ਸੁਰਿੰਦਰ ਕੌਰ ਦੇ ਗਾਏ ‘ਗੀਤ’ ਸਾਂਝੇ ਪੰਜਾਬ ਦੀ ਅਮਾਨਤ ਹਨ : ਸੁਨੈਨੀ ਸ਼ਰਮਾ
ਚੰਡੀਗੜ੍ਹ, 25 ਨਵੰਬਰ ਹਰਦੇਵ ਚੌਹਾਨ(/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦੀ 94 ਵੀਂ ਜਨਮ ਵਰ੍ਹੇਗੰਢ ਮਨਾਈ ਗਈ ਜਿਸ ਦੌਰਾਨ ਚੜਦੇ ਅਤੇ ਲਹਿੰਦੇ ਪੰਜਾਬ ਦੀ ਖੁਸ਼ਹਾਲੀ, ਪਿਆਰ ਅਤੇ ਏਕਤਾ ਦਾ ਸੁਨੇਹਾ ਦਿਤਾ ਗਿਆ। ਮੁੱਖ ਮਹਿਮਾਨ ਕਮਲ ਤਿਵਾੜੀ ਦੇ ਨਾਲ ਵਿਸ਼ੇਸ਼ ਮਹਿਮਾਨ ਸਿਧਾਰਥ, ਦੇਵਿੰਦਰ ਸਿੰਘ, ਡਾਕਟਰ ਲਖਵਿੰਦਰ ਜੌਹਲ ਅਤੇ ਨਿਰੂਪਮਾ ਦੱਤ ਨੇ ਹਾਜ਼ਰੀ ਭਰੀ। ਸਮਾਗਮ ਦੌਰਾਨ ਲਹਿੰਦੇ ਪੰਜਾਬ ਦੇ ਸ਼ਾਇਰ ਹੈਦਰ ਅਲੀ ਹੈਦਰ ਦੀ ਕਾਵਿ ਪੁਸਤਕ ‘ਤੀਜੀ ਅੱਖ’ ਲੋਕ ਅਰਪਿਤ ਕੀਤੀ ਗਈ।




ਫੋਟੋ: ਸੁਰਿੰਦਰ ਕੌਰ ਦੇ ਜਨਮ ਦਿਹਾੜੇ ਦੀਆਂ ਝਲਕੀਆਂ (ਚੌਹਾਨ)
ਸੁਨੈਨੀ ਸ਼ਰਮਾ ਨੇ ਦੱਸਿਆ ਕਿ ਸਬਰ, ਸ਼ੁਕਰ ਜਿਹੇ ਅਕੀਦਿਆਂ ਦਾ ਇਲਮ ਸਾਨੂੰ ਸਾਡੇ ਮੁਢਲੇ ਵਰ੍ਹਿਆਂ ਵਿਚ ਹੀ ਹੋ ਜਾਂਦਾ ਹੈ ਕਿਉਂ ਜੋ ਲੋਕ ਗੀਤਾਂ ਅਤੇ ਕਿੱਸਿਆਂ ਦੇ ਬੋਲ ਸਾਡੇ ਕੰਨਾ ਰਾਹੀਂ ਸਿਖਿਆਵਾਂ ਬਣ ਸਾਡੇ ਮਨਾਂ ਵਿਚ ਘੁਲ ਜਾਂਦੀਆਂ ਹਨ। ਅੱਜ ਸੁਰਿੰਦਰ ਕੌਰ ਵਰਗੀਆਂ ਮਿਸਾਲੀ ਤੇ ਉੱਦਮੀ ਔਰਤਾਂ ਦੇ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਸਦਕਾ ਬਹੁਤ ਸਾਰੀਆਂ ਔਰਤਾਂ ਲਈ ਅਪਣੀ ਮਰਜੀ ਦੀ ਕਿੱਤੇ ਚੁਣਨ ਦਾ ਰਾਹ ਖੁੱਲਿਆ।
ਉਨਾਂ ਦੱਸਿਆ ਕਿ ਸਾਡੇ ਲੋਕ ਗੀਤਾਂ ਦੀ ਰਾਣੀ ਸੁਰਿੰਦਰ ਕੌਰ 1929 ਵਿੱਚ ਲਾਹੌਰ ਵਿਖੇ ਜਨਮੇ। 1940 ਤੋਂ ਉਨਾਂ ਨੇ ਲੋਕ ਗਾਇਕੀ ਸ਼ੁਰੂ ਕੀਤੀ ਤੇ ਫਿਰ ਪੰਜਾਬ, ਪੰਜਾਬੀ ਤੇ ਪੰਜਾਬੀ ਸੱਭਿਆਚਾਰ ਨੂੰ ਦੂਰ, ਦੂਰ ਤੀਕ ਫੈਲਾਉਣ ਵਾਲੇ ਸੈਂਕੜੇ ਗੀਤ ਗਾਏ। ਉਸ ਦੀਆਂ ਗੀਤ ਸੁਰਾਂ ਸਾਂਝੇ ਪੰਜਾਬ ਦੀ ਅਮਾਨਤ ਹਨ। ਰੰਗੀਨ ਵਸਤਰਾਂ ਵਾਲੀ ਸੰਗੀਤ ਸੁਹਾਗਣ ਸੁਰਿੰਦਰ ਕੌਰ ਸਾਡੇ ਦਿਲਾਂ ਵਿੱਚ ਹਮੇਸ਼ਾ ਵਸਦੀ ਰਹੇਗੀ।
ਡਾਕਟਰ ਲਖਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਸੁਰਿੰਦਰ ਕੌਰ ਦੇ ਗਾਏ ਗੀਤ ਪੰਜਾਬੀ ਸੱਭਿਆਚਾਰ ਦੀ ਪ੍ਰਾਪਤੀ ਹਨ। ਉਸ ਨੇ ਅੰਮ੍ਰਿਤਾ ਪ੍ਰੀਤਮ ਤੇ ਹੋਰ ਨਾਮਵਰ ਸਹਿਤਕਾਰਾਂ ਦੇ ਗੀਤ ਗਾਏ। ਕਲਾਕਾਰ ਸਿਧਾਰਥ ਨੇ ਕਿਹਾ ਕਿ ਸੁਰਿੰਦਰ ਕੌਰ ਨੇ ਔਰਤਾਂ ਦੀ ਤਰ੍ਹਾਂ ਔਰਤ ਦੀ ਵੇਦਨਾ ਨੂੰ ਬੜੀ ਸਫਲਤਾ ਨਾਲ ਗਾਇਆ।
ਸੁਰਿੰਦਰ ਕੌਰ ਦੇ ਜਨਮ ਦਿਨ ਮੌਕੇ
ਡਾਕਟਰ ਲਖਵਿੰਦਰ ਜੌਹਲ, ਕਮਲ ਤਿਵਾੜੀ, ਕਲਾਕਾਰ ਸਿਧਾਰਥ, ਗੁਰਪ੍ਰੀਤ ਸਿੰਘ ਮਣਕੂ, ਜਸਪ੍ਰੀਤ ਸਿੰਘ ਦੇਵਿੰਦਰ ਸਿੰਘ, ਨਿਰੂਪਮਾ ਦੱਤ ਤੇ
ਹੋਰਨਾਂ ਨੂੰ ਸੁਰਿੰਦਰ ਕੌਰ ਦੀ ਤਸਵੀਰ ਵਾਲੇ ਯਾਦਗਾਰੀ ਮਮੈਂਟੋ ਅਤੇ ਪੌਦਾ ਪ੍ਰਸ਼ਾਦ ਨਾਲ ਸਨਮਾਨਿਤ ਕੀਤਾ ਗਿਆ।
ਕਲਾਕਾਰ ਸਿਧਾਰਥ, ਜਸਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਮਨਕੂ ਨੇ ਮੌਕੇ ਉੱਤੇ ਸੁਰਿੰਦਰ ਕੌਰ ਦੇ ਚਿੱਤਰ ਬਣਾ ਕੇ ਸੁਰਿੰਦਰ ਕੌਰ ਦੇ ਜਨਮ ਦਿਨ ਨੂੰ ਰੰਗੀਨ ਬਣਾਇਆ। ਸਰੋਤਿਆਂ ਦੇ ਮਨੋਰੰਜਨ ਲਈ ਜਗਦੀਪ ਕੌਰ ਨੂਰਾਨੀ ਨੇ ਬੜੀ ਦਿਲਚਸਪੀ ਨਾਲ ਮੰਚ
ਸੰਚਾਲਨ ਕੀਤਾ।