ਆਖਿਆ! ਦੋਨੋ ਪਾਸੇ ਬਣੇਗੀ ਸਰਵਿਸ ਰੋਡ ’ਤੇ ਲੱਗਣਗੇ ਜੰਗਲੇ
ਫਰੀਦਕੋਟ/ਸਾਦਿਕ, 25 ਦਸੰਬਰ (ਵਰਲਡ ਪੰਜਾਬੀ ਟਾਈਮਜ਼)
ਸਾਦਿਕ-ਫਿਰੋਜ਼ਪੁਰ-ਮਕੁਤਸਰ ਸੜਕ ਬਣਾਉਣ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ ਪਰ ਦੂਜੇ ਪਾਸੇ ਉਕਤ ਸੜਕ ਨਾਲ ਸਬੰਧਤ ਦੁਕਾਨਦਾਰ ਤੇ ਘਰਾਂ ਵਾਲੇ ਆਉਣ ਵਾਲੇ ਸੰਭਾਵੀ ਖਤਰੇ ਨੂੰ ਕੇ ਭੈਭੀਤ ਵੀ ਹਨ ਤੇ ਉਨਾਂ ਤੇ ਉਜਾੜੇ ਦੀ ਤਲਵਾਰ ਲਟਕਦੀ ਨਜਰ ਆ ਰਹੀ ਹੈ। ਇਸ ਸੜਕ ਸਬੰਧੀ ਲੋਕਾਂ, ਵਪਾਰੀਆਂ ਤੇ ਦੁਕਾਨਦਾਰਾਂ ਦੀ ਮੁਸ਼ਕਿਲਾਂ ਸੁਨਣ ਲਈ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵਿਸੇਸ ਤੌਰ ’ਤੇ ਸਾਦਿਕ ਆਏ ਤੇ ਸੁਰਿੰਦਰ ਸੇਠੀ ਪ੍ਰਧਾਨ ਵਪਾਰ ਮੰਡਲ ਸਾਦਿਕ ਦੇ ਦਫਤਰ ਵਿਖੇ ਦੁਕਾਨਦਾਰਾਂ ਨਾਲ ਮੀਟਿੰਗ ਕੀਤੀ। ਉਨਾਂ ਨਾਲ ਐਸ.ਡੀ.ਐਮ. ਨਵਦੀਪ ਸਿੰਗਲਾ, ਮਨਦੀਪ ਸਿੰਘ ਐਕਸੀਐਨ, ਜੇ.ਈ. ਸੁਮਿਤ ਕੁਮਾਰ, ਵਿਕਰਮ ਕਟਾਰੀਆ ਤੇ ਨਿਤਨ ਕਟਾਰੀਆ ਵੀ ਸਨ। ਦੁਕਾਨਾਦਾਰਾਂ ਨੇ ਕਿਹਾ ਕਿ ਜਿਸ ਤਰਾਂ ਸੜਕ ਚੌੜੀ ਹੋ ਰਹੀ ਹੈ, ਸਰਵਿਸ ਰੋਡ ’ਤੇ ਨਿਕਾਸੀ ਨਾਲਾ ਬਣਾਉਣ ਦੇ ਚਰਚੇ ਚੱਲ ਰਹੇ ਹਨ, ਉਸ ਨਾਲ ਦੁਕਾਨਾਂ ਦਾ ਨੁਕਸਾਨ ਹੋ ਸਕਦਾ ਹੈ। ਜਿਸ ਤਰਾਂ ਸੜਕ ਨੂੰ ਉੱਚਾ ਕਰਨ ਅਤੇ ਡਵਾਈਡ ਬਣਾਉਣ ਦੀ ਗੱਲ ਹੋ ਰਹੀ ਹੈ, ਉਸ ਨਾਲ ਵੀ ਦੁਕਾਨਦਾਰ ਬੁਰੀ ਤਰਾਂ ਪ੍ਰਭਾਵਿਤ ਹੋਣਗੇ। ਵਿਧਾਇਕ ਸੇਖੋਂ ਨੇ ਵਪਾਰੀਆਂ ਦੀ ਗੱਲ ਧਿਆਨ ਨਾਲ ਸੁਨਣ ਉਪਰੰਤ ਜਾਣਕਾਰੀ ਦਿੰਦੇ ਦੱਸਿਆ ਕਿ ਆਰਿਫ ਕੇ ਤੋਂ ਵਾਇਆ ਸਾਦਿਕ ਮਲੋਟ ਤੱਕ ਕਰੀਬ 900 ਕਰੋੜ ਦੀ ਲਾਗਤ ਨਾਲ ਲਗਭਗ 63 ਕਿਲੋਮੀਟਰ ਨੈਸਨਲ ਹਾਈਵੇ ਵਾਲੀ ਸੜਕ ਦਾ ਨਿਰਮਾਣ ਹੋਣਾ ਹੈ। ਦੁਕਾਨਦਾਰਾਂ ਨੂੰ ਚਿੰਤਾਂ ਕਰਨ ਦੀ ਲੋੜ ਨਹੀ, ਸੜਕ ਦੇ ਨਿਰਮਾਣ ਦੌਰਾਨ ਸਾਦਿਕ ਦੇ ਕਿਸੇ ਵੀ ਦੁਕਾਨਦਾਰ ਦਾ ਨੁਕਸਾਨ ਨਹੀਂ ਹੋਵੇਗਾ। ਜੋ ਸੜਕ ਦੀ ਜਗਾ ਹੈ, ਉਸ ’ਚ ਹੀ ਸੜਕ ਤਿਆਰ ਕੀਤੀ ਜਾਵੇਗੀ। ਜਿੱਥੇ ਸੜਕ ’ਤੇ ਪਾਣੀ ਖੜਦਾ ਹੈ, ਉਸ ਨੂੰ ਉੱਚਾ ਕੀਤਾ ਜਾ ਰਿਹਾ ਹੈ, ਬਿਨਾਂ ਲੋੜ ਤੋਂ ਸੜਕ ਨੂੰ ਉੱਚਾ ਨਹੀਂ ਕੀਤਾ ਜਾ ਰਿਹਾ ਹੈ। ਉਹਨਾਂ ਦੁਕਾਨਦਾਰ ਨੂੰ ਸੜਕ ਦਾ ਨਕਸਾ ਵੀ ਦਿਖਾਇਆ। ਉਹਨਾਂ ਨਜਾਇਜ ਕਬਜੇ ਕਰਨ ਵਾਲੇ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਅਜਿਹੇ ਕਬਜੇ ਛੱਡ ਦੇਣ ਤਾਂ ਜੋ ਸੜਕ ਦਾ ਨਿਰਮਾਣ ਠੀਕ ਢੰਗ ਨਾਲ ਹੋ ਸਕੇ। ਉਹਨਾਂ ਸੜਕ ਬਨਣ ਉਪਰੰਤ ਟੋਲ ਪਲਾਜ਼ਾ ਲੱਗਣ ਤੋਂ ਵੀ ਇਨਕਾਰ ਨਹੀਂ ਕੀਤਾ। ਸਬੰਧਤ ਅਧਿਕਾਰੀਆਂ ਨੇ ਦੱਸਿਆ ਕਿ ਸਰਵਿਸ ਰੋਡ ਦੌਰਾਨ ਸਰਕਾਰੀ ਦਫਤਰ ਜਾਂ ਸਕੂਲ ਨੂੰ ਛੱਡ ਕੇ ਕੋਈ ਕੱਟ ਨਹੀਂ ਦਿੱਤਾ ਜਾਵੇਗਾ। ਸਰਵਿਸ ਰੋਡ, ਜਿਥੋਂ ਤੱਕ ਬਣੇਗੀ, ਦੋਨੋ ਪਾਸੇ ਗਰਿੱਲ ਲਾਈ ਜਾਵੇਗੀ। ਇਸ ਮੌਕੇ ਸੁਰਿੰਦਰ ਸੇਠੀ, ਹੈਪੀ ਨਰੂਲਾ, ਜਗਦੇਵ ਸਿੰਘ ਢਿੱਲੋਂ, ਗੁਰਪ੍ਰੀਤ ਕੁਮਾਰ, ਬਲਜਿੰਦਰ ਸਿੰਘ ਭੁੱਲਰ, ਹਰਜਿੰਦਰ ਸਿੰਘ ਚੌਹਾਨ, ਜਗਨਾਮ ਸਿੰਘ, ਹੈਰੀ ਢਿੱਲਲੋਂ, ਦੀਪ ਮਰਾੜ, ਬਿੱਟੂ ਮੋਂਗਾ, ਸੰਜੀਵ ਚਾਵਲਾ, ਪਰਮਪਾਲ ਬਜਾਜ ਬਲਾਕ ਪ੍ਰਧਾਨ, ਵਿੱਕੀ ਬਾਂਸਲ ਤੇ ਬਹੁਤ ਸਾਰੇ ਦੁਕਾਨਦਾਰ ਵੀ ਹਾਜਰ ਸਨ।
Leave a Comment
Your email address will not be published. Required fields are marked with *