ਫਰੀਦਕੋਟ , 26 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼)
ਹਰਜੀਤ ਸਿੰਘ ਐਸ.ਐਸ.ਪੀ. ਫਰੀਦਕੋਟ ਵੱਲੋਂ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਾ ਤਸਕਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਸੀ.ਆਈ.ਏ. ਸਟਾਫ ਜੈਤੋ ਦੀ ਪੁਲੀਸ ਪਾਰਟੀ ਨੇ 21 ਗ੍ਰਾਮ ਹੈਰੋਇਨ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਸੀਆਈਏ ਸਟਾਫ ਜੈਤੋ ਏਐਸਆਈ ਅੰਗਰੇਜ ਸਿੰਘ ਸਮੇਤ ਪੁਲਿਸ ਪਾਰਟੀ ਚੈਕਿੰਗ ਲਈ ਜੈਤੋ ਸ਼ਹਿਰ ਤੋ ਪਿੰਡ ਜੈਤੋ ਵਿੱਚ ਦੀ ਹੁੰਦੇ ਹੋਏ ਬਾਜਾਖਾਨਾ ਵੱਲ ਨੂੰ ਜਾ ਰਹੇ ਸੀ ਤਾਂ ਜਦ ਪੁਲਿਸ ਪਾਰਟੀ ਪਿੰਡ ਸੇਢਾ ਸਿੰਘ ਵਾਲਾ ਦੇ ਬੱਸ ਅੱਡੇ ਪਾਸ ਪੁੱਜੀ ਤਾਂ ਇੱਕ ਮੋਨਾ ਨੌਜਵਾਨ ਉੱਥੇ ਖੜ੍ਹਾ ਦਿਖਾਈ ਦਿੱਤਾ। ਜਿਸ ਦੇ ਹੱਥ ਵਿੱਚ ਇੱਕ ਪਾਰਦਰਸ਼ੀ ਲਿਫਾਫਾ ਫੜਿਆ ਹੋਇਆ ਸੀ। ਉਕਤ ਨੌਜਵਾਨ ਪੁਲਿਸ ਪਾਰਟੀ ਨੂੰ ਦੇਖ ਕੇ ਇਕਦਮ ਘਬਰਾ ਗਿਆ ਅਤੇ ਪਾਰਦਰਸ਼ੀ ਲਿਫਾਫਾ ਜਮੀਨ ‘ਤੇ ਸੁੱਟ ਕੇ ਭੱਜਣ ਲੱਗਾ ਤਾਂ ਉਸ ਨੂੰ ਸ਼ੱਕ ਦੇ ਆਧਾਰ ‘ਤੇ ਪੁਲੀਸ ਪਾਰਟੀ ਨੇ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਉਸ ਨੇ ਆਪਣਾ ਨਾਮ ਅਮਨਦੀਪ ਕੁਮਾਰ ਉਰਫ ਅਮਨਾ ਪੁੱਤਰ ਅਸ਼ੋਕ ਵਾਸੀ ਸਾਧਾਂ ਵਾਲੀ ਬਸਤੀ ਮੋਗਾ ਦੱਸਿਆ। ਤਲਾਸ਼ੀ ਲੈਣ ਉਪਰੰਤ ਉਸ ਪਾਸੋਂ 21 ਗ੍ਰਾਮ ਹੈਰੋਇਨ ਮਿਲੀ। ਮੁਲਜ਼ਮ ਖਿਲਾਫ ਥਾਣਾ ਬਾਜਾਖਾਨਾ ਵਿਖੇ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ।