ਸੁਪਰੀਮ ਕੋਰਟ ਨੇ ਆਪਣੇ ਇੱਕ ਬਿਆਨ ਵਿੱਚ ਬਿਹਾਰ ਸਰਕਾਰ ਨੂੰ ਹਿਦਾਇਤ ਦਿੱਤੀ ਹੈ ਕਿ ਉਹ ਪਟਨਾ ਅਤੇ ਹੋਰ ਸ਼ਹਿਰਾਂ ਵਿੱਚ ਗੰਗਾ ਨਦੀ ਕਿਨਾਰੇ ਹੋ ਰਹੀਆਂ ਉਸਾਰੀਆਂ ਤੇ ਰੋਕ ਲਗਾਵੇ ਕਿਉਂਕਿ ਬਰਸਾਤੀ ਦਿਨਾਂ ਵਿੱਚ ਗੰਗਾ ਨਦੀ ਵਿੱਚ ਪਾਣੀ ਦਾ ਪੱਧਰ ਵਧਣ ਕਰਕੇ ਇਹ ਉਸਾਰੀਆਂ ਸਭ ਤੋਂ ਪਹਿਲਾਂ ਹੜਾਂ ਦੀ ਭੇਂਟ ਚੜ੍ਹਨਗੀਆਂ । ਹੜਾਂ ਦੇ ਹਾਲਾਤ ਦੇਸ਼ ਵਿੱਚ ਹਮੇਸ਼ ਬਣਦੇ ਰਹੇ ਹਨ,ਕਦੇ ਉਤਰਾਖੰਡ,ਕਦੇ ਹਿਮਾਚਲ ਪ੍ਰਦੇਸ਼ ਪ੍ਰੰਤੂ ਇਸ ਵਾਰ ਪੰਜਾਬ ਨੇ ਵੀ ਹੜਾਂ ਦੇ ਸੰਤਾਪ ਹੰਢਾਏ ਹਨ। ਦਰਿਆਵਾਂ ਅਤੇ ਨਦੀਆਂ ਦੇ ਰਾਹਾਂ ਵਿੱਚ ਉਸਾਰੀ ਕਰਨਾ ਆਪਣੇ ਪੈਰ ਤੇ ਆਪ ਕੁਹਾੜਾ ਮਾਰਨ ਦੇ ਬਰਾਬਰ ਹੈ। ਪਾਣੀ ਦਾ ਰਾਹ ਰੋਕਣਾ ਹੜਾਂ ਨੂੰ ਦਾਅਵਤ ਦੇਣਾ ਹੈ। ਪਿਛਲੇ ਦਿਨੀਂ ਉਤਰਾਕਾਸੀ ਸੁਰੰਗ ਵਿੱਚੋਂ ਸੁਰੰਗ ਦੇ ਧਸਣ ਕਰਕੇ ਇਕਤਾਲੀ ਮਜ਼ਦੂਰਾਂ ਦੇ ਦੁਆਰਾ ਵਾਪਿਸ ਆਉਣ ਅਤੇ ਜ਼ਿੰਦਗੀ ਦੀ ਜੰਗ ਜਿੱਤ ਜਾਣ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ ਪ੍ਰੰਤੂ ਜ਼ਿੰਦਗੀ ਦੀ ਜੰਗ ਹਜੇ ਅਧੂਰੀ ਹੈ ਇਹ ਉਦੋਂ ਹੀ ਪੂਰੀ ਹੋਵੇਗੀ ਜਦੋਂ ਸਾਡੀ ਸੋਚ ਅਤੇ ਸਾਡੀਆਂ ਗਤੀਵਿਧੀਆਂ ਵਾਤਾਵਰਨ ਪੱਖੀ ਅਤੇ ਵਾਤਾਵਰਨ ਨੂੰ ਸਰੁੱਖਿਅਤ ਕਰਨ ਵਿੱਚ ਸਹਾਈ ਹੋਣਗੀਆਂ ਕਿਉਂਕਿ ਵਾਤਾਵਰਨ ਤੋਂ ਬਿਨਾਂ ਜੀਵਨ ਦੀ ਹੋਂਦ ਮੁਸ਼ਿਕਲ ਹੀ ਨਹੀਂ ਸਗੋਂ ਅਸੰਭਵ ਹੈ।

ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ
ਡਾਕਖਾਨਾ ਚੱਕ ਅਤਰ ਸਿੰਘ ਵਾਲਾ
ਤਹਿ ਅਤੇ ਜ਼ਿਲ੍ਹਾ-ਬਠਿੰਡਾ
7087367969