ਇੱਕ ਵਾਰ ਦੀ ਗੱਲ ਹੈ ਕਿ ਇੱਕ ਜੰਗਲ ਵਿੱਚ ਬਹੁਤ ਸਾਰੇ ਜਾਨਵਰਾਂ ਦੇ ਨਾਲ -ਨਾਲ ਦੋ ਸੁਨਹਿਰੇ ਕੱਛੂ ਵੀ ਰਹਿੰਦੇ ਸਨ। ਇੱਕ ਥੋੜ੍ਹਾ ਭਾਰੀ ਹੋਣ ਕਰਕੇ ਉਸਦਾ ਨਾਂ ਮੋਟੂ ਤੇ ਦੂਜਾ ਛੋਟਾ ਹੋਣ ਕਰਕੇ ਉਸਦਾ ਨਾਂ ਛੋਟੂ ਸੀ। ਮੋਟੂ ਤੇ ਛੋਟੂ ਵਿੱਚ ਦੋਸਤੀ ਬੜੀ ਪੱਕੀ ਸੀ। ਮੋਟੂ ਤੇ ਛੋਟੂ ਜਿੱਥੇ ਵੀ ਜਾਂਦੇ ਦੋਵੇਂ ਇਕੱਠੇ ਹੀ ਜਾਂਦੇ ਸਨ। ਇੱਕ ਦਿਨ ਜੰਗਲ ਵਿੱਚ ਸ਼ਿਕਾਰੀਆ ਦਾ ਇੱਕ ਟੋਲਾ ਸ਼ਿਕਾਰ ਕਰਨ ਦੇ ਲਈ ਆਇਆਂ।ਉਨ੍ਹਾਂ ਨੇ ਕਈ ਜਾਨਵਰਾਂ ਦਾ ਸ਼ਿਕਾਰ ਵੀ ਕੀਤਾ। ਪਤਾ ਨਹੀਂ ਕਿਵੇਂ ਉਨ੍ਹਾਂ ਦੇ ਇੱਕ ਕਰਿੰਦੇ ਨੂੰ ਸੁਨਹਿਰੀ ਕੱਛੂਆਂ ਦੇ ਜੋੜੇ ਦੇ ਬਾਰੇ ਵਿੱਚ ਪਤਾ ਚੱਲ ਗਿਆ।ਉਸਨੇ ਇਸਦੇ ਬਾਰੇ ਦੇ ਵਿੱਚ ਆ ਕੇ ਆਪਣੇ ਲੀਡਰ ਨੂੰ ਦੱਸਿਆ।
“ਮਾਲਕ ਜੰਗਲ ਵਿੱਚ ਸੁਨਹਿਰੇ ਕੱਛੂਆਂ ਦਾ ਜੋੜਾ ਰਹਿੰਦਾ ਹੈ।”
“ਸੁਨਹਿਰੇ ਕੱਛੂਆਂ ਦਾ ਜੋੜਾ……….! “
“ਹਾਂ ਜੀ ਸੁਨਹਿਰੇ ਕੱਛੂਆਂ ਦਾ ਜੋੜਾ। “
“ਰਾਮਦੀਨ ਉਨ੍ਹਾਂ ਦੀ ਤਾਂ ਅੰਤਰਰਾਸ਼ਟਰੀ ਮੰਡੀ ਵਿੱਚ ਬਹੁਤ ਮੰਗ ਹੈ। ਆਪਾਂ ਉਹਨਾਂ ਨੂੰ ਜਿਉਂਦੇ ਹੀ ਫੜਨਾਂ ਹੈ। ਤੂੰ ਪਤਾ ਕਰ ਉਹ ਜੰਗਲ ਦੇ ਕਿਹੜੇ ਹਿੱਸੇ ਵਿੱਚ ਰਹਿੰਦੇ ਹਨ। “
“ਮਾਲਕ ਉਹ ਦੋਨੋਂ ਤਲਾਅ ਵਾਲੇ ਪਾਸੇ ਰਹਿੰਦੇ ਹਨ। “
“ਬਹੁਤ ਵਧੀਆ ਤੂੰ ਕੱਲ੍ਹ ਸਵੇਰੇ ਹੀ ਉਹਨਾਂ ਦੇ ਰਸਤੇ ਵਿੱਚ ਤਿਲਕਣੇ ਪੱਥਰ ਰੱਖ ਦੇਈ ਤਾਂ ਜੋ ਉਹ ਉਨ੍ਹਾਂ ਉੱਤੋਂ ਤਿਲਕ ਕੇ ਪੁੱਠੇ ਹੋ ਜਾਣ ਤੇ ਭੱਜ ਨਾ ਸਕਣ। ਯਾਦ ਰੱਖੀ ਆਪਾਂ ਉਨ੍ਹਾਂ ਨੂੰ ਜਿਉਂਦੇ ਹੀ ਫੜਨਾਂ ਹੈ। “
“ਠੀਕ ਹੈ ਮਾਲਕ ਸਵੇਰੇ ਇਸੇ ਤਰ੍ਹਾਂ ਹੀ ਕਰਾਂਗਾ ਜੀ। ” ਆਖ ਉਹ ਚਲਾ ਜਾਂਦਾ ਹੈ। ਅਗਲੀ ਸਵੇਰ ਉਹ ਉਸੇ ਤਰ੍ਹਾਂ ਹੀ ਕਰਦਾ ਹੈ। ਦੂਜੇ ਪਾਸੇ ਮੋਟੂ ਤੇ ਛੋਟੂ ਦੋਨੋਂ ਗੱਲਾਂ ਕਰਦੇ ਬੇਧਿਆਨੇ ਤੁਰੇ ਆ ਰਹੇ ਹੁੰਦੇ ਹਨ। ਅਚਾਨਕ ਮੋਟੂ ਤਿਲਕਣੇ ਪੱਥਰ ਉੱਤੇ ਚੜ ਜਾਂਦਾ ਹੈ ਤੇ ਤਿਲਕ ਕੇ ਪੁੱਠਾ ਹੋ ਕੇ ਡਿੱਗਦਾ ਹੈ। ਸ਼ਿਕਾਰੀਆ ਦਾ ਟੋਲਾ ਦੂਰ ਬੈਠਾ ਇਹ ਸਭ ਦੇਖ ਰਿਹਾ ਹੁੰਦਾ ਹੈ। ਉਨ੍ਹਾਂ ਨੂੰ ਦੂਜੇ ਕੱਛੂ ਦੇ ਵੀ ਪੁੱਠੇ ਡਿੱਗਣ ਦਾ ਇੰਤਜ਼ਾਰ ਹੁੰਦਾ ਹੈ।
“ਛੋਟੂ ਮੈਨੂੰ ਲੱਗਦਾ ਹੈ ਇਹ ਪੱਥਰ ਆਪਾਂ ਨੂੰ ਫਸਾਉਣ ਲਈ ਜਾਣਬੁੱਝ ਕੇ ਸੁੱਟੇ ਗਏ ਹਨ।ਤੂੰ ਆਪਣੀ ਜਾਨ ਬਚਾ ਤੇ ਇੱਥੋਂ ਦੂਰ ਚਲਾ ਜਾਹ। “
“ਨਹੀਂ ਮੋਟੂ ਜੇ ਮੈਂ ਜਾਵਾਂਗਾ ਤਾਂ ਤੈਨੂੰ ਨਾਲ ਹੀ ਲੈ ਕੇ ਜਾਵਾਂਗਾ ਨਹੀਂ ਤਾਂ ਦੋਨੋਂ ਇਕੱਠੇ ਹੀ ਮਰਾਂਗੇ।” ਛੋਟੂ ਮੋਟੂ ਨੂੰ ਸਿੱਧਾ ਕਰਨ ਲਈ ਜੋਰ ਲਗਾਉਣ ਲੱਗ ਜਾਂਦਾ ਹੈ। ਭਾਵੇਂ ਇਹ ਕੰਮ ਉਸਦੇ ਲਈ ਬਹੁਤ ਔਖਾ ਹੀ ਨਹੀਂ ਲਗਭਗ ਅਸੰਭਵ ਹੀ ਸੀ ਪਰ ਛੋਟੂ ਵਾਰ-ਵਾਰ ਮੋਟੂ ਨੂੰ ਟੱਕਰ ਮਾਰਦਾ ਰਿਹਾ।
“ਛੋਟੂ ਤੈਨੂੰ ਰੱਬ ਦਾ ਵਾਸਤਾ , ਤੂੰ ਮੈਨੂੰ ਛੱਡ ਕੇ ਚਲਾ ਜਾਹ ਨਹੀਂ ਤਾਂ ਦਰਿੰਦੇ ਸ਼ਿਕਾਰੀ ਤੈਨੂੰ ਵੀ ਫੜ੍ ਲੈਣਗੇ। “
“ਨਹੀਂ ਮੋਟੂ ਮੈਂ ਤੈਨੂੰ ਇਕੱਲੇ ਛੱਡ ਕੇ ਨਹੀਂ ਜਾਣਾ। ” ਛੋਟੂ ਆਪਣੀ ਗੱਲ ਉੱਤੇ ਅੜਿਆ ਹੋਇਆਂ ਸੀ। ਅੰਤ ਛੋਟੂ ਪੂਰੇ ਜੋਸ਼ ਨਾਲ ਮੋਟੂ ਨੂੰ ਧੱਕਾ ਮਾਰਦਾ ਹੈ ਤੇ ਆਪਣੀ ਕੋਸ਼ਿਸ਼ ਵਿੱਚ ਸਫ਼ਲ ਵੀ ਹੋ ਜਾਂਦਾ ਹੈ।ਮੋਟੂ ਸਿੱਧਾ ਹੋ ਜਾਂਦਾ ਹੈ। ਇਸ ਤੋਂ ਪਹਿਲਾਂ ਸ਼ਿਕਾਰੀ ਉਨ੍ਹਾਂ ਦੇ ਕੋਲ ਆਉਂਦੇ ਉਹ ਦੋਨੋ ਤੇਜ਼ੀ ਨਾਲ ਸੰਘਣੇ ਜੰਗਲ ਵਿੱਚ ਚਲੇ ਜਾਂਦੇ ਹਨ।
ਇਸ ਤਰ੍ਹਾਂ ਛੋਟੂ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਆਪਣੇ ਦੋਸਤ ਦੀ ਜਾਨ ਬਚਾ ਲੈਂਦਾ ਹੈ।
ਸਿੱਖਿਆ:-ਸੱਚਾ ਦੋਸਤ ਉਹ ਹੁੰਦਾ ਹੈ,ਜੋ ਮੁਸੀਬਤ ਸਮੇਂ ਤੁਹਾਡੇ ਕੰਮ ਆਉਂਦਾ ਹੈ।
ਸੰਦੀਪ ਦਿਉੜਾ
8437556667
Leave a Comment
Your email address will not be published. Required fields are marked with *