ਕੋਟਕਪੂਰਾ, 5 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਗੜੇਮਾਰੀ ਦੇ ਮੁਆਵਜ਼ੇ ਨੂੰ ਲੈਕੇ ਜੈਤੋ ਸੜਕ ਰੋਕ ਕੇ ਬੈਠੇ ਕਿਸਾਨਾਂ ਨੂੰ ਲਗਾਤਾਰ ਅੱਜ ਤੀਜਾ ਦਿਨ ਹੋ ਚੁੱਕਿਆ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਬੋਹੜ ਸਿੰਘ ਰੁਪੱਈਆਂਵਾਲਾ ਅਤੇ ਜ਼ਿਲਾ ਜਨਰਲ ਸਕੱਤਰ ਇੰਦਰਜੀਤ ਸਿੰਘ ਘਣੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਸਾਲਾਂ ਦੌਰਾਨ ਕਣਕ ਦੇ ਸੀਜ਼ਨ ਸਮੇਂ ਬਰਸਾਤ ਨਾਲ ਹੋਏ ਕਣਕ ਦੀ ਫਸਲ ਦੇ ਨੁਕਸਾਨ ਦਾ ਮੁਆਵਜ਼ਾ ਲੈਣ ਲਈ ਕਿਸਾਨਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅਗਵਾਈ ਵਿੱਚ 28 ਸਤੰਬਰ 2023 ਤੋਂ ਐਸ.ਡੀ.ਐਮ. ਦਫ਼ਤਰ ਜੈਤੋ ਵਿਖੇ ਸ਼ਾਂਤਮਈ ਧਰਨਾ ਦਿੱਤਾ ਜਾ ਰਿਹਾ ਹੈ ਪਰ ਸਰਕਾਰ ਵੱਲੋਂ ਕਿਸਾਨਾਂ ਦੀ ਤਬਾਹ ਹੋਈ ਫਸਲ ਦਾ ਮੁਆਵਜ਼ਾ ਦੇਣ ਦੀ ਬਜਾਇ ਸਿਰਫ ਡੰਗ ਟਪਾਉ ਕੰਮ ਕੀਤੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਅੱਕੇ ਕਿਸਾਨਾਂ ਵੱਲੋਂ ਬੀਤੀ 2 ਫਰਵਰੀ ਨੂੰ ਜੈਤੋ ਵਿਖੇ ਰੋਡ ਜਾਮ ਕੀਤਾ ਗਿਆ ਸੀ, ਜਿਸ ਨੂੰ ਅੱਜ ਤੀਜਾ ਦਿਨ ਹੋਣ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਸਿਰਫ਼ ਮਿੱਠੀਆਂ ਗੋਲੀਆਂ ਹੀ ਦਿੱਤੀਆਂ ਗਈਆਂ ਹਨ।ਪਰ ਅੱਜ ਕਿਸਾਨਾਂ ਦੀ ਜ਼ਿਲਾ ਪੱਧਰ ਦੀ ਮੀਟਿੰਗ ਵਿੱਚ ਤਹਿ ਕੀਤਾ ਗਿਆ ਹੈ ਕਿ 5 ਫਰਵਰੀ ਨੂੰ ਕਿਸਾਨ ਬਠਿੰਡਾ-ਅੰਮ੍ਰਿਤਸਰ ਨੈਸ਼ਨਲ ਹਾਈਵੇ 54 ਬਾਜਾਖਾਨਾ ਦੇ ਨੇੜਲੇ ਪੁਆਇੰਟ ਲੰਭਵਾਲੀ ਵਿਖੇ ਅਣਮਿੱਥੇ ਸਮੇਂ ਲਈ ਜਾਮ ਕਰਨਗੇ ਅਤੇ ਇਸ ਜਾਮ ਪ੍ਰੋਗਰਾਮ ਦੌਰਾਨ ਹਜਾਰਾਂ ਦੀ ਗਿਣਤੀ ਵਿੱਚ ਕਿਸਾਨ ਸ਼ਿਰਕਤ ਕਰਨਗੇ। ਉਹਨਾਂ ਦੱਸਿਆ ਕਿ ਪਿਛਲੇ ਤਿੰਨ ਦਿਨਾਂ ਤੋ ਮੀਂਹ ਵਿੱਚ ਠੁਰ ਠੁਰ ਕਰਦੇ ਕਿਸਾਨਾਂ ਦੀ ਵੀ ਪ੍ਰਸ਼ਾਸਨ ਅਤੇ ਸਰਕਾਰ ਨੇ ਕੋਈ ਪ੍ਰਵਾਹ ਨਹੀ ਕੀਤੀ।