ਸਰੀ, 9 ਫਰਵਰੀ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਕੈਨੇਡਾ ਵੱਸਦੇ ਪੰਜਾਬੀ ਸ਼ਾਇਰ ਮੰਗਾ ਸਿੰਘ ਬਾਸੀ ਵੱਲੋਂ ਆਪਣੇ ਪਿਤਾ ਸ. ਪ੍ਰੀਤਮ ਸਿੰਘ ਬਾਸੀ ਦੀ ਯਾਦ ਵਿੱਚ ਸ਼ੁਰੂ ਕੀਤਾ ਗਿਆ ‘ਸ. ਪ੍ਰੀਤਮ ਸਿੰਘ ਅੰਤਰ ਰਾਸ਼ਟਰੀ ਸਾਹਿਤਿਕ ਪੁਰਸਕਾਰ’ ਇਸ ਸਾਲ ਨਾਮਵਰ ਸਹਿਤਕਾਰ, ਵਿਦਵਾਨ ਅਤੇ ਵੱਖ ਵੱਖ ਖੇਤਰਾਂ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਮਹਿੰਦਰ ਸਿੰਘ ਦੁਸਾਂਝ ਨੂੰ ਦਿੱਤਾ ਜਾਵੇਗਾ। ਇਹ ਫੈਸਲਾ ਬੀਤੇ ਦਿਨ ਇਸ ਅਵਾਰਡ ਲਈ ਸਥਾਪਿਤ ਕੀਤੀ ਗਈ ਕਮੇਟੀ ਵੱਲੋਂ ਕੀਤਾ ਗਿਆ। ਇਸ ਕਮੇਟੀ ਵਿੱਚ ਉੱਘੇ ਨਾਵਲਕਾਰ ਜਰਨੈਲ ਸਿੰਘ ਸੇਖਾ, ਪ੍ਰਸਿੱਧ ਸ਼ਾਇਰ ਮੋਹਨ ਗਿੱਲ, ਉਸਤਾਦ ਸ਼ਾਇਰ ਨਦੀਮ ਪਰਮਾਰ, ਵਿਸ਼ਵ ਪ੍ਰਸਿੱਧ ਆਰਟਿਸਟ ਜਰਨੈਲ ਸਿੰਘ, ਮੰਗਾ ਸਿੰਘ ਬਾਸੀ, ਅੰਗਰੇਜ਼ ਬਰਾੜ ਅਤੇ ਹਰਦਮ ਸਿੰਘ ਮਾਨ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਇਹ ਅਵਾਰਡ ਹਰ ਸਾਲ ਕਿਸੇ ਨਾਮਵਰ ਪੰਜਾਬੀ ਲੇਖਕ ਵੱਲੋਂ ਪੰਜਾਬੀ ਬੋਲੀ, ਸਾਹਿਤ, ਸਮਾਜ ਤੇ ਸਭਿਆਚਾਰ ਪ੍ਰਤੀ ਕੀਤੀਆਂ ਸੇਵਾਵਾਂ ਨੂੰ ਮੁੱਖ ਰੱਖ ਕੇ ਦਿੱਤਾ ਜਾਂਦਾ ਹੈ। ਮਹਿੰਦਰ ਸਿੰਘ ਦੁਸਾਂਝ ਅਜਿਹੀ ਮਾਨਯੋਗ ਸ਼ਖਸ਼ੀਅਤ ਹੈ ਜੋ ਪੰਜਾਬੀ, ਹਿੰਦੀ, ਅੰਗਰੇਜ਼ੀ ਅਤੇ ਉਰਦੂ ਦੇ ਗੂੜ੍ਹ ਗਿਆਤਾ ਹਨ ਅਤੇ ਸਾਹਿਤ ਸਿਰਜਨਾ ਦੇ ਨਾਲ ਨਾਲ ਉਹਨਾਂ ਅਗਾਂਹਵਧੂ ਖੇਤੀ ਕਰਕੇ ਵੀ ਅੰਤਰਰਾਸ਼ਟਰੀ ਪਛਾਣ ਬਣਾਈ ਹੈ। ਇੱਥੇ ਇਹ ਵੀ ਵਰਨਣਯੋਗ ਹੈ ਕਿ ਸ. ਪ੍ਰੀਤਮ ਸਿੰਘ ਅੰਤਰਰਾਸ਼ਟਰੀ ਸਾਹਿਤਕ ਪੁਰਸਕਾਰ ਇਸ ਤੋਂ ਪਹਿਲਾਂ ਸਰਵਣ ਰਾਹੀ, ਨਦੀਮ ਪਰਮਾਰ, ਜਰਨੈਲ ਸਿੰਘ ਸੇਖਾ, ਸੁਖਵਿੰਦਰ ਕੰਬੋਜ, ਹਰਬੀਰ ਸਿੰਘ ਭੰਵਰ, ਹਰਜੀਤ ਦੌਧਰੀਆ, ਡਾ. ਸਾਧੂ ਸਿੰਘ ਅਤੇ ਡਾ. ਸੁਰਿੰਦਰ ਧੰਜਲ ਨੂੰ ਦਿੱਤਾ ਜਾ ਚੁੱਕਾ ਹੈ। ਸ. ਮਹਿੰਦਰ ਸਿੰਘ ਦੁਸਾਂਝ ਨੂੰ ਦਿੱਤੇ ਜਾ ਰਹੇ ਪੁਰਸਕਾਰ ਵਿੱਚ 51 ਹਜਾਰ ਦੀ ਨਕਦ ਰਾਸ਼ੀ ਤੋਂ ਇਲਾਵਾ ਇੱਕ ਸ਼ਾਲ ਤੇ ਪਲੇਕ ਦਿੱਤੀ ਜਾਵੇਗੀ। ਇਸ ਸੰਬੰਧੀ ਸਮਾਗਮ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਿੱਚ ਕੀਤਾ ਜਾਵੇਗਾ ਜਿਸ ਵਿੱਚ ਅਮਰੀਕਾ ਵਸਦੇ ਉੱਘੇ ਪੰਜਾਬੀ ਸ਼ਾਇਰ ਰਵਿੰਦਰ ਸਹਿਰਾਅ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਣਗੇ। ਇਸ ਸਮਾਗਮ ਦੀ ਤਾਰੀਖ ਬਾਰੇ ਜਲਦੀ ਸੂਚਨਾ ਦਿੱਤੀ ਜਾਵੇਗੀ। ਇਸ ਸਬੰਧੀ ਹੋਰ ਜਾਣਕਾਰੀ ਲਈ ਮੰਗਾ ਸਿੰਘ ਬਾਸੀ ਨਾਲ ਫੋਨ ਨੰਬਰ 604-240-1095 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Leave a Comment
Your email address will not be published. Required fields are marked with *