ਰੋਪੜ, 08 ਜਨਵਰੀ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼)
ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੌਮਾਂਤਰੀ ਸਿੱਖ ਸ਼ਸਤਰ ਵਿੱਦਿਆ ਕੌਂਸਲ ਦਾ ਸਲਾਨਾ ਕੈਲੰਡਰ ਜਾਰੀ ਕੀਤਾ। ਗੱਤਕਾ ਐਸੋਸੀਏਸ਼ਨ ਜ਼ਿਲ੍ਹਾ ਰੂਪਨਗਰ ਦੀ ਪ੍ਰਧਾਨ ਮਨਜੀਤ ਕੌਰ ਨੇ ਦੱਸਿਆ ਕਿ ਇਸ ਮੌਕੇ ਕਮੇਟੀ ਦੇ ਜਨਰਲ ਸਕੱਤਰ ਰਜਿੰਦਰ ਸਿੰਘ ਮਹਿਤਾ, ਕਾਰਜਕਾਰਨੀ ਮੈਂਬਰ ਇੰਦਰਮੋਹਨ ਸਿੰਘ ਲਖਮੀਰਵਾਲਾ, ਸਕੱਤਰ ਪ੍ਰਤਾਪ ਸਿੰਘ, ਸਿੱਖ ਸ਼ਸਤਰ ਵਿੱਦਿਆ ਕੌਂਸਲ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ, ਵਿੱਤ ਸਕੱਤਰ ਬਲਜੀਤ ਸਿੰਘ, ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ (ਐਨ.ਜੀ.ਏ.ਆਈ) ਦੇ ਮੀਤ ਪ੍ਰਧਾਨ ਇੰਦਰਜੋਧ ਸਿੰਘ, ਗੱਤਕਾ ਐਸੋਸੀਏਸ਼ਨ ਪੰਜਾਬ ਦੇ ਮੀਤ ਪ੍ਰਧਾਨ ਸਰਬਜੀਤ ਸਿੰਘ, ਐਨ.ਜੀ.ਏ.ਆਈ. ਦੇ ਨੈਸ਼ਨਲ ਕੋਚ ਯੋਗਰਾਜ ਸਿੰਘ ਭਾਂਬਰੀ, ਮਨਦੀਪ ਸਿੰਘ ਜੀਰਕਪੁਰ, ਸ਼ੈਰੀ ਸਿੰਘ ਅਤੇ ਹਰਸਿਮਰਨ ਸਿੰਘ ਵੀ ਹਾਜ਼ਰ ਸਨ। ਸ. ਧਾਮੀ ਨੇ ਕਿਹਾ ਕਿ ਸ਼ਸਤਰ ਵਿੱਦਿਆ ਸਿੱਖ ਕੌਮ ਦੀ ਇਤਿਹਾਸਿਕ ਤੇ ਵਿਰਾਸਤੀ ਜੰਗਜੂ ਕਲਾ ਹੈ। ਸੋ ਹਰੇਕ ਸਿੱਖ ਮਾਈ-ਭਾਈ ਤੇ ਬੱਚਿਆਂ ਨੂੰ ਸਵੈ-ਰੱਖਿਆ ਦੀ ਇਸ ਕਲਾ ਨੂੰ ਅਪਣਾਉਣਾ ਚਾਹੀਦਾ ਹੈ। ਜਨਰਲ ਸਕੱਤਰ ਸ. ਮਹਿਤਾ ਨੇ ਹਰਜੀਤ ਸਿੰਘ ਗਰੇਵਾਲ ਵੱਲੋਂ ਗੱਤਕੇ ਦੀ ਪ੍ਰਫੁੱਲਤਾ ਕਰਨ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਵਿੱਦਿਅਕ ਅਦਾਰਿਆਂ ਵਿੱਚ ਇਸ ਸ਼ਸਤਰ ਵਿੱਦਿਆ ਨੂੰ ਪ੍ਰਫੁੱਲਤ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਮਨਜੀਤ ਕੌਰ ਨੇ ਗੱਤਕੇ ਦੇ ਸਲਾਨਾ ਕੈਲੰਡਰ ਦੀਆਂ ਖੂਬੀਆਂ ਬਾਰੇ ਜਾਣੂ ਕਰਵਾਉਂਦਿਆਂ ਕਿਹਾ ਕਿ ਇਹ ਕੈਲੰਡਰ ਸੰਗਰਾਂਦ, ਮੱਸਿਆ, ਪੂਰਨਮਾਸ਼ੀ ਸਮੇਤ ਦੇਸੀ-ਅੰਗਰੇਜ਼ੀ ਮਹੀਨਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਦੇ ਨਾਲ਼ ਨਾਲ਼ ਗੱਤਕਾ ਖੇਡਣ ਨਾਲ ਹੋਣ ਵਾਲੇ ਲਾਭਾਂ ਬਾਰੇ ਵੀ ਜਾਗਰੂਕ ਕਰੇਗਾ।