ਸੇਵਕ ਬਹੁਤ ਹੀ ਮਿਲਣਸਾਰ, ਦਿਲਦਾਰ, ਨੇਕ ਦਿਲ ਤੇ ਹਰ ਇੱਕ ਨੂੰ ਆਪਣੇ ਵਰਗਾ ਚੰਗਾ ਤੇ ਦਿਲ ਦਾ ਸਾਫ ਸਮਝਣ ਵਾਲਾ ਆਪਣੇ ਮਾਂ ਬਾਪ ਦਾ ਪਲੇਠਾ ਪੁੱਤਰ ਹੈ। ਉਸ ਨੇ ਬਹੁਤ ਸਖ਼ਤ ਮਿਹਨਤ ਸਦਕੇ ਕੁਝ ਹੀ ਸਾਲਾਂ ਵਿੱਚ ਕਨੇਡਾ ਵਿਖੇ ਆਪਣਾ ਬਹੁਤ ਵੱਡਾ ਕਾਰੋਬਾਰ ਕਰ ਲਿਆ ਸੀ। ਉਸ ਨੂੰ ਕਨੇਡਾ ਵਿੱਚ ਆਪਣੇ ਕਾਰੋਬਾਰ ਕਰਨ ਦੇ ਨਾਲ ਨਾਲ ਜਿੱਥੇ ਪੈਸੇ ਦੀ ਕਮਾਈ ਹੁੰਦੀ ਸੀ, ਉਸ ਦੇ ਆਪਣੇ ਨੇਕ ਮਿਲਣਸਾਰ ਸੁਭਾਅ ਕਰਕੇ ਪਿਆਰ ਸਤਿਕਾਰ ਵੀ ਬਹੁਤ ਜ਼ਿਆਦਾ ਮਿਲਦਾ ਸੀ। ਉਸ ਦੇ ਬਹੁਤੇ ਦੋਸਤ ਉਸ ਤੋਂ ਦਸ ਦਸ ਸਾਲ ਉਮਰ ਚ ਵੱਡੇ ਸਨ ਜੋ ਅਕਸਰ ਬਹੁਤ ਸਾਰੇ ਆਪਣੇ ਕਾਰੋਬਾਰੀ ਤੇ ਘਰੈਲੂ ਕੰਮਾ ਚ ਸੇਵਕ ਦੀ ਸਲਾਹ ਵੀ ਲੈਦੇ ਸਨ। ਸੇਵਕ ਜਿਵੇਂ ਆਪਣੀ ਉਮਰ ਮੁਤਾਬਕ ਬਹੁਤ ਜ਼ਿਆਦਾ ਸਿਆਣਾ ਤੇ ਗੁਣਵਾਨ ਇਨਸਾਨ ਸੀ। ਸੇਵਕ ਦੇ ਸਾਰੇ ਗੁਣਾਂ ਦਾ ਸਿਹਰਾ ਸੇਵਕ ਦੇ ਮਾਤਾ-ਪਿਤਾ ਨੂੰ ਜਾਂਦਾ ਹੈ ਜੋ ਕਿ ਪੰਜਾਬ ਵਿੱਚ ਦੰਦਾਂ ਦੇ ਬਹੁਤ ਮਾਹਰ ਡਾਕਟਰ ਸਨ ਤੇ ਸਰਕਾਰੀ ਨੌਕਰੀ ਕਰਦੇ ਸਨ।
ਸੇਵਕ ਨੂੰ ਆਪਣੇ ਕਾਰੋਬਾਰ ਨੂੰ ਚਲਾਉਣ ਲਈ ਆਏ ਦਿਨ ਅਕਸਰ ਕਾਮਿਆ ਦੀ ਲੋੜਾਂ ਪੈਂਦੀ। ਜਦੋਂ ਵੀ ਕੋਈ ਪੰਜਾਬ ਤੋਂ ਨਵਾਂ ਮੁੰਡਾ ਆਉਂਦਾ ਤਾਂ ਉਹ ਉਸ ਨੂੰ ਬਿਨਾ ਕੁਝ ਸਵਾਲ ਕੀਤੇ ਕੰਮ ਤੇ ਰੱਖ ਲੈਂਦਾ ਸੀ। ਸੇਵਕ ਨੂੰ ਲੱਗਦਾ ਸੀ ਕਿ ਪੰਜਾਬ ਤੋਂ ਆਉਣ ਵਾਲਾ ਹਰ ਕੋਈ ਚੰਗਾ ਇਨਸਾਨ ਹੁੰਦਾ ਹੈ। ਜਸਵੰਤ ਨਾਮ ਦਾ ਮੁੰਡਾ ਜੋ ਤਿੰਨ ਕੁ ਮਹੀਨੇ ਪਹਿਲਾਂ ਹੀ ਸੇਵਕ ਕੋਲ ਕੰਮ ਤੇ ਲੱਗਾ ਸੀ। ਉਹ ਸੇਵਕ ਨਾਲ ਬਹੁਤ ਭਾਈਬੰਦੀ ਜਿਤਾਉਂਦਾ ਰਹਿੰਦਾ ਸੀ। ਬਹੁਤੀ ਵਾਰ ਉਹ ਕੁਝ ਜ਼ਿਆਦਾ ਈ ਸਵਾਰਥੀ ਪਿਆਰ ਵੀ ਜਿਤਾਉਂਦਾ ਰਹਿੰਦਾ ਸੀ। ਸ਼ਾਇਦ! ਸੇਵਕ ਨੂੰ ਉਸ ਦਾ ਸਵਾਰਥ ਕਦੇ ਨਜ਼ਰੀਂ ਹੀ ਨਹੀਂ ਆਇਆ ਸੀ। ਸੇਵਕ ਵੀ ਉਸ ਨੂੰ ਆਪਣਾ ਛੋਟਾ ਭਰਾ ਮੰਨਣ ਲੱਗ ਪਿਆ ਸੀ।
ਨਵੰਬਰ ਮਹੀਨੇ ਸੇਵਕ ਨੇ ਆਪਣੀ ਮਾਸੀ ਦੀ ਕੁੜੀ ਦੇ ਵਿਆਹ ਤੇ ਜਾਣਾ ਸੀ ਤਾਂ ਜਸਵੰਤ ਨੇ ਕਿਹਾ ਕਿ ਵੀਰੇ ਪੰਜਾਬ ਨੂੰ ਜਾਂਦਾ ਹੋਇਆ ਤੂੰ ਮੇਰਾ ਕੁਝ ਸਮਾਨ ਲੈ ਜਾਵੀਂ।
ਸੇਵਕ ਨੇ ਵੀ ਪਿਆਰ ਜਿਤਾਉਂਦੇ ਹੋਏ ਕਹਿ ਦਿੱਤਾ ਕਿ ਛੋਟੇ ਵੀਰ ਜਿੰਨਾ ਮਰਜ਼ੀ ਸਮਾਨ ਦੇ ਦੇਵੀ, ਗੱਲ ਈ ਕੋਈ ਨੀ। ਸੇਵਕ ਦੇ ਪੰਜਾਬ ਜਾਣ ਤੋਂ ਠੀਕ ਇੱਕ ਰਾਤ ਪਹਿਲਾਂ ਜਸਵੰਤ ਇੱਕ ਵੱਡਾ ਡੱਬਾ ਜੋ ਬਹੁਤ ਸਾਰੀਆਂ ਟੇਪਾਂ ਲਾ ਕੇ ਬੰਦ ਕੀਤਾ ਹੋਇਆ ਸੀ, ਨਾਲ ਲੈ ਕੇ ਜਾਣ ਲਈ ਦੇ ਗਿਆ। ਨਾਲੇ ਕਹਿ ਗਿਆ ਕਿ ਵੀਰੇ ਮੇਰੇ ਮਾਤਾ-ਪਿਤਾ ਤੇ ਨਿੱਕੀ ਭੈਣ ਲਈ ਕੁਝ ਤੋਹਫ਼ੇ ਖਰੀਦ ਕੇ ਭੇਜ ਰਿਹਾ ਹਾਂ, ਯਾਦ ਨਾਲ ਲੈ ਜਾਵੀਂ। ਸੇਵਕ ਨੇ ਬਿਨਾ ਡੱਬਾ ਖੋਲੇ, ਉਸੇ ਤਰਾਂ ਲੈ ਕੇ ਆਪਣੇ ਸੂਟ ਕੇਸ ਵਿੱਚ ਰੱਖ ਲਿਆ ਤੇ ਪੰਜਾਬ ਜਾ ਪਹੁੰਚਿਆ। ਜਿਵੇਂ ਹੀ ਅਗਲੇ ਦਿਨ ਸੇਵਕ ਨੇ ਆਪਣੇ ਪਾਪਾ ਨੂੰ ਜਸਵੰਤ ਦਾ ਸਮਾਨ ਉਸ ਦੇ ਘਰ ਜਾ ਕੇ ਦੇਣ ਲਈ ਕਿਹਾ ਤਾਂ ਸੇਵਕ ਦੇ ਪਾਪਾ ਨੇ ਕਿਹਾ ਕਿ ਪੁੱਤਰ ਜੀ ਇਸ ਤਰਾਂ ਕਿਸੇ ਦਾ ਸਮਾਨ ਨਹੀਂ ਲੈ ਕੇ ਆਈਦਾ, ਜੇਕਰ ਲੈ ਕੇ ਆਉਣਾ ਹੀ ਸੀ ਤਾਂ ਇੱਕ ਵਾਰ ਜਸਵੰਤ ਦੇ ਸਾਹਮਣੇ ਖੋਲ ਕੇ ਦੇਖ ਲੈਣਾ ਚਾਹੀਦਾ ਸੀ ਤਾਂ ਜੋ ਤੈਨੂੰ ਪਤਾ ਹੋਵੇ ਕਿ ਤੂੰ ਕੀ ਲੈ ਕੇ ਜਾ ਰਿਹਾ ਹੈ ? ਤੇਰੇ ਸੂਟ ਕੇਸ ਵਿੱਚ ਕੀ ਕੁਝ ਹੈ ? ਕਿਉਂਕਿ ਜੇਕਰ ਕੋਈ ਗਲਤ ਚੀਜ਼ ਹੋਵੇ ਤਾਂ ਜੁਰਮਾਨਾ ਤਾਂ ਤੈਨੂੰ ਹੀ ਭੁਗਤਣਾ ਪੈਣਾ ਹੈ।
ਸੇਵਕ ਦੇ ਪਾਪਾ ਨੇ ਡੱਬਾ ਖੋਲ ਕੇ ਵੇਖਣ ਨੂੰ ਕਿਹਾ ਤਾਂ ਸੇਵਕ ਨੇ ਮਨਾ ਕਰ ਦਿੱਤਾ। ਪਾਪਾ ਨੇ ਕਿਹਾ ਕਿ ਜੇ ਮੈਂ ਕਿਸੇ ਦੇ ਘਰ ਸਮਾਨ ਫੜਾਉਣ ਜਾਣਾ ਹੈ ਤਾਂ ਪਹਿਲਾਂ ਮੈਨੂੰ ਇਹ ਪਤਾ ਹੋਣਾ ਚਾਹੀਦਾ ਕਿ ਇਸ ਡੱਬੇ ਵਿੱਚ ਕੀ ਸਮਾਨ ਹੈ ? ਲਾਚਾਰ ਜਿਹੇ ਹੋਏ ਸੇਵਕ ਨੇ ਪਾਪਾ ਨੂੰ ਡੱਬਾ ਖੋਲ ਕੇ ਵੇਖਣ ਨੂੰ ਹਾਂ ਕਰ ਦਿੱਤੀ। ਜਿਵੇਂ ਹੀ ਡੱਬਾ ਖੋਲਿਆ ਤਾਂ ਡੱਬੇ ਦੇ ਵਿੱਚ ਪਿਆ ਸਮਾਨ ਵੇਖ ਕੇ ਸੇਵਕ ਦੇ ਮੰਮੀ -ਪਾਪਾ ਤੇ ਸੇਵਕ ਹੈਰਾਨ ਹੀ ਨਹੀਂ ਰਹੇ ਸਗੋਂ ਹੱਕੇ-ਬਕੇ ਰਹਿ ਜਾਂਦੇ ਨੇ, ਤਿੰਨਾਂ ਦੇ ਚਿਹਰਿਆਂ ਤੇ ਠੰਢੀਆਂ ਤਰੇਲੀਆਂ ਆਉਣ ਲੱਗ ਪਈਆਂ ਸਨ। ਤਿੰਨੇ ਪੰਦਰਾ ਵੀਹ ਮਿੰਟ ਤੱਕ ਕਿਸੇ ਨੂੰ ਵੀ ਕੁਝ ਨਾ ਕਹਿ ਸਕੇ ਤੇ ਇੱਕ ਦੂਜੇ ਵੱਲ ਚੁੱਪ ਚੁਪੀਤੇ ਘੂਰਦੇ ਰਹੇ।
ਸੇਵਕ ਦੇ ਮੰਮੀ-ਪਾਪਾ ਨੇ ਜਿੱਥੇ ਸੇਵਕ ਨੂੰ ਗੁੱਸਾ ਕੀਤਾ ਉੱਥੇ ਨਾਲ ਹੀ ਵਾਹਿਗੁਰੂ ਜੀ ਦਾ ਧੰਨਵਾਦ ਕੀਤਾ ਕਿ ਸ਼ੁਕਰ ਹੈ ਦਿੱਲੀ ਹਵਾਈ ਅੱਡੇ ਤੇ ਉਹਨਾਂ ਸੇਵਕ ਦਾ ਸਮਾਨ ਬਿਨਾ ਖੋਲੇ ਲੰਘਾਂ ਦਿੱਤਾ ਸੀ। ਡੱਬੇ ਵਿੱਚ ਅਜਿਹਾ ਕੀ ਸੀ ਜੋ ਸੁਣਨ ਲਈ ਤੁਸੀਂ ਵੀ ਉਤਾਵਲੇ ਜ਼ਰੂਰ ਹੋ ਰਹੇ ਹੋਵੋਗੇ। ਅਸਲ ਵਿੱਚ ਉਸ ਡੱਬੇ ਵਿੱਚ ਐਪਲ ਦੇ ਬਿਲਕੁਲ ਨਵੇਂ ਡੱਬਾ ਬੰਦ ਨੌ ਆਈ ਫੋਨ ਸਨ ਤੇ ਦੋ ਐਪਲ ਦੇ ਨਵੇਂ ਡੱਬਾ ਬੰਦ ਆਈ ਪੈਡ ਸਨ। ਜਿੰਨਾਂ ਦੀ ਕੀਮਤ ਕਈ ਲੱਖਾਂ ਵਿੱਚ ਬਣਦੀ ਸੀ। ਜਸਵੰਤ ਤਾਂ ਅਜੇ ਤਿੰਨ ਮਹੀਨੇ ਪਹਿਲਾਂ ਹੀ ਕਨੇਡਾ ਗਿਆ ਸੀ, ਇਹ ਸਾਰਾ ਸਮਾਨ ਤਿੰਨ ਮਹੀਨੇ ਵਿੱਚ ਤਾਂ ਕੀ ਕੋਈ ਤਿੰਨ ਸਾਲ ਵਿੱਚ ਵੀ ਨਹੀਂ ਸੀ ਖਰੀਦ ਸਕਦਾ।
ਹੁਣ ਜਿੱਥੇ ਸੇਵਕ ਨੂੰ ਦੁਨੀਆਦਾਰੀ ਦੀ ਕੁਝ ਸਮਝ ਲੱਗੀ ਤੇ ਜਸਵੰਤ ਤੇ ਗੁੱਸਾ ਆ ਗਿਆ ਸੀ। ਪਰ ਸੇਵਕ ਇਹ ਵੀ ਜਾਨਣ ਲਈ ਉਤਾਵਲਾ ਹੋ ਰਿਹਾ ਸੀ ਕਿ ਜਸਵੰਤ ਨੇ ਕੁਝ ਹੀ ਦਿਨਾਂ ਵਿੱਚ ਐਨੇ ਫੋਨ ਕਿਵੇਂ ਤੇ ਕਿੱਥੋਂ ਲਏ ਹੋਣਗੇ ? ਇਹ ਸਭ ਕੁਝ ਪਤਾ ਕਰਨ ਲਈ ਸੇਵਕ ਨੇ ਆਪਣੇ ਮੰਮੀ ਪਾਪਾ ਨੂੰ ਕਿਹਾ ਕਿ ਅਸੀਂ ਪਤਾ ਹੀ ਨਹੀਂ ਲੱਗਣ ਦੇਣਾ ਕਿ ਡੱਬਾ ਅਸੀਂ ਖੋਲ ਕੇ ਵੇਖ ਲਿਆ ਹੈ।
ਬਾਅਦ ਦੁਪਹਿਰ ਸੇਵਕ ਆਪਣੇ ਪਾਪਾ ਨਾਲ ਜਾ ਕੇ ਜਸਵੰਤ ਦੇ ਘਰ ਸਮਾਨ ਦੇ ਆਇਆ। ਜਸਵੰਤ ਦੇ ਪਰਿਵਾਰ ਨੇ ਸੇਵਕ ਦੀਆਂ ਬਹੁਤ ਸਿਫ਼ਤਾਂ ਕੀਤੀਆਂ ਤੇ ਬਹੁਤ ਪਿਆਰ ਸਤਿਕਾਰ ਵੀ ਦਿੱਤਾ। ਜਸਵੰਤ ਦੇ ਮਾਤਾ ਨੇ ਸੇਵਕ ਨੂੰ ਹੱਥ ਜੋੜ ਕੇ ਬੇਨਤੀ ਜਿਹੀ ਕਰਦੀ ਨੇ ਕਿਹਾ ਕਿ ਪੁੱਤ ਤੂੰ ਮੇਰੇ ਹੱਥ ਦੀਆਂ ਬਣਾਇਆ ਪਿੰਨੀਆਂ ਤੇ ਪੱਪੂ ਹਲਵਾਈ ਦੇ ਮੋਤੀਚੂਰ ਦੇ ਲੱਡੂ ਲੈ ਜਾਈ, ਜਸਵੰਤ ਨੂੰ ਬਹੁਤ ਪਸੰਦ ਨੇ। ਅਸੀਂ ਤੇਰੇ ਘਰ ਆ ਕੇ ਦੇ ਜਾਵਾਂਗੇ। ਜਿਸ ਦਿਨ ਤੂੰ ਵਾਪਸ ਜਾਣਾ ਹੈ ਉਹ ਸਾਨੂੰ ਜਸਵੰਤ ਨੇ ਦੱਸ ਦਿੱਤਾ ਸੀ।
ਮਾਂ ਦਾ ਭੋਲ਼ਾ, ਸਰਵਣ ਪੁੱਤ ਸੇਵਕ ਫੇਰ ਜਸਵੰਤ ਦੀ ਮਾਂ ਦੇ ਮੋਹ ਚ ਆ ਗਿਆ ਤੇ ਕਹਿੰਦਾ ਕੋਈ ਨਹੀਂ ਮਾਤਾ ਜੀ, ਦੇ ਦੇਣਾ ਜੋ ਵੀ ਤੁਸੀਂ ਜਸਵੰਤ ਨੂੰ ਭੇਜਣਾ ਹੈ ਜੀ, ਮੈਂ ਤੁਹਾਡਾ ਸਾਰਾ ਸਮਾਨ ਲੈ ਜਾਵਾਂਗਾ ਜੀ। ਹਾਲਾਕਿ ਸੇਵਕ ਦੇ ਪਾਪਾ ਨੇ ਸੇਵਕ ਨੂੰ ਅੱਖਾਂ ਦੀ ਘੂਰ ਨਾਲ ਇਸ਼ਾਰਾ ਵੀ ਕੀਤਾ ਕਿ ਮਨਾ ਕਰ ਦੇ। ਪਰ ਸੇਵਕ ਨੇ ਅੱਖਾਂ ਅੱਖਾਂ ਵਿੱਚ ਈ ਤਰਲਾ ਜਿਹਾ ਕੀਤਾ ਤੇ ਪਾਪਾ ਤੋਂ ਇਜਾਜ਼ਤ ਲੈ ਕੇ ਜਸਵੰਤ ਦੀ ਮਾਂ ਨੂੰ ਸਮਾਨ ਦੇਣ ਲਈ ਹਾਂ ਕਰ ਦਿੱਤੀ ਸੀ।
ਮਾਸੀ ਦੀ ਕੁੜੀ ਦਾ ਵਿਆਹ ਖਾ ਕੇ ਸੇਵਕ ਨੇ ਅਗਲੇ ਦਿਨ ਜਾਣਾ ਸੀ। ਜਾਣ ਤੋਂ ਇੱਕ ਦਿਨ ਪਹਿਲਾਂ ਜਸਵੰਤ ਦੀ ਮਾਂ ਤੇ ਬਾਪੂ ਸਮਾਨ ਦੇਣ ਆ ਜਾਂਦੇ ਹਨ। ਜਸਵੰਤ ਦੀ ਮਾਂ ਨੇ ਪਿੰਨੀਆ ਵਾਲਾ ਸਟੀਲ ਦਾ ਡੱਬਾ ਖੋਲਦਿਆਂ ਕਿਹਾ ਕਿ ਪੁੱਤ ਇੰਨਾਂ ਵਿੱਚੋਂ ਅੱਧੀਆਂ ਪਿੰਨੀਆਂ ਤੇਰੀਆਂ ਨੇ ਤੇ ਅੱਧੀਆਂ ਜਸਵੰਤ ਦੀਆਂ ਨੇ। ਜਸਵੰਤ ਨੇ ਦੱਸਿਆ ਸੀ ਕਿ ਤੇਰੇ ਮੰਮੀ ਪਾਪਾ ਡਾਕਟਰ ਹੋਣ ਕਰਕੇ ਤੁਹਾਡੇ ਘਰ ਲੱਡੂ ਕੋਈ ਨਹੀ ਖਾਂਦਾ, ਇਸ ਲਈ ਆ ਪੱਪੂ ਹਲਵਾਈ ਵਾਲਾ ਡੱਬਾ ਜਸਵੰਤ ਨੂੰ ਦੇ ਦੇਵੀਂ, ਉਸ ਨੂੰ ਇਹ ਖ਼ਾਸ ਲੱਡੂ ਬਹੁਤ ਜ਼ਿਆਦਾ ਪਸੰਦ ਹਨ। ਚਾਹ ਪਾਣੀ ਪੀਣ ਮਗਰੋਂ ਜਸਵੰਤ ਦੇ ਮਾਤਾ ਪਿਤਾ ਮੁੜ ਆਪਣੇ ਘਰ ਚਲੇ ਗਏ।
ਸੇਵਕ ਨੇ ਆਪਣੇ ਮੰਮੀ ਪਾਪਾ ਦੋਵਾਂ ਨੂੰ ਇੱਕੋਸਾਰ ਘੁੱਟ ਗਲਵੱਕੜੀ ਪਾਉਂਦਿਆਂ ਕਿਹਾ ਕਿ ਦੇਖਿਆ ਤੁਸੀਂ! ਕੋਈ ਪੁੱਤ ਮਾੜਾ ਹੋ ਸਕਦਾ ਪਰ ਮਾਂ ਪਿਉ ਕਦੇ ਵੀ ਮਾੜੇ ਨਹੀਂ ਹੋ ਸਕਦੇ। ਦੱਸੂ ਹੁਣ ? ਲੱਡੂਆਂ ਵਾਲਾ ਡੱਬਾ ਖੋਲ ਕੇ ਵੇਖਾ ਜਾਂ ਨਹੀਂ ? ਮਾਂ ਨੇ ਮੁਸਕਰਾਉਂਦੇ ਹੋਏ ਕਿਹਾ ਉਹ ਭੋਲੂ! ਚੱਲ ਹੁਣ ਸਾਂਭ ਲੈ ਸਮਾਨ ਤੇ ਲਾ ਦੇ ਅਟੈਚੀ ਕੰਧ ਨਾਲ। ਸਵਖਤੇ ਜਾਣਾ ਵੀ ਹੈ ਤਾਂ ਹੁਣ ਅਸੀਂ ਵਕਤ ਸਿਰ ਸੌਣਾ ਵੀ ਹੈ।
ਮੰਮੀ ਪਾਪਾ ਸੇਵਕ ਨੂੰ ਛੱਡਣ ਦਿੱਲੀ ਆਏ। ਮੰਮੀ ਪਾਪਾ ਨੂੰ ਘੁੱਟ ਗਲਵੱਕੜੀ ਪਾਈ ਤੇ ਉਹਨਾਂ ਦੋਹਾਂ ਦੇ ਹੰਝੂ ਪੂੰਝਦਾ ਸਰਵਣ ਪੁੱਤ ਇਹ ਕਹਿ ਕੇ ਅੰਦਰ ਨੂੰ ਚਲਾ ਗਿਆ ਕਿ ਪੋਹ ਮਾਘ ਤੱਕ ਤੁਸੀਂ ਵੀ ਮੇਰੇ ਕੋਲ ਹੋਣਾ, ਬਸ ਮੈਂ ਜਾਂਦੇ ਸਾਰ ਤੁਹਾਡੇ ਕਨੇਡਾ ਆਉਣ ਦੇ ਪੇਪਰ ਲਾ ਦੇਣੇ ਹਨ।
ਥੋੜਾ ਅਗਾਂਹ ਜਾ ਕੇ ਪਾਪਾ! ਅਜੇ ਜਾਈਓ ਨਾ ਤੁਸੀਂ, ਮੈਨੂੰ ਮੇਰਾ ਸਮਾਨ ਜ਼ਿਆਦਾ ਲੱਗਦਾ ਹੈ, ਜੇ ਭਾਰ ਵੱਧ ਗਿਆ ਤਾਂ ਮੈਂ ਮੁੜ ਵਾਪਸ ਆ ਕੇ ਵਾਧੂ ਸਮਾਨ ਤੁਹਾਨੂੰ ਦੇ ਜਾਵਾਂਗਾ।
ਠੀਕ ਪੁੱਤਰ ਜੀ! ਅਸੀਂ ਤੇਰਾ ਫੋਨ ਆਉਣ ਤੱਕ ਇੱਥੇ ਹੀ ਇੰਤਜ਼ਾਰ ਕਰਦੇ ਹਾਂ, ਜੇ ਸਮਾਨ ਵੱਧ ਗਿਆ ਤਾਂ ਵਾਧੂ ਸਮਾਨ ਦੇ ਜਾਈ, ਅਸੀਂ ਇੱਥੇ ਈ ਖਲੋਤੇ ਹੋਵਾਂਗੇ।
ਜਿਵੇਂ ਹੀ ਸੇਵਕ ਸਮਾਨ ਜਮਾਂ ਕਰਵਾਉਣ ਲੱਗਦਾ ਹੈ ਤਾਂ ਤਿੰਨ ਕਿਲੋ ਭਾਰ ਵੱਧ ਜਾਂਦਾ ਹੈ। ਸੇਵਕ ਮੁੜ ਮੰਮੀ ਪਾਪਾ ਕੋਲ ਆ ਜਾਂਦਾ ਹੈ ਤੇ ਦੱਸਦਾ ਹੈ ਕਿ ਤਿੰਨ ਕਿਲੋ ਸਮਾਨ ਜ਼ਿਆਦਾ ਹੈ।
ਸੇਵਕ ਦੇ ਪਾਪਾ ਨੇ ਸਭ ਤੋਂ ਪਹਿਲਾਂ ਲੱਡੂਆਂ ਵਾਲੇ ਡੱਬੇ ਨੂੰ ਹੱਥ ਪਾਇਆ ਤੇ ਬਾਹਰ ਨੂੰ ਖਿੱਚਦਿਆਂ ਕਿਹਾ। ਆ ਤਾਂ ਸਿੱਧਾ ਈ ਇੱਕ ਕਿਲੋ ਘੱਟ ਕਰ ਦਿੱਤਾ ਮੈਂ। ਸੇਵਕ ਪੁੱਤ! ਮੈਂ ਤੈਨੂੰ ਇੱਕ ਤਕੜੀ ਸਕੀਮ ਦੱਸਦਾ ਤੇ ਤੂੰ ਕਨੇਡਾ ਜਾ ਕੇ ਵਰਤ ਲਈ। ਲੱਡੂ ਆਪਾਂ ਇੱਥੇ ਈ ਰੱਖ ਲੈਂਦੇ ਹਾਂ ਤੇ ਤੂੰ ਡੱਬਾ ਖਾਲੀ ਕਰਕੇ ਲੈ ਜਾ। ਕਨੇਡਾ ਜਾਂਦੇ ਸਾਰ ਕਿਸੇ ਵੀ ਮਠਿਆਈ ਵਾਲੀ ਦੁਕਾਨ ਤੋਂ ਲੱਡੂ ਲੈ ਕੇ ਵਿੱਚ ਪਾ ਕੇ ਜਸਵੰਤ ਨੂੰ ਦੇ ਦੇਵੀ। ਜਸਵੰਤ ਵੀ ਖੁਸ਼ ਹੋ ਜਾਵੇਗਾ ਤੇ ਤੇਰਾ ਭਾਰ ਵੀ ਘੱਟ ਹੋ ਜਾਣਾ। ਕੋਈ ਪਤਾ ਨੀ ਲੱਗਣਾ ਕਿ ਪੰਜਾਬ ਵਾਲੇ ਪੱਪੂ ਹਲਵਾਈ ਦੇ ਹੱਥ ਦੇ ਲੱਡੂ ਹਨ ਜਾ ਕਨੇਡਾ ਵਾਲੇ ਪੱਪੂ ਹਲਵਾਈ ਦੇ।
ਸੇਵਕ ਨੇ ਉੱਚੀ ਉੱਚੀ ਹੱਸਦਿਆਂ ਕਿਹਾ। ਬਾਪੂ ਜੀ ਇਸ ਤਰਾਂ ਦੀਆਂ ਨਵੀਆਂ ਨਵੀਆਂ ਸਕੀਮਾ ਲੈਣੀਆਂ ਹੋਣ ਤਾਂ ਸੱਚ ਈ ਤੁਹਾਡੇ ਕੋਲ਼ੋਂ ਲਵੇ ਕੋਈ। ਬਾਕੀ ਦੇ ਆਪਣੇ ਕੁਝ ਕੱਪੜੇ ਕੱਢ ਕੇ ਸੇਵਕ ਮੁੜ ਸਮਾਨ ਬੰਨ ਕੇ ਅੰਦਰ ਚਲਾ ਗਿਆ ਤੇ ਕਿਹਾ ਮੰਮੀ ਪਾਪਾ ਹੁਣ ਤੁਸੀਂ ਜਾ ਸਕਦੇ ਹੋ, ਨਾਲੇ ਤੁਸੀਂ ਗੁਰਦੁਆਰਾ ਬੰਗਲਾ ਸਾਹਿਬ ਜਾਣਾ ਹੈ, ਦੇਰ ਨਾ ਕਰੋ, ਹੁਣ ਤੁਸੀਂ ਬੇਫਿਕਰ ਹੋ ਕੇ ਘਰ ਚਲੇ ਜਾਉ।
ਮੰਮੀ ਪਾਪਾ ਸੇਵਕ ਨੂੰ ਅਲਵਿਦਾ ਕਹਿ ਕੇ ਗੁਰਦੁਆਰਾ ਬੰਗਲਾ ਸਾਹਿਬ ਦਰਸ਼ਨ ਕਰਨ ਉਪਰੰਤ ਕਈ ਘੰਟਿਆ ਬਾਅਦ ਮੁੜ ਆਪਣੇ ਪਿੰਡ ਘਰ ਪਰਤ ਆਉਂਦੇ ਹਨ। ਐਨੇ ਨੂੰ ਸੁੱਖ ਨਾਲ ਸੇਵਕ ਵੀ ਕਨੇਡਾ ਆਪਣੇ ਘਰ ਪਹੁੰਚ ਜਾਂਦਾ ਹੈ। ਅਗਲੀ ਸਵੇਰ ਸੇਵਕ ਮਠਿਆਈ ਵਾਲੀ ਦੁਕਾਨ ਤੋਂ ਲੱਡੂ ਖਰੀਦ ਕੇ ਲਿਆਉਂਦਾ ਹੈ ਤੇ ਪੰਜਾਬ ਵਾਲੇ ਪੱਪੂ ਹਲਵਾਈ ਵਾਲੇ ਡੱਬੇ ਵਿੱਚ ਪਾ ਕੇ ਜਸਵੰਤ ਨੂੰ ਫੜਾ ਦਿੰਦਾ ਹੈ। ਅਜੇ ਸੇਵਕ ਜਸਵੰਤ ਦੇ ਘਰ ਤੋਂ ਨਿਕਲ ਕੇ ਤਿੰਨ ਕੁ ਕਿਲੋਮੀਟਰ ਹੀ ਆਇਆ ਸੀ ਕਿ ਮਗਰ ਹੀ ਜਸਵੰਤ ਦਾ ਫੋਨ ਆ ਜਾਂਦਾ ਹੈ।
ਸੇਵਕ ਵੀਰੇ! ਇਹ ਉਹ ਲੱਡੂ ਨਹੀਂ ਹਨ ਜੋ ਮੇਰੇ ਮੰਮੀ ਪਾਪਾ ਨੇ ਭੇਜੇ ਹਨ। ਇਹ ਲੱਡੂ ਤਾਂ ਕੋਈ ਹੋਰ ਈ ਹਨ। ਲੱਗਦਾ ਤੁਸੀਂ ਮੈਨੂੰ ਕਿਸੇ ਹੋਰ ਦਾ ਡੱਬਾ ਫੜਾ ਗਏ।
ਸੇਵਕ ਨੇ ਹੈਰਾਨ ਹੋ ਕੇ ਪਹਿਲਾਂ ਸੋਚਿਆ ਕਿ ਇਸ ਨੂੰ ਐਨੀ ਛੇਤੀ ਕਿਵੇਂ ਪਤਾ ਲੱਗ ਗਿਆ ਕਿ ਇਹ ਉਹ ਲੱਡੂ ਨਹੀਂ ਹਨ। ਇਹ ਤਾਂ ਸਿਰਫ ਮੈਨੂੰ ਤੇ ਮੇਰੇ ਮੰਮੀ ਪਾਪਾ ਨੂੰ ਹੀ ਪਤਾ ਸੀ। ਸੇਵਕ ਨੇ ਬਹੁਤ ਪਿਆਰ ਨਾਲ ਜਸਵੰਤ ਨੂੰ ਕਿਹਾ ਕਿ ਨਹੀਂ ਇਹ ਉਹ ਹੀ ਲੱਡੂ ਹਨ ਜੋ ਤੇਰੇ ਮੰਮੀ ਪਾਪਾ ਮੈਨੂੰ ਦੇ ਕੇ ਗਏ ਸਨ।
ਸੇਵਕ ਦੇ ਪਿਆਰ ਦੇ ਬੋਲ ਸਨ ਪਰ ਜਸਵੰਤ ਨੇ ਸੇਵਕ ਦੇ ਆਪਣੀ ਉਮਰ ਤੋਂ ਵੱਡੇ ਹੋਣ ਤੇ ਮਾਲਕ ਹੋਣ ਦੀ ਕੋਈ ਲਿਹਾਜ਼ ਨਾ ਕੀਤੀ ਤੇ ਕਿਹਾ। ਜੇ ਉਹ ਲੱਡੂ ਮੈਨੂੰ ਨਾ ਮਿਲੇ ਤਾਂ ਮੈਂ ਤੇਰੀ ਮਾਂ ਭੈਣ ਇੱਕ ਕਰ ਦੇਵਾਗਾ! ਮੈਨੂੰ ਉਹ ਹੀ ਲੱਡੂ ਚਾਹੀਦੇ ਨੇ ਜੋ ਮੇਰੇ ਮਾਂ ਬਾਪ ਤੈਨੂੰ ਦੇ ਕੇ ਗਏ ਨੇ।
ਜਸਵੰਤ ਦੇ ਇਹ ਬੋਲ ਸੁਣਦੇ ਸਾਰ ਹੀ ਸੇਵਕ ਨੂੰ ਕੁਝ ਛੱਕ ਪਿਆ ਤਾਂ ਉਸ ਨੇ ਪਿੰਡ ਆਪਣੇ ਪਾਪਾ ਨੂੰ ਫੋਨ ਘੁਮਾਇਆ ਕਿ ਪਾਪਾ ਉਹਨਾਂ ਲੱਡੂਆਂ ਦਾ ਕੀ ਕੀਤਾ ਜੋ ਜਸਵੰਤ ਦੇ ਮਾਂ ਬਾਪ ਦੇ ਗਏ ਸਨ ?
ਪੁੱਤ ਉਹ ਤਾਂ ਅਜੇ ਗੱਡੀ ਵਿੱਚ ਹੀ ਪਏ ਨੇ, ਸ਼ਾਮ ਨੂੰ ਮੈਂ ਖੇਤਾਂ ਵੱਲ ਗੇੜਾ ਮਾਰਨ ਜਾਵਾਂਗਾ ਤਾਂ ਉੱਥੇ ਕੰਮ ਕਰਨ ਵਾਲਿਆਂ ਨੂੰ ਖੁਆ ਦੇਵਾਗਾ, ਰਿਜ਼ਕ ਹੈ ਨਿਰਾਦਰ ਕਿਉ ਕਰਨਾ।
ਨਹੀਂ ਪਾਪਾ! ਤੁਸੀਂ ਹੁਣੇ ਉਹ ਲੱਡੂ ਦੇਖੋ, ਉਹਨਾਂ ਵਿੱਚ ਖ਼ਾਸ ਕੀ ਹੈ ? ਜੋ ਜਸਵੰਤ ਮੇਰਾ ਨੌਕਰ ਹੁੰਦੇ ਹੋਏ ਵੀ ਮੇਰਾ ਕਾਲਰ ਫੜ੍ਹਨ ਨੂੰ ਫਿਰਦਾ। ਕੁਝ ਤਾਂ ਜ਼ਰੂਰ ਖ਼ਾਸ ਹੋਣਾ ਜੋ ਜਸਵੰਤ ਮੈਨੂੰ ਐਨਾ ਗਲਤ ਬੋਲ ਰਿਹਾ।
ਸੇਵਕ ਦੇ ਕਹਿਣ ਤੇ ਪਾਪਾ ਨੇ ਲੱਡੂ ਗੱਡੀ ਵਿੱਚੋ ਕੱਢੇ ਤੇ ਇੱਕ ਲੱਡੂ ਨੂੰ ਖਾਣ ਲੱਗੇ, ਉਂਜ ਸੇਵਕ ਦੇ ਪਾਪਾ ਡਾਕਟਰ ਸਨ ਤੇ ਮਠਿਆਈ ਖਾਣੀ ਪਸੰਦ ਨੀ ਸੀ ਕਰਦੇ ਪਰ ਲੱਡੂ ਦੀ ਖਾਸੀਅਤ ਦੇਖਣ ਲਈ ਉਹ ਜਿਵੇਂ ਹੀ ਇੱਕ ਲੱਡੂ ਤੋੜਦੇ ਹਨ ਤਾਂ ਲੱਡੂ ਵਿੱਚੋਂ ਕਾਲੇ ਰੰਗ ਦਾ ਦੇਖ ਕੇ ਹੈਰਾਨ ਰਹਿ ਜਾਂਦੇ ਹਨ। ਜਦੋਂ ਉਹ ਚੰਗੀ ਤਰਾਂ ਦੇਖਦੇ ਹਨ ਤਾਂ ਉਹ ਕਾਲੇ ਰੰਗ ਦੀ ਮੋਟੀ ਗੋਲੀ ਸੀ ਜੋ ਲੱਡੂ ਦੇ ਅੰਦਰ ਰੱਖੀ ਗਈ ਸੀ। ਇੱਕ ਇੱਕ ਕਰਕੇ ਸੇਵਕ ਦੇ ਪਾਪਾ ਨੇ ਸਾਰੇ ਲੱਡੂ ਲੋੜ ਦਿੱਤੇ ਤੇ ਹਰ ਇੱਕ ਲੱਡੂ ਦੇ ਅੰਦਰ ਅਫੀਮ ਦੀ ਮੋਟੀ ਗੋਲੀ ਬਣਾ ਕੇ ਰੱਖੀ ਗਈ ਸੀ।
ਲੱਡੂ ਦੇਖਣ ਤੋਂ ਬਾਅਦ ਸੇਵਕ ਦੇ ਪਾਪਾ ਨੇ ਸੇਵਕ ਤੋਂ ਜਸਵੰਤ ਦਾ ਨੰਬਰ ਲਿਆ ਤੇ ਕਿਹਾ ਹੁਣ ਮੈਂ ਦੱਸਦਾ ਇਸ ਨੂੰ ਦੁਨੀਆ ਕਿੱਥੇ ਵਸਦੀ ਏ ? ਤੇ ਕਿਸੇ ਦੀ ਨੇਕੀ ਦਾ ਕਿਸ ਤਰਾਂ ਫਾਇਦਾ ਚੁੱਕੀਦਾ ? ਸੇਵਕ ਦੇ ਪਾਪਾ ਨੇ ਸੇਵਕ ਨੂੰ ਤਾੜ ਕੇ ਕਿਹਾ ਕਿ ਹੁਣੇ ਜਸਵੰਤ ਨੂੰ ਕੰਮ ਤੋਂ ਕੱਢ ਦੇ, ਬਿਨਾ ਕੋਈ ਸਵਾਲ ਕੀਤੇ। ਹਾਂ ਨਾਲ ਹੀ ਪੁੱਤਰਾ ਤੂੰ ਅੱਜ ਤੋਂ ਬਾਅਦ ਨਾ ਕਿਸੇ ਦਾ ਸਮਾਨ ਲੈ ਕੇ ਆਵੇਗਾ, ਨਾ ਪੰਜਾਬ ਤੋਂ ਨਾਲ ਲੈ ਕੇ ਜਾਵੇਗਾ। ਤੇਰੀ ਕਿਸਮਤ ਚੰਗੀ ਸੀ ਜੋ ਵਾਧੂ ਸਮਾਨ ਕਰਕੇ ਲੱਡੂ ਕੱਢਣੇ ਪੈ ਗਏ, ਨਹੀਂ ਤੇ ਤੂੰ ਸਾਰੀ ਉਮਰ ਲਈ ਜੇਲ ਵਿੱਚ ਰੁਲਣਾ ਸੀ।
ਅੱਜ ਸੇਵਕ ਜਿੱਥੇ ਆਪਣੇ ਪਾਪਾ ਤੇ ਬਹੁਤ ਮਾਣ ਮਹਿਸੂਸ ਕਰ ਰਿਹਾ ਸੀ ਉੱਥੇ ਨਾਲ ਹੀ ਹਰ ਕਿਸੇ ਤੇ ਭਰੋਸਾ ਨਾ ਕਰਨ ਦਾ ਪ੍ਰਣ ਵੀ ਕਰ ਰਿਹਾ ਸੀ।
ਸਰਬਜੀਤ ਸਿੰਘ ਜਰਮਨੀ
Leave a Comment
Your email address will not be published. Required fields are marked with *