ਕੋਈ ਵਿਰਲਾ ਹੀ ਹੋਵੇਗਾ ਇਸ ਸੰਸਾਰ ਉੱਤੇ ਜਿਸਨੇ ਕਦੀ ਵੀ ਕਿਸੇ ਨਾ ਕਿਸੇ ਰੂਪ ਵਿੱਚ ਕੁਦਰਤ ਦਾ ਆਨੰਦ ਨਹੀਂ ਮਾਣਿਆ ਹੋਵੇਗਾ। ਇਹ ਚੰਨ, ਤਾਰੇ, ਸੂਰਜ,ਨੀਲਾ ਆਕਾਸ਼, ਖਿੜ- ਖਿੜ ਹੱਸਦੇ ਫੁੱਲ,ਰੰਗ- ਬਿਰੰਗੇ ਪੱਤੇ ਹਰ ਇੱਕ ਦੀ ਰੂਹ ਨੂੰ ਆਪਣੇ ਵੱਲ ਖਿੱਚ ਹੀ ਲੈਂਦੇ ਹਨ। ਮੇਰੀ ਜ਼ਿੰਦਗੀ ਵਿੱਚ ਮੈਨੂੰ ਘੱਟ ਹੀ ਸਮਾਂ ਮਿਲਿਆ ਇਨ੍ਹਾਂ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਨਣ ਦਾ। ਪਰ ਰੋਜ਼ ਦੇ ਸਫ਼ਰ ਦੌਰਾਨ ਖੁੱਲ੍ਹੇ ਖੇਤਾਂ, ਦਰੱਖ਼ਤਾਂ, ਸੂਰਜ ਦੇ ਚੜ੍ਹਨ ਤੇ ਢਲਣ ਵੇਲੇ ਦੀ ਰੌਸ਼ਨੀ ਨੂੰ ਬਹੁਤ ਤੱਕਿਆ ਮੇਰੀਆਂ ਅੱਖਾਂ ਨੇ। ਬੂਟਿਆਂ ਨਾਲ ਵਾ- ਵਾਸਤਾ ਮੇਰੇ ਬਚਪਨ ਤੋਂ ਬਹੁਤਾ ਬਣਿਆਂ ਹੀ ਨਹੀਂ। ਪਰ ਕੋਰੋਨਾ-ਕਾਲ ਦੌਰਾਨ ਘਰ ਵਿੱਚ ਨਵੇਂ-ਨਵੇਂ ਬੂਟੇ ਲਾਉਣ ਦੀ ਇੱਛਾ ਨੇ ਮੇਰੀ ਜ਼ਿੰਦਗੀ ਨੂੰ ਇੱਕ ਨਵਾਂ ਹੀ ਮੌੜ ਦੇ ਦਿੱਤਾ। ਇੰਝ ਜਾਪਦਾ ਹੈ ਜਿਵੇਂ ਕਿ ਸੱਚੇ ਮਿੱਤਰਾਂ ਨਾਲ ਮਿਲਾਪ ਹੋ ਗਿਆ ਹੋਵੇ, ਜਿਹੜੇ ਮੈਨੂੰ ਮਿਲਕੇ ਮੇਰੇ ਨਾਲ ਖੁਸ਼ ਹੁੰਦੇ, ਨਾ ਕਿ ਮੇਰੇ ਪਿੱਛੋਂ ਮੇਰੀਆਂ ਗੱਲਾਂ ਕਰਦੇ, ਨਾ ਮੇਰੀਆਂ ਲੱਤਾਂ ਖਿੱਚਦੇ। ਰੂਹ
ਤੱਕ ਖੁਸ਼ੀ ਦੇ ਜਾਂਦੇ ਖਿੜੇ ਹੋਏ ਫੁੱਲ, ਪੱਤੇ ਤੇ ਨਵੇਂ ਲਿਆਂਦੇ ਬੂਟੇ। ਚਾਰ ਦਿਨ ਪੇਕੇ ਕੀ ਲਾ ਆਵਾਂ ਇੰਝ ਜਾਪਦਾ ਜਿਵੇੰ ਕਿ ਪਿੱਛੋਂ ਉਦਾਸ ਹੋ ਗਏ ਮੇਰੇ ਇਹ ਸੱਚੇ ਦੋਸਤ ਮੇਰੇ ਬਿਨਾਂ। ਥੱਕ ਟੁੱਟਕੇ ਕੰਮ ਤੋਂ ਘਰ ਜਾਉ ਤਾਂ ਇਹਨਾਂ ਸੱਚੇ ਦੋਸਤਾਂ ਕੋਲੋਂ ਬਿਨਾਂ ਰੁਕੇ ਲੰਘਿਆਂ ਹੀ ਨਹੀਂ ਜਾਂਦਾ। ਬਿਨਾਂ ਉਹਨਾਂ ਦੀ ਜਾਂਚ ਕੀਤੇ ਕਿਹੜਾ ਬੂਟਾ ਕਿੰਨਾਂ ਵੱਧ ਗਿਆ, ਕਿੱਥੋਂ ਖ਼ਰਾਬ ਹੋ ਰਿਹੈ, ਕਿਸਨੂੰ ਕਿੰਨਾ ਪਾਣੀ ਚਾਹੀਦੈ, ਦੇਖੇ ਬਿਨਾਂ ਦਿਨ ਪੂਰਾ ਹੀ ਨਹੀਂ ਹੁੰਦਾ। ਕਿਸੇ ਰਿਸ਼ਤੇਦਾਰ ਦੇ ਘਰ ਜਾਉ ਤਾਂ ਪਹਿਲਾਂ ਧਿਆਨ ਉਹਨਾਂ ਦੀ ਕਿਆਰੀ ਵੱਲ ਜਾਂਦਾ, ਫਿਰ ਧਿਆਨ ਰਹਿੰਦਾ ਕਿ ਕਿਹੜਾ ਬੂਟਾ ਉਹਨਾਂ ਨੂੰ ਗਿਫ਼ਟ ਕਰ ਸਕਦੀ ਤੇ ਕਿਸ ਬੂਟੇ ਦੀ ਕਲਮ ਉਹਨਾਂ ਤੋਂ ਲੈ ਸਕਦੀ ਹਾਂ। ਬਸ ਫਿਰ ਬਿਨਾਂ ਝਿਜਕੇ ਬੂਟੇ ਦੀ ਕਲਮ ਚਾਈਂ-ਚਾਈਂ ਘਰ ਆ ਕੇ ਬਿਨਾਂ ਕਿਸੇ ਨੂੰ ਦੱਸੇ ਚੁੱਪ-ਚਾਪ ਲਾ ਦੇਣੀ। ਬਸ ਇੰਝ ਹੀ ਇਹ ਸਿਲਸਿਲਾ ਚਲਦਾ ਰਿਹਾ ਅਤੇ ਮੇਰੇ ਕੋਲ ਬੂਟਿਆਂ ਦੀ ਇੱਕ ਚੰਗੀ ਸੋਹਣੀ ਜਿਹੀ ਬਗੀਚੀ ਤਿਆਰ ਹੋ ਗਈ। ਬੇਇਨਤਾਹ ਖੁਸ਼ੀ ਦੇ ਜਾਂਦੇ ਮੈਨੂੰ ਇਹ ਬੇਜ਼ੁਬਾਨ ਦੋਸਤ ਮੇਰੇ ਸਰੀਰਕ ਤਕਲੀਫ਼ ਵਿੱਚ। ਮਹਿਸੂਸ ਹੁੰਦਾ ਕਿ ਜ਼ਿੰਦਗੀ ਦੇ ਅਣਮੁੱਲੇ ਸਾਲ ਲੰਘਾ ਦਿੱਤੇ ਬਿਨਾਂ ਇਨ੍ਹਾਂ ਸੱਚੇ ਦੋਸਤਾਂ ਦੇ।ਅਜੀਬ ਜਿਹਾ ਸਕੂਨ ਮਿਲਦਾ ਹੈ, ਇਹਨਾਂ ਦੇ ਘਰ ਹੋਣ ਨਾਲ। ਹੌਲ਼ੀ- ਹੌਲ਼ੀ ਇਹ ਮੇਰੇ ਘਰਦਿਆਂ, ਬੱਚਿਆਂ ਅਤੇ ਸਹੇਲੀਆਂ ਦੇ ਵੀ ਦੋਸਤ ਬਣ ਗਏ। ਐਸੇ ਬਹਾਨੇ ਸਹੇਲੀਆਂ ਤੋਂ ਵੀ ਬੂਟੇ ਵਾਰ ਤਿੳਹਾਰ ਤੇ ਗਿਫ਼ਟ ਲੈ ਲੈਣੇ। ਬੱਚਿਆਂ ਦਾ ਰੁਝਾਨ ਵੀ ਇਸ ਕੁਦਰਤ ਦੇ ਨਜ਼ਾਰੇ ਵੱਲ ਵੱਧਣ ਲੱਗਾ ਜਿਸ ਨੇ ਮੈਨੂੰ ਬਹੁਤ ਸਕੂਨ ਦਿੱਤਾ, ਕਿਉਂਕਿ ਅੱਜ ਦੇ ਸਮੇਂ ਵਿੱਚ ਬੱਚਿਆਂ ਨੂੰ ਮੋਬਾਈਲ ਫ਼ੋਨ ਤੋਂ ਦੂਰ ਰੱਖਣ ਦਾ ਸਭ ਤੋਂ ਵਧੀਆ ਜ਼ਰੀਆ ਲੱਗੇ – ਇਹ ਸੱਚੇ ਦੋਸਤ। ਘਰ ਆਏ ਮਹਿਮਾਨਾ ਨੂੰ ਚਾਈਂ ਚਾਈਂ ਬੂਟੇ ਦਿਖਾਉਣੇ। ਵੱਖਰੀਆਂ-ਵੱਖਰੀਆਂ ਪੱਤੀਆਂ ਤੋੜ ਕੇ ਵੰਨ- ਸੁਵੰਨੀਆਂ ਚੱਟਣੀਆਂ ਬਣਾ ਕੇ ਖਵਾਉਣੀਆ, ਇਹ ਸਭ ਜ਼ਿੰਦਗੀ ਦਾ ਇੱਕ ਅਟੁੱਟ ਤੇ ਦਿਲ ਭਾਉਂਦਾ ਹਿੱਸਾ ਬਣ ਕੇ ਰਹਿ ਗਿਆ। ਇਸ ਤੋਂ ਇਲਾਵਾ ਮੇਰੀ ਜ਼ਿੰਦਗੀ ਵਿੱਚ ਨਰਸਰੀ ਮੇਰੇ ਲਈ ਘੁੰਮਣ ਲਈ ਅਤੇ ਸ਼ਾਪਿੰਗ ਲਈ ਇੱਕ ਵਧੀਆ ਜਗ੍ਹਾ ਬਣ ਗਈ, ਜਿੱਥੇ ਮੈਨੂੰ ਨਵੇਂ ਨਵੇਂ ਦੋਸਤ ਮਿਲਦੇ। ਅੱਜ ਦੇ ਸਮੇਂ ਦੀ ਮੰਗ ਹੈ ਕਿ ਆਪਣੇ ਮਾਨਸਿਕ ਅਤੇ ਸਰੀਰਕ ਤਣਾਅ ਨੂੰ ਦੂਰ ਕਰਨ ਲਈ, ਤੁਸੀਂ ਵੀ ਇਨ੍ਹਾਂ ਸੱਚੇ ਦੋਸਤਾਂ ਨੂੰ ਆਪਣੇ ਘਰ ਵਿੱਚ ਲਗਾਉ, ਚਾਹੇ ਛੋਟੀ ਜਿਹੀ ਕਿਆਰੀ ਵਿੱਚ, ਚਾਹੇ ਗਮਲਿਆਂ ਵਿੱਚ, ਟੁੱਟੇ ਹੋਇਆ ਭਾਂਡਿਆਂ ਵਿੱਚ ਅਤੇ ਵਾਤਾਵਰਨ ਨੂੰ ਸੁਹਾਵਣਾ ਬਣਾਉਣ ਵਿੱਚ ਵੀ ਆਪਣਾ ਯੋਗਦਾਨ ਪਾਉ।
ਡਾ: ਰਮਨਦੀਪ ਕੌਰ
ਸਹਾਇਕ ਪ੍ਰੋਫ਼ੈਸਰ ਅੰਗਰੇਜ਼ੀ,
ਸਰਕਾਰੀ ਬ੍ਰਿਜਿੰਦਰਾ ਕਾਲਜ
ਫ਼ਰੀਦਕੋਟ।
Leave a Comment
Your email address will not be published. Required fields are marked with *