ਫਰੀਦਕੋਟ , 12 ਜਨਵਰੀ (ਵਰਲਡ ਪੰਜਾਬੀ ਟਾਈਮਜ਼)
ਹਰਜੀਤ ਸਿੰਘ ਐੱਸਐੱਸਪੀ ਫਰੀਦਕੋਟ ਵਲੋਂ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਾ ਤਸਕਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਪੁਲਿਸ ਨੇ ਇਕ ਮੋਟਰਸਾਈਕਲ ਲੜਕੇ ਨੂੰ 25 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੀ.ਆਈ.ਏ. ਸਟਾਫ ਜੈਤੋ ਦੇ ਇੰਚਾਰਜ ਥਾਣੇਦਾਰ ਗੁਰਲਾਲ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਕੋਟਕਪੂਰੇ ਇਲਾਕੇ ਵਿੱਚ ਮੌਜੂਦ ਸੀ ਤੇ ਗਸ਼ਤ ਦੌਰਾਨ ਉਹਨਾ ਮੋਟਰਸਾਈਕਲ ਨੰਬਰ ਪੀ.ਬੀ. 04 ਯੂ. 2196 ’ਤੇ ਸਵਾਰ ਮੋਨੇ ਨੌਜਵਾਨ ਨੂੰ ਦੇਖਿਆ, ਜੋ ਪੁਲਿਸ ਪਾਰਟੀ ਨੂੰ ਦੇਖ ਕੇ ਇਕਦਮ ਘਬਰਾ ਕੇ ਪਿੱਛੇ ਮੁੜਨ ਲੱਗਾ ਤਾਂ ਪੁਲਿਸ ਪਾਰਟੀ ਨੇ ਉਸਨੂੰ ਕਾਬੂ ਕਰਕੇ ਨਾਮ-ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਅਜੇ ਕੁਮਾਰ ਪੁੱਤਰ ਲਛਮੀਕਾਂਤ ਵਾਸੀ ਮੁਹੱਲਾ ਕਸ਼ਮੀਰੀਆਂ ਸ਼ਹੀਦ ਭਗਤ ਸਿੰਘ ਕਾਲਜ ਰੋਡ ਕੋਟਕਪੂਰਾ ਦੱਸਿਆ। ਤਲਾਸ਼ੀ ਦੌਰਾਨ ਉਸ ਕੋਲੋਂ 25 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ਦੀ ਬਜਾਰੀ ਕੀਮਤ ਕਰੀਬ ਇਕ ਲੱਖ ਰੁਪਿਆ ਦੱਸੀ ਜਾ ਰਹੀ ਹੈ। ਤਫਤੀਸ਼ੀ ਅਫਸਰ ਥਾਣੇਦਾਰ ਗੁਰਲਾਲ ਸਿੰਘ ਮੁਤਾਬਿਕ ਉਸ ਖਿਲਾਫ ਸਿਟੀ ਥਾਣਾ ਕੋਟਕਪੂਰਾ ਵਿਖੇ ਐਨ.ਡੀ.ਪੀ.ਐੱਸ ਐਕਟ ਦੀ ਧਾਰਾ 21ਬੀ/61/85 ਤਹਿਤ ਮਾਮਲਾ ਦਰਜ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਵੱਡੇ ਨਸ਼ਾ ਤਸਕਰ ਦਾ ਸੁਰਾਗ ਲਾਇਆ ਜਾ ਸਕੇ।