ਫਰੀਦਕੋਟ, 6 ਫਰਵਰੀ (ਵਰਲਡ ਪੰਜਾਬੀ ਟਾਈਮਜ਼)
ਜਿਲਾ ਪ੍ਰਸਾਸਨ ਵੱਲੋਂ ਸੜਕ ਸੁਰੱਖਿਆ ਮੁਹਿੰਮ ਤਹਿਤ ਵੱਖ-ਵੱਖ ਵਿਭਾਗਾਂ ਵੱਲੋਂ ਕਰਵਾਏ ਜਾ ਰਹੇ ਕੰਮਾਂ ਦੇ ਚਲਦਿਆਂ ਪੀ.ਡਬਲਿਓ.ਡੀ./ਬੀ.ਐਂਡ.ਆਰ ਅਤੇ ਮੰਡੀ ਬੋਰਡ ਵੱਲੋਂ ਸੜਕੀ ਆਵਾਜਾਈ ਨੂੰ ਦਰੁਸਤ ਰੱਖਣ ਦੇ ਮੰਤਵ ਨਾਲ ਸੜਕਾਂ ਦੀ ਉੱਚ ਦਰਜਾ ਬੰਦੀ (ਅਪਗ੍ਰੇਡੇਸਨ) ਦਾ ਕੰਮ ਕੀਤਾ ਜਾ ਰਿਹਾ ਹੈ। ਐਕਸੀਅਨ ਮੰਡੀ ਬੋਰਡ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸਨਰ ਵਿਨੀਤ ਕੁਮਾਰ ਦੇ ਹੁਕਮਾਂ ਤੇ ਸੜਕਾਂ ਦੇ ਆਲੇ ਦੁਆਲੇ ਬਰਮਾ, ਟੋਇਆ ਅਤੇ ਇਸ ਤਰ੍ਹਾਂ ਦੇ ਹੋਰ ਇੰਜੀਨੀਅਰਿੰਗ ਨੁਕਸ ਦੂਰ ਕੀਤੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਛੋਟੇ-ਛੋਟੇ ਟੋਇਆ ਕਾਰਨ ਵੀ ਕਈ ਵਾਰ ਬੜੇ ਵੱਡੇ ਅਤੇ ਗੰਭੀਰ ਹਾਦਸੇ ਵਾਪਰ ਜਾਂਦੇ ਹਨ। ਜਿਸ ’ਚ ਕੇਵਲ ਹੈਲਮਟ ਨਾ ਪਾਉਣ ਕਾਰਨ ਸਿਰ ਦੀ ਸੱਟ ਲੱਗਣ ਕਾਰਨ ਮੌਤ ਵੀ ਹੋ ਜਾਂਦੀ ਹੈ। ਸੜਕ ਯਾਤਾਯਾਤ ਅਤੇ ਹਾਈਵੇ ਮੰਤਰਾਲੇ ਭਾਰਤ ਸਰਕਾਰ ਦੀ ਇੱਕ ਰਿਪੋਰਟ ਮੁਤਾਬਿਕ ਛੋਟੇ ਵੱਡੇ ਟੋਇਆ ਕਾਰਨ ਸੜਕ ਹਾਦਸਿਆਂ ’ਚ 25% ਵਾਧਾ ਹੋਇਆ ਹੈ। ਇਸ ਸੜਕ ਸੁਰੱਖਿਆ ਮਹੀਨੇ ਦੌਰਾਨ ਜਿਲ੍ਹਾ ਪ੍ਰਸਾਸਨ ਵੱਲੋਂ ਦੋ ਪਹੀਆ ਵਾਹਨ ਚਲਾਉਣ ਵਾਲਿਆਂ ਨੂੰ ਜਿੱਥੇ ਹੈਲਮਟ ਪਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਉੱਥੇ ਨਾਲ ਹੀ ਚਾਰ ਪਹੀਆ ਵਾਹਨ ਚਲਾਉਣ ਵਾਲਿਆਂ ਨੂੰ ਸੀਟ ਬੈਲਟ ਲਾਜਮੀ ਤੌਰ ’ਤੇ ਲਾਉਣ ਲਈ ਵੀ ਅਪੀਲ ਕੀਤੀ ਜਾ ਰਹੀ ਹੈ। ਇਸ ਸਬੰਧੀ ਸਮੂਹ ਵਿਭਾਗਾਂ ਵੱਲੋਂ ਰੋਜਾਨਾ ਪੱਧਰ ਤੇ ਕੋਈ ਨਾ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਜੋ ਲੋਕ ਵੱਧ ਤੋਂ ਵੱਧ ਸੜਕੀ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਅਤੇ ਵਾਪਰ ਰਹੇ ਸੜਕ ਹਾਦਸਿਆਂ ਨੂੰ ਠੱਲ੍ਹ ਪਾਈ ਜਾ ਸਕੇ।