ਸਮਾਜ ਦੇ ਸਾਰੇ ਵਰਗਾਂ ਦੀ ਵਿਆਪਕ ਲਾਮਬੰਦੀ ਲਈ 5 ਫਰਵਰੀ ਨੂੰ ਤਹਿਸੀਲ ਪੱਧਰ ਤੇ ਕੀਤੀਆਂ ਜਾਣਗੀਆਂ ਤਾਲਮੇਲ ਮੀਟਿੰਗਾਂ
ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਅਤੇ ਤਾਨਾਸ਼ਾਹ ਨੀਤੀਆਂ ਵਿਰੁੱਧ ਲੋਕ ਸੰਪਰਕ ਮੁਹਿੰਮ ਨੂੰ ਤੇਜ਼ ਕਰਨ ਲਈ ਕੀਤੀ ਵਿਉਂਤਬੰਦੀ
ਸੰਗਰੂਰ 2 ਫਰਵਰੀ (ਵਰਲਡ ਪੰਜਾਬੀ ਟਾਈਮਜ਼)
ਸੰਯੁਕਤ ਕਿਸਾਨ ਮੋਰਚਾ ਅਤੇ ਟਰੇਡ ਯੂਨੀਅਨਾਂ ਦੇ ਵਲੋਂ ਦਿੱਤੇ 16 ਫਰਵਰੀ ਦੇ ਭਾਰਤ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਜ਼ੋਰਦਾਰ ਤਿਆਰੀਆਂ ਵਿੱਢਣ ਖਾਤਰ ਅੱਜ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਜ਼ਿਲ੍ਹੇ ਦੇ ਵੱਖ ਵੱਖ ਵਰਗਾਂ ਨਾਲ ਸਬੰਧਤ ਜਥੇਬੰਦੀਆਂ ਦੀ ਹੋਈ ਮੀਟਿੰਗ ਹੋਈ। ਇਸ ਭਰਵੀਂ ਮੀਟਿੰਗ ਵਿੱਚ ਕਿਸਾਨਾਂ, ਪੇਂਡੂ/ਖੇਤ ਮਜ਼ਦੂਰ, ਉਸਾਰੀ ਅਤੇ ਮਨਰੇਗਾ ਕਾਮੇ, ਬਿਜਲੀ, ਰੋਡਵੇਜ਼, ਅਧਿਆਪਕ , ਆਂਗਣਵਾੜੀ ਵਰਕਰ, ਪੈਨਸ਼ਨਰ ਅਤੇ ਹੋਰ ਮੁਲਾਜ਼ਮ ਜੱਥੇਬੰਦੀਆਂ, ਵਿਦਿਆਰਥੀ,ਨੌਜਵਾਨ ਅਤੇ ਔਰਤਾਂ ਦੀਆਂ 30 ਦੇ ਲਗਭਗ ਜੱਥੇਬੰਦੀਆਂ ਨੇ ਮੀਟਿੰਗ ਵਿੱਚ ਸ਼ਮੂਲੀਅਤ ਕਰਕੇ 16 ਫਰਵਰੀ ਦੇ ਭਾਰਤ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਦਿਨ ਰਾਤ ਇੱਕ ਕਰ ਦੇਣ ਦਾ ਅਹਿਦ ਲਿਆ। ਮੀਟਿੰਗ ਦੇ ਪ੍ਰਧਾਨਗੀ ਮੰਡਲ ਵਿੱਚ ਸਰਬ ਸਿਰੀ ਸੁਖਦੇਵ ਸ਼ਰਮਾ, ਗੁਰਮੀਤ ਸਿੰਘ ਕਪਿਆਲ, ਭੁਪਿੰਦਰ ਸਿੰਘ ਲੌਂਗੋਵਾਲ, ਇੰਦਰਪਾਲ ਸਿੰਘ, ਜਰਨੈਲ ਸਿੰਘ ਜਨਾਲ, ਭਰਪੂਰ ਸਿੰਘ ਬੁਲਾਪੁਰ ਸ਼ਾਮਲ ਸਨ।
ਸ਼ੁਰੂਆਤੀ ਤੌਰ ਤੇ ਮੇਜ਼ਰ ਸਿੰਘ ਪੁਨਾਵਾਲ, ਕਿਰਨਜੀਤ ਸਿੰਘ ਸੇਖੋਂ ਨੇ ਸਾਰੀਆਂ ਜੱਥੇਬੰਦੀਆਂ ਸਾਹਮਣੇ ਅਜੰਡਾ ਪੇਸ਼ ਕਰਦਿਆਂ ਕਿਹਾ ਕਿ 16 ਫਰਵਰੀ ਦਾ ਭਾਰਤ ਬੰਦ ਦੇਸ਼ ਦੇ ਖੇਤੀ ਖੇਤਰ ਸਿੱਖਿਆਂ, ਟਰਾਂਸਪੋਰਟ, ਬਿਜਲੀ ਸਮੇਤ ਪਬਲਿਕ ਸੈਕਟਰ ਉੱਪਰ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਕਾਰਪੋਰੇਟ ਪੱਖੀ ਅਤੇ ਤਾਨਾਸ਼ਾਹ ਨੀਤੀਆਂ ਵਿਰੁੱਧ ਸਖਤ ਰੋਹ ਦਾ ਪ੍ਰਗਟਾਵਾ ਕਰਨ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੀਤੇ ਵਿੱਚ ਮੋਦੀ ਸਰਕਾਰ ਕਿਸਾਨਾਂ ਦੀਆਂ ਐਮ ਐਸ ਪੀ ਅਤੇ ਕਰਜ਼ਾ ਮੁਕਤੀ ਅਤੇ ਹੋਰ ਮੰਗਾਂ ਨਾਲ ਸਬੰਧਤ ਮਾਮਲਿਆਂ ਨੂੰ ਮੰਨਣ ਦਾ ਲਿਖਤੀ ਵਾਅਦਾ ਕਰਕੇ ਮੁੱਕਰ ਗਈ ਹੈ। ਉਸਨੇ ਇੱਕਲਾ ਕਿਸਾਨਾਂ ਨਾਲ ਹੀ ਵਿਸ਼ਵਾਸਘਾਤ ਨਹੀਂ ਕੀਤਾ ਬਲਕਿ ਸਮਾਜ ਦੇ ਹਰ ਤਬਕਾ ਚਾਹੇ ਉਹ ਮਜ਼ਦੂਰ ਹੋਣ,ਚਾਹੇ ਵਪਾਰੀ ਹੋਣ,ਚਾਹੇ ਮੁਲਾਜ਼ਮ, ਨੌਜਵਾਨ ਅਤੇ ਔਰਤਾਂ ਹੋਣ ਸੱਭ ਨੂੰ ਹੀ ਆਪਣੀਆਂ ਤਬਾਹਕੁੰਨ ਨੀਤੀਆਂ ਦਾ ਸ਼ਿਕਾਰ ਬਣਾਇਆ ਹੈ।ਚਾਰ ਲੇਬਰ ਕੋਡ, ਅਗਨੀ ਵੀਰ ਸਕੀਮ, ਕੌਮੀ ਸਿੱਖਿਆਂ ਨੀਤੀ ਅਤੇ ਹੁਣ ਹਿੱਟ ਐਂਡ ਰਨ ਕਾਨੂੰਨ ਆਦਿ ਇੱਕ ਤੋਂ ਬਾਅਦ ਇੱਕ ਮਾਮਲਾ ਇਸ ਦੇ ਗਵਾਹ ਹਨ। ਹੁਣ ਬਜ਼ਟ ਵਿਚ ਕਾਰਪੋਰੇਟ ਪੱਖੀ ਨੀਤੀਆਂ ਦਾ ਐਲਾਨ ਕਰਕੇ ਸਰਕਾਰ ਦੇਸ਼ ਦੀ ਜ਼ਮੀਨ,ਜੰਗਲ, ਕੁਦਰਤੀ ਸਰੋਤਾਂ, ਪਬਲਿਕ ਸੈਕਟਰ ਅਤੇ ਕਾਰੋਬਾਰੀ ਅਦਾਰਿਆਂ ਨੂੰ ਧੰਨ ਕੁਬੇਰਾਂ ਅਤੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਕੇ ਕਿਸਾਨਾਂ, ਮਜ਼ਦੂਰਾਂ , ਨੌਜਵਾਨਾਂ , ਵਿਦਿਆਰਥੀਆਂ ਅਤੇ ਛੋਟੇ ਤੇ ਦਰਮਿਆਨੇ ਕਾਰੋਬਾਰੀਆਂ ਨੂੰ ਉਜਾੜਨ ਦੇ ਰਾਹ ਪੈ ਗਈ ਹੈ।ਉਨ੍ਹਾਂ ਸਾਰੀਆਂ ਜੱਥੇਬੰਦੀਆਂ ਹਰੇਕ ਵਰਗ ਤੋਂ 16 ਫਰਵਰੀ ਦੇ ਭਾਰਤ ਬੰਦ ਲਈ ਸਹਿਯੋਗ ਅਤੇ ਸਮਰਥਨ ਦੀ ਅਪੀਲ ਕੀਤੀ। ਮੀਟਿੰਗ ਦੌਰਾਨ ਸੂਬਾ ਆਗੂਆਂ ਨੇ ਦੱਸਿਆ ਕਿ ਪੰਜਾਬ ਦੀਆਂ ਦੋਵੇਂ ਵੱਡੀਆਂ ਆੜਤੀ ਐਸੋਸੀਏਸ਼ਨਾਂ ਨੇ ਉਸ ਦਿਨ ਸਾਰੀਆਂ ਮੰਡੀਆਂ ਬੰਦ ਕਰਨ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਰੇ ਖ੍ਰੀਦ ਕੇਂਦਰ,ਉਨ੍ਹਾਂ ਦੇ ਮੁਨੀਮ ਅਤੇ ਮਜ਼ਦੂਰ ਭਾਰਤ ਬੰਦ ਨੂੰ ਪੂਰਾ ਸਮਰਥਨ ਅਤੇ ਸਹਿਯੋਗ ਦੇਣਗੇ। ਉਸਾਰੀ ਅਤੇ ਨਿਰਮਾਣ ਖੇਤਰ ਦੀਆਂ ਜੱਥੇਬੰਦੀਆਂ ਨੇ 16 ਨੂੰ ਸਾਰੇ ਕੰਮ ਠੱਪ ਰੱਖ ਕੇ ਬੰਦ ਦੌਰਾਨ ਕੀਤੇ ਜਾਣ ਵਾਲੇ ਇੱਕਠਾਂ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਪੇਂਡੂ ਅਤੇ ਖੇਤ ਮਜ਼ਦੂਰ ਜੱਥੇਬੰਦੀਆਂ ਨੇ ਪਿੰਡਾਂ ਵਿੱਚ ਬੰਦ ਦੇ ਪ੍ਰਚਾਰ ਨੂੰ ਲੈਕੇ ਜਾਣ ਦਾ ਭਰੋਸਾ ਦਿਵਾਇਆ।
ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਜ਼ਿਲ੍ਹੇ ਦੀਆਂ ਟਰਾਂਸਪੋਰਟ ਖੇਤਰ ਨਾਲ ਜੁੜੀਆਂ ਹੋਈਆਂ ਸਾਰੀਆਂ ਜੱਥੇਬੰਦੀਆਂ ਅਤੇ ਸਮੁੱਚੇ ਵਪਾਰ ਮੰਡਲਾਂ ਤੱਕ ਪਹੁੰਚ ਕਰਕੇ ਬੰਦ ਵਿੱਚ ਸ਼ਾਮਲ ਹੋਣ ਲਈ ਅਪੀਲ ਕੀਤੀ ਜਾਵੇਗੀ।ਇਸ ਨੂੰ ਤਹਿਸੀਲ ਪੱਧਰ ਤੇ ਲਾਗੂ ਕਰਨ ਲਈ 5 ਫਰਵਰੀ ਨੂੰ ਤਹਿਸੀਲਾਂ ਅਤੇ ਸਬ ਤਹਿਸੀਲਾਂ ਵਿੱਚ ਸੰਗਰੂਰ, ਧੂਰੀ, ਸੁਨਾਮ, ਲਹਿਰਾਗਾਗਾ,ਮੂਨਕ, ਦਿੜ੍ਹਬਾ, ਸ਼ੇਰਪੁਰ, ਭਵਾਨੀਗੜ੍ਹ ਅਤੇ ਲੌਂਗੋਵਾਲ ਵਿਚ ਤਾਲਮੇਲ ਮੀਟਿੰਗਾਂ ਕੀਤੀਆਂ ਜਾਣਗੀਆਂ। ਇਸ ਸਾਰੇ ਕੰਮ ਸੰਬੰਧੀ ਤਾਲਮੇਲ ਕਰਨ ਲਈ 17ਮੈਬਰੀ ਤਾਲਮੇਲ ਕਮੇਟੀ ਦਾ ਗਠਨ ਕੀਤਾ ਗਿਆ।
ਮੀਟਿੰਗ ਨੇ ਸਾਂਝੇ ਰੂਪ ਵਿੱਚ ਫੈਸਲਾ ਕੀਤਾ ਕਿ 16 ਫਰਵਰੀ ਨੂੰ ਸਵੇਰ ਤੋਂ ਲੈਕੇ ਸ਼ਾਮ ਦੇ ਚਾਰ ਵਜੇ ਤੱਕ ਮੁਕੰਮਲ ਤੌਰ ਤੇ ਬੰਦ ਕੀਤਾ ਜਾਵੇਗਾ।ਇਸ ਬੰਦ ਦੌਰਾਨ ਬਰਾਤਾਂ, ਐਂਬੂਲੈਂਸ ਅਤੇ ਮਰਗ ਨਾਲ ਸਬੰਧਤ ਗੱਡੀਆਂ ਨੂੰ ਛੋਟ ਦੇਣ ਦਾ ਫੈਸਲਾ ਵੀ ਕੀਤਾ ਗਿਆ।
ਅੱਜ ਦੀ ਮੀਟਿੰਗ ਵਿੱਚ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾਂ ਏਟਕ,ਸੀਟੂ, ਇਫਟੂ,ਏਕਟੂ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ, ਏ ਆਈ ਵਾਈ ਐਫ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ, ਪੰਜਾਬ ਸਟੂਡੈਂਟਸ ਯੂਨੀਅਨ , ਜੁਆਇੰਟ ਫੋਰਮ ਬਿਜਲੀ ਬੋਰਡ , ਉਸਾਰੀ ਅਤੇ ਨਿਰਮਾਣ ਮਿਸਤਰੀ ਮਜਦੂਰ ਯੂਨੀਅਨ, ਪੀ ਆਰ ਟੀ ਸੀ ਮੁਲਾਜ਼ਮ ਯੂਨੀਅਨ, ਆਂਗਨਵਾੜੀ ਮੁਲਾਜ਼ਮ ਯੂਨੀਅਨ, ਪੈਪਸੀਕੋ ਮਜ਼ਦੂਰ ਯੂਨੀਅਨ, ਨੌਜਵਾਨ ਭਾਰਤ ਸਭਾ, ਪੰਜਾਬ ਅਤੇ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰ ਮੋਰਚਾ , ਜਮਹੂਰੀ ਅਧਿਕਾਰ ਸਭਾ ਸਮੇਤ ਕਈ ਹੋਰ ਜੱਥੇਬੰਦੀਆਂ ਦੇ ਆਗੂਆਂ ਸਰਵ ਸਿਰੀ ਹਰਦੇਵ ਸਿੰਘ ਬਖਸ਼ੀਵਾਲਾ,ਕਰਮ ਸਿੰਘ ਬਲਿਆਲ, ਜਗਤਾਰ ਸਿੰਘ ਦੁੱਗਾਂ, ਨਵਜੀਤ ਸਿੰਘ, ਸਵਰਨਜੀਤ ਸਿੰਘ, ਸੀਤਾਰਾਮ ਸ਼ਰਮਾ,ਰਾਮ ਸਿੰਘ ਸੋਹੀਆਂ, ਮੁਹੰਮਦ ਖ਼ਲੀਲ, ਮਨਦੀਪ ਕੁਮਾਰੀ, ਅਵਿਨਾਸ਼ ਸ਼ਰਮਾ, ਨਿਰਮਲ ਬੱਟਰੀਆਨਾ, ਜੀਵਨ ਸਿੰਘ, ਵਰਿੰਦਰ ਕੌਸ਼ਿਕ,ਬਿਕਰ ਸਿੰਘ ਹਥੋਆ, ਸੁਖਦੀਪ ਸਿੰਘ ਹਥਨ, ਹਰਿੰਦਰ ਸਿੰਘ, ਬਲਵੀਰ ਸਿੰਘ ਜਲੂਰ , ਰੋਹੀ ਸਿੰਘ ਮੰਗਵਾਲ, ਜਰਨੈਲ ਸਿੰਘ ਜਹਾਂਗੀਰ, ਜਰਨੈਲ ਸਿੰਘ ਜਲਾਨ, ਸਤਵੀਰ ਸਿੰਘ ਤੁੰਗਾਂ ਅਤੇ ਸੁਖਵਿੰਦਰ ਸਿੰਘ ਨੇ ਭਾਗ ਲਿਆ।
Leave a Comment
Your email address will not be published. Required fields are marked with *