ਫਰੀਦਕੋਟ, 26 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼)
ਭਾਵੇਂ ਸਰੀਰਕ ਪੱਖੋਂ ਪੂਰੀ ਤਰਾਂ ਤੰਦਰੁਸਤ, ਰਿਸ਼ਟ ਪੁਸ਼ਟ ਅਤੇ ਪੜੇ ਲਿਖੇ ਨੌਜਵਾਨ ਵਿਦੇਸ਼ ਜਾਣ ਨੂੰ ਤਰਜੀਹ ਦੇ ਰਹੇ ਹਨ ਪਰ ਹਰ ਨੌਜਵਾਨ ਦੇ ਅੰਦਰਲੀ ਕਲਾ ਉਸਨੂੰ ਕੁਝ ਵੱਖਰਾ ਅਤੇ ਚੰਗਾ ਕਰਨ ਲਈ ਉਤਸ਼ਾਹਿਤ ਕਰਦੀ ਰਹਿੰਦੀ ਹੈ। ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਨੇੜਲੇ ਪਿੰਡ ਚਹਿਲ ਦੇ ਵਸਨੀਕ ਨਿਰਮਲ ਸਿੰਘ ਦੇ 24 ਸਾਲਾ ਬੇਟੇ ਜਸਕਰਨ ਸਿੰਘ ਵਲੋਂ ਬਣਾਈ ਤਸਵੀਰ ਦੀ ਪ੍ਰਸੰਸਾ ਕਰਨ ਮੌਕੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਇਹ ਨੌਜਵਾਨ ਬਚਪਨ ਤੋਂ ਹੀ ਅਰਥਾਤ ਜਮਾਂਦਰੂ ਬੋਲਣ ਅਤੇ ਸੁਣਨ ਤੋਂ ਅਸਮਰੱਥ ਹੈ ਪਰ ਇਸ ਦੇ ਬਾਵਜੂਦ ਉਕਤ ਨੌਜਵਾਨ ਨੇ ਬਾਰਵੀਂ ਤੱਕ ਪੜਾਈ ਕੀਤੀ ਤੇ ਹੁਣ ਟੈਟੂ ਦੀ ਸਿੱਖਿਆ ਹਾਸਲ ਕਰਨ ਦੇ ਨਾਲ ਨਾਲ ਡਰਾਇੰਗ ਵਿਸ਼ੇ ਵਿੱਚ ਐਨਾ ਮਾਹਰ ਹੋ ਚੁੱਕਾ ਹੈ ਕਿ ਇਸ ਲਈ ਆਪਣੇ ਹੱਥ ਨਾਲ ਕਿਸੇ ਦੀ ਵੀ ਤਸਵੀਰ ਬਣਾਉਣੀ ਕੁਝ ਮਿੰਟਾਂ ਦਾ ਕੰਮ ਹੈ। ਸਪੀਕਰ ਸੰਧਵਾਂ ਨੂੰ ਉਹਨਾ ਦੀ ਬਣਾਈ ਤਸਵੀਰ ਸਮੇਤ ਸਨਮਾਨਿਤ ਕਰਨ ਲਈ ਆਏ ਜਸਕਰਨ ਸਿੰਘ ਦੇ ਪਿਤਾ ਨਿਰਮਲ ਸਿੰਘ ਨੇ ਦੱਸਿਆ ਕਿ ਉਹ ਆਪਣੇ ਬੇਟੇ ਲਈ ਸਰਕਾਰ ਵਲੋਂ ਨਿਰਧਾਰਤ ਕੀਤੇ ਜਾਂਦੇ ਕੋਟੇ ਵਿੱਚੋਂ ਨੌਕਰੀ ਦੀ ਭਾਲ ਵਿੱਚ ਆਏ ਸਨ। ਸਪੀਕਰ ਸੰਧਵਾਂ ਨੇ ਵਿਸ਼ਵਾਸ਼ ਦਿਵਾਇਆ ਕਿ ਆਦਰਸ਼ ਚੋਣ ਜਾਬਤੇ ਤੋਂ ਬਾਅਦ ਜੇਕਰ ਕੋਈ ਇਸ ਤਰਾਂ ਦੇ ਨਿਰਧਾਰਤ ਕੋਟੇ ਦੀਆਂ ਆਸਾਮੀਆਂ ਨਿਕਲਦੀਆਂ ਹਨ ਤਾਂ ਜਸਕਰਨ ਸਿੰਘ ਚਹਿਲ ਨੂੰ ਸੇਵਾ ਦਾ ਮੌਕਾ ਜਰੂਰ ਦਿੱਤਾ ਜਾਵੇਗਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਰਜਿੰਦਰ ਸਿੰਘ ਸਰਾਂ, ਗੁਰਿੰਦਰ ਸਿੰਘ ਮਹਿੰਦੀਰੱਤਾ, ਗੁਰਚਰਨ ਸਿੰਘ ਬੱਬੂ, ਗੁਰਮੀਤ ਸਿੰਘ ਮੀਤਾ, ਸੁਰਿੰਦਰ ਸਿੰਘ ਛਿੰਦਾ ਰਾਮਗੜੀਆ, ਮਨਪ੍ਰੀਤ ਸਿੰਘ ਮਨੀ ਧਾਲੀਵਾਲ ਆਦਿ ਸਮੇਤ ਹੋਰ ਵੀ ਅਨੇਕਾਂ ਪਤਵੰਤੇ ਹਾਜਰ ਸਨ।
Leave a Comment
Your email address will not be published. Required fields are marked with *