇਣ ਵਾਲੇ ਵੀਰਾਂ ਨੂੰ, ਹਲੀਮੀ ਨਾਲ ਵਿਚਾਰ ਕਰਣ ਵਾਲੇ ਵੀਰਾਂ ਨੂੰ ਜਾਲਮ ਕਦੇ ਜੇਲ ਵਿੱਚ ਬੰਦ ਕਰ ਦੇਣਗੇ। ਉਸ ਤੋਂ ਬਾਦ ਗੁਰਮੀਤ ਸਿੰਘ ਬੁੱਕਣਵਾਲਾ ਵੀਰ ਨਾਲ ਤਾਂ ਕਦੇ ਮੁਲਾਕਾਤ ਨਹੀਂ ਹੋ ਪਾਈ ਪਰ ਹਰਮੇਲ ਸਿੰਘ ਯੋਧੇ ਵੀਰ ਨਾਲ ਅਕਸਰ ਮਾਨ ਸਾਹਿਬ ਦੀ ਪਾਰਟੀ ਵੱਲੋਂ ਉਲੀਕੇ ਜਾਂਦੇ ਪ੍ਰੋਗਰਾਮਾਂ ਵਿੱਚ ਮੈਂ ਮਿਲਦੇ ਰਹਿਣਾ। ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਨਾਲ ਅਤੇ ਸ: ਸਿਮਰਨਜੀਤ ਸਿੰਘ ਮਾਨ ਜੀ ਨਾਲ ਹਰਮੇਲ ਵੀਰੇ ਨੂੰ ਹਰ ਸਮੇਂ ਕਾਰਜਾਂ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਵੇਖਣਾ। ਸੱਚੀਂ ਬੜੀ ਹੀ ਰੂਹ ਖੁਸ਼ ਹੋਣੀ ਕੀ ਇਹ ਸਭ ਵੀਰ ਕੌਮ ਨੂੰ ਸਹੀ ਦਿਸ਼ਾ ਵੱਲ ਵਾਪਿਸ ਲਿਆਉਣ ਲਈ ਦਿਨ ਰਾਤ ਇੱਕ ਕਰ ਰਹੇ ਹਨ। ਕਿੱਧਰੇ ਖ਼ਾਲਸਾ ਵਹੀਰ ਨਿਕਲਣੀ, ਕਿੱਧਰੇ ਅੰਮ੍ਰਿਤ ਸੰਚਾਰ ਹੋਣਾ, ਕਿੱਧਰੇ ਵੀਰਾਂ ਨੇ ਸਿੰਘ ਸੱਜਣਾ, ਨੀਲੀਆਂ ਤੇ ਪੀਲੀਆਂ ਦਸਤਾਰਾਂ ਫੱਬਣੀਆ, ਟੁੱਟੇ ਹੋਏ ਅਸੀਂ ਸਾਰੇ ਸਿੱਖੀ ਤੋਂ ਦੁਬਾਰਾ ਆਪਣੀਆਂ ਕਦਰਾਂ ਕੀਮਤਾਂ ਵੱਲ ਵੱਧ ਰਹੇ ਸੀ। ਰੋਜ਼ ਸਵੇਰੇ ਸ਼ਾਮ ਇੰਨਾਂ ਵੀਰਾਂ ਦੀਆਂ ਪੋਸਟਾਂ ਦੇਖਣੀਆਂ, ਵਿਡਿਉ ਦੇਖਣੀਆਂ, ਇੰਟਰਵਿਉ ਸੁਨਣੀਆਂ, ਇੰਨਾਂ ਵੱਲੋਂ ਰੱਖੇ ਕੁਝ ਸਮਾਗਮਾਂ ਵਿੱਚ ਮੈਂ ਖੁਦ ਵੀ ਗਈ, ਕਿੰਨੀ ਰੂਹ ਖੁਸ਼ ਹੋਣੀ। ਹਰ ਦਿਨ ਨਵਾਂ ਲੱਗਣਾ, ਹਰ ਦਿਨ ਖੁਸ਼ੀਆਂ ਭਰਿਆ ਹੋਣਾ, ਹਰ ਰੋਜ਼ ਕੁਝ ਨਵਾਂ ਕੁਝ ਚੰਗਾ ਸੁਨਣ ਨੂੰ ਮਿਲਣਾ। ਅਸੀ ਖੁਦ ਆਪਣੇ ਬੱਚਿਆਂ ਨੂੰ ਦੱਸਣਾ ਪੁੱਤ ਇਹ ਹਾਂ ਅਸੀਂ, ਇਹ ਹੈ ਸਾਡੀ ਅਸਲ ਸ਼ਖਸਿਅਤ, ਇਹ ਹੈ ਸਾਡਾ ਅਸਲ ਵਜੂਦ। ਸਾਡੇ ਬੱਚਿਆਂ ਦਾ ਕੋਈ ਦੋਸ਼ ਨਹੀ ਜੋ ਅੱਜ ਸਿੱਖੀ ਤੋਂ ਟੁੱਟੇ ਹੋਏ ਹਨ, ਕਸੂਰ ਸਾਡਾ ਹੈ ਕਿਉਂਕਿ ਅਸੀ ਖੁਦ ਟੁੱਟੇ ਹਾਂ ਜਾਂ ਕਹਿ ਲਓ 84 ਤੋਂ ਬਾਦ ਸਾਡੇ ਬਜ਼ੁਰਗ ਟੁੱਟ ਗਏ ਸਨ ਸਿੱਖੀ ਨਾਲੋਂ ਜਾਂ ਕਹਿ ਲਉ ਗੰਦੀਆਂ ਸਰਕਾਰਾਂ ਨੇ ਤੋੜ ਦਿੱਤਾ ਸੀ। ਪਰ ਦੀਪ ਸਿੱਧੂ ਵੀਰ ਨੇ ਇੱਕ ਵਾਰ ਦੁਬਾਰਾ ਜਾਂ ਫਿਰ ਉਸਦੇ ਜਾਣ ਤੋਂ ਬਾਦ ਅੰਮ੍ਰਿਤ ਵੀਰ ਨੇ ਅਤੇ ਉਸ ਨਾਲ ਡਟੇ ਹਰਮੇਲ ਸਿੰਘ ਯੋਧੇ ਅਤੇ ਗੁਰਮੀਤ ਸਿੰਘ ਬੁੱਕਣਵਾਲੇ ਵਰਗੇ ਹਜ਼ਾਰਾਂ ਦਲੇਰ ਵੀਰਾਂ ਨੇ ਸਾਨੂੰ ਟੁੱਟਿਆਂ ਨੂੰ ਫਿਰ ਸਿੱਖੀ ਨਾਲ ਆਪਣੀ ਹੋਂਦ ਨਾਲ ਜੋੜਣ ਦਾ ਹੋਕਾ ਦਿੱਤਾ। ਪਰ ਮਾੜੀਆਂ ਨਜ਼ਰਾਂ, ਮਾੜੀਆਂ ਨੀਤੀਆਂ, ਮਾੜੇ ਕਨੂੰਨਾ, ਮਾੜੀਆਂ ਸਰਕਾਰਾਂ ਅਤੇ ਮਾੜੇ ਪੁਲਿਸ ਪ੍ਰਸ਼ਾਸਨ ਨੇ ਇੱਕ ਵਾਰ ਫਿਰ ਸਾਡੀਆਂ ਖੁਸ਼ੀਆਂ ਰੋਲ਼ ਕੇ ਰੱਖ ਦਿੱਤੀਆਂ। ਐਂਵੇ ਤਾਂ ਨਹੀ ਕਹਿੰਦੇ-
ਸਾਨੂੰ ਵੈਰੀ ਤੋਂ ਕੋਈ ਖ਼ਤਰਾ ਨਹੀਂ
ਸਿੱਖ ਕੌਮ ਡਰੇ ਗੱਦਾਰਾਂ ਤੋਂ
ਜਦੋਂ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਯੋਧਿਆਂ ਨੂੰ ਫੜਣ ਲਈ ਪੁਲਿਸ ਪ੍ਰਸ਼ਾਸਨ ਭੱਜਿਆ ਫਿਰ ਰਿਹਾ ਸੀ ਅਤੇ ਮੀਡੀਆ ਭਾਈਚਾਰਾ ਪਾਗਲ ਹੋ ਚੁੱਕਾ ਸੀ ਅਤੇ ਸਰਕਾਰਾਂ ਜਸ਼ਨ ਮਣਾਂ ਰਹੀਆਂ ਸਨ ਤਾਂ ਮੈਂ ਸੋਚ ਰਹੀ ਸੀ ਕਿ ਇਹ ਜੋ ਸਾਡੇ ਵੀਰਾਂ ਨੂੰ ਫੜਣ ਲਈ ਭੱਜੇ ਫਿਰਦੇ ਹਨ ਇਹ ਵੀ ਤਾਂ ਕਈ ਸਿੱਖ ਹੀ ਹਨ, ਕਈ ਗੱਦਾਰ ਆਪਣੇ ਨਾਮ ਨਾਲ ਸਿੰਘ ਲਾਉਂਦੇ ਹਨ। ਮੈਂ ਉਸ ਸਮੇਂ ਇਤਿਹਾਸ ਦੇ ਪੰਨੇ ਫਰੋਲ ਰਹੀ ਸੀ। 1984 ਤੋਂ 1995 ਦਾ ਦੌਰ, 1947 ਦਾ ਦੌਰ, ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਦ ਦਾ ਦੌਰ, ਦਸਮ ਪਾਤਸ਼ਾਹ ਦਾ ਦੌਰ, ਸਭ ਵੱਲ ਝਾਤ ਮਾਰੀ ਮੈਂ। ਉਦੋਂ ਵੀ ਤਾਂ ਇਹ ਸਭ ਹੁੰਦਾ ਸੀ। ਜਾਲਮਾਂ ਨੇ ਉਸ ਸਮੇਂ ਤਾਂ ਨਿੱਕੇ ਨਿੱਕੇ ਬੱਚੇ ਵੀ ਨਹੀ ਸਨ ਛੱਡੇ ਕਤਲ ਕਰਣ ਤੋਂ। ਇਤਿਹਾਸ ਦੇ ਪੰਨੇ ਫਰੋਲਦੇ ਹੋਏ ਮੈਂਨੂੰ ਇੰਝ ਮਹਿਸੂਸ ਹੋਇਆ ਕਿ ਇਹ ਲੜਾਈ ਅੱਜ ਦੀ ਨਹੀਂ ਆ ਇਹ ਜੰਗ ਸਤਿਯੁਗ ਦੀ ਹੀ ਹੈ। ਜੋ ਬਾਰ ਬਾਰ ਉਪਜਦੀ ਹੈ। ਕਿਉਂਕਿ ਉਸ ਸਮੇਂ ਦੇ ਹੋਏ ਬੇਪਨਾਹ ਕਤਲਾਂ ਨੂੰ ਇਨਸਾਫ਼ ਨਹੀਂ ਮਿਲਿਆ। ਉਹ ਰੂਹਾਂ ਮੁੜ ਮੁੜ ਧਰਤੀ ਤੇ ਆਉਂਦੀਆਂ ਹਨ। ਆਪਣਾ ਹਿਸਾਬ ਕਰਣ, ਆਪਣਾ ਹੱਕ ਲੈਣ, ਆਪਣਾ ਇਨਸਾਫ਼ ਮੰਗਣ। ਇਹ ਜਾਲਮ ਸ਼ਾਸਕ ਅਤੇ ਇੰਨਾਂ ਦੇ ਪ੍ਰਸ਼ਾਸਨ ਦੇ ਕਰਮਚਾਰੀ ਵੀ ਤਾਂ ਉਹ ਹੀ ਨੇ। ਮੈਨੂੰ ਕਿਸੇ ਵਿੱਚ ਜਕਰੀਆ ਖਾਨ ਤੇ ਉਸਦੇ ਸਿਪਾਹੀ ਦਿਖਦੇ ਹਨ, ਕਿਸੇ ਵਿੱਚੋਂ ਮੈਨੂੰ ਉਹ ਜੱਲਾਦ ਦਿਖਦੇ ਹਨ ਜਿੰਨਾਂ ਛੋਟੇ ਸਾਹਿਬਜ਼ਾਦਿਆਂ ਨੂੰ ਵੀ ਦਿਵਾਰ ਵਿੱਚ ਚਿਣ ਕੇ ਕਤਲ ਕਰ ਦਿੱਤਾ ਸੀ। ਅੱਖਾਂ ਭਰ ਆਉਂਦੀਆਂ ਹਨ ਮੇਰੀਆਂ। ਮਨ ਭਰ ਆਉਂਦਾ ਹੈ ਮੇਰਾ। ਉਦਾਸੀ ਦੀ ਡੂੰਘੀ ਅਵਸਥਾ ਵਿੱਚ ਲੈ ਜਾਂਦੀ ਹਾਂ ਮੈਂ ਖੁਦ ਨੂੰ, ਪਰ ਫਿਰ ਮਾਈ ਭਾਗੋ ਸਾਹਮਣੇ ਆ ਖੜਦੀ ਹੈ ਤੇ ਹਲੂਣਾ ਦਿੰਦੀ ਹੈ ਕਿ ਜੰਗ ਅਜੇ ਬਾਕੀ ਹੈ ਜਾਲਮ ਅਜੇ ਬਾਕੀ ਹੈ। ਬੱਸ ਇਸੇ ਲਈ ਸਾਡੀ ਉਮੀਦ ਵੀ ਇੰਨਾਂ ਵੀਰਾਂ ਕੋਲ਼ੋਂ ਅਜੇ ਬਾਕੀ ਹੈ। ਮੇਰੀ ਕਲਮ ਨੇ ਤੇ ਮੇਰੀ ਨਜ਼ਰ ਨੇ ਸਿਰਫ ਇਹ ਦੇਖਣਾ ਹੈ ਕਿ ਆਉਣ ਵਾਲੇ ਇਤਿਹਾਸ ਵਿੱਚ ਕਿਹੜਾ ਜਰਵਾਣਾ ਬਣਦਾ ਹੈ ਤੇ ਕਿਹੜਾ ਗੁਰੂ ਦਾ ਸਿੱਖ, ਕਿਹੜਾ ਇੰਦਰਾ ਬਣਦਾ ਹੈ ਤੇ ਕਿਹੜਾ ਸੰਤ ਸਿਪਾਹੀ, ਕਿਹੜਾ ਜਰਨਲ ਵੈਦੇਆ ਬਣਦਾ ਹੈ ਤੇ ਕਿਹੜਾ ਸੁੱਖਾ ਜਿੰਦਾ, ਕਿਹੜਾ ਬੇਅੰਤ ਬਣਦਾ ਹੈ ਤੇ ਕਿਹੜਾ ਦਿਲਾਵਰ, ਕਿਹੜਾ ਕੇ ਪੀ ਐਸ ਗਿੱਲ ਬਣਦਾ ਹੈ ਤੇ ਕਿਹੜਾ ਜਸਵੰਤ ਖਾਲੜਾ, ਕਿਹੜਾ ਨਿਹੰਗ ਪੂਹਲਾ ਬਣਦਾ ਏ ਤੇ ਕਿਹੜਾ ਨਵਤੇਜ, ਕਿਹੜਾ ਸੁਮੇਧ ਸੈਣੀ ਬਣਦਾ ਹੈ ਤੇ ਕਿਹੜਾ ਹਵਾਰਾ। ਕਲਮ ਨੇ ਤਾਂ ਲਿਖਣਾ ਹੈ ਇਤਿਹਾਸ। ਦੇਖੋ ਕਿਹੜਾ ਆਪਣਾ ਨਾਂ ਇਤਿਹਾਸ ਦੇ ਕਿਹੜੇ ਪੰਨੇ ਉੱਤੇ ਲਿਖਵਾਉਂਦਾ ਹੈ। 1000 ਤੋਂ ਵੱਧ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਯੋਧਿਆਂ ਨੂੰ ਜੇਲਾਂ ਵਿੱਚ ਬੰਦ ਕਰਣ ਵਾਲੇ ਜਾਲਮਾਂ ਦੇ ਸਿਰ ਇਤਿਹਾਸ ਵਿੱਚ ਲਾਹਨਤਾਂ ਤੋਂ ਇਲਾਵਾ ਹੋਰ ਕੁਝ ਹਾਂਸਿਲ ਨਹੀ ਹੋਣਾ। ਭਗਵੰਤ ਦੀ ਬੇਟੀ ਤਾਂ ਦੁਨੀਆ ਦੇ ਸਾਹਮਣੇ ਆ ਕੇ ਆਪਣੇ ਖੁਦ ਦੇ ਦਰਦ ਨੂੰ, ਆਪਣੇ ਪਰਿਵਾਰ ਦੇ ਦਰਦ ਨੂੰ ਅਤੇ ਪੰਜਾਬ ਦੇ ਦਰਦ ਨੂੰ ਜੋ ਬਿਆਨ ਕਰ ਰਹੀ ਹੈ ਉਸਨੇ ਆਪਣਾ ਨਾਮ ਇਤਿਹਾਸ ਦੇ ਉਸ ਪੰਨੇ ਉੱਤੇ ਲਿਖ ਲਿਆ ਜੋ ਕਿ ਉਸਨੂੰ ਉਸ ਦੀ ਆਉਣ ਵਾਲੀ ਜ਼ਿੰਦਗੀ ਵਿੱਚ ਬਹੁਤ ਹੀ ਸਤਿਕਾਰ ਯੋਗ ਬਣਾਏਗਾ। ਕਾਸ਼ ਬਾਕੀ ਦੇ ਜਾਲਮਾਂ ਦੀਆਂ ਵੀ ਔਲਾਦਾਂ ਅਤੇ ਪਰਿਵਾਰ ਵਾਲੇ ਜੇਕਰ ਉੱਨਾਂ ਖਿਲਾਫ ਮੋਰਚਾ ਖੋਲ ਦੇਣ ਅਤੇ ਨਿੱਤ ਲਾਹਨਤਾਂ ਪਾਉਣ ਤਾਂ ਅੱਜ ਸਾਡੇ ਇਹ ਸਭ ਵੀਰ ਜੇਲੋਂ ਬਾਹਰ ਹੋਣ ਅਤੇ ਦੁਬਾਰਾ ਸਾਰੀ ਦੁਨੀਆ ਸਿੱਖ ਕੌਮ ਦਾ ਉੱਚਾ ਉੱਠਦਾ ਸਿਰ ਦੇਖ ਸਕਣ। ਗੁਰੂ ਚਰਣਾ ਵਿੱਚ ਅਰਦਾਸ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਸਾਰੇ ਵੀਰਾਂ ਨੂੰ ਇੰਨਾਂ ਜਾਲਮਾਂ ਤੋਂ ਬਚਾਉਣ ਅਤੇ ਜਲਦ ਉੱਨਾਂ ਦੀ ਘਰ ਵਾਪਸੀ ਹੋਵੇ ਤਾਂ ਜੋ ਅਸੀ ਸਭ ਇੰਨਾਂ ਵੀਰਾਂ ਦੇ ਦੁਬਾਰਾ ਦਰਸ਼ਨ ਦਿਦਾਰੇ ਕਰ ਸਕੀਏ।
ਰਸ਼ਪਿੰਦਰ ਕੌਰ ਗਿੱਲ
ਲੇਖਕ, ਐਂਕਰ, ਸੰਪਾਦਕ,
ਪ੍ਰਧਾਨ- ਪੀਂਘਾਂ ਸੋਚ ਦੀਆਂ
ਸਾਹਿਤ ਮੰਚ, ਪਬਲਿਕੇਸ਼ਨ, ਵੈੱਬ ਚੈਨਲ, ਮੈਗਜ਼ੀਨ, ਸਿੱਖੀ ਫਰਜ਼ ਸਕਾਲਰਸ਼ਿਪ
+91-9888697078
Leave a Comment
Your email address will not be published. Required fields are marked with *