ਲੁਧਿਆਣਾ/ਚੰਡੀਗੜ੍ਹ-27 ਫ਼ਰਵਰੀ (ਵਰਲਡ ਪੰਜਾਬੀ ਟਾਈਮਜ਼)
ਵਿਸ਼ਵ ਮਾਤ ਭਾਸ਼ਾ ਦਿਵਸ ਉਪਰੰਤ ਲਗਾਤਾਰ ਚੱਲ ਰਹੇ ਪ੍ਰੋਗਰਾਮਾਂ ਦੀ ਲੜੀ ਵਿੱਚ ਅੱਜ ਚੰਡੀਗੜ੍ਹ ਖੇਤਰ ਦੇ ਨਾਮਵਰ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੇ ਹਰਵਿੰਦਰ ਚੰਡੀਗੜ੍ਹ ਵੱਲੋਂ ਹਿੰਦੀ ਮਾਧਿਅਮ ਰਾਹੀਂ ਪੰਜਾਬੀ ਸਿਖਾਉਣ ਲਈ ਲਿਖੀ ਕਿਤਾਬ ‘ਹਿੰਦੀ ਸੇ ਪੰਜਾਬੀ ਸੀਖੇਂ’ ਲੋਕ ਅਰਪਣ ਕੀਤੀ। ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬੀ ਦੇ ਉੱਘੇ ਸ਼ਾਇਰ ਸ੍ਰੀ ਰਾਮ ਅਰਸ਼ ਵੱਲੋਂ ਕੀਤੀ ਗਈ ਅਤੇ ਸ੍ਰੀ ਮਨਮੋਹਨ ਸਿੰਘ ਸਿੰਘ ਦਾਊਂ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਹੋਇਆਂ ਸ੍ਰੀ ਰਾਮ ਅਰਸ਼ ਜੀ ਨੇ ਕਿਹਾ ਕਿ ਪੰਜਾਬੀ ਸਭ ਤੋਂ ਵੱਧ ਪਰਵਾਸ ਕਰਨ ਵਾਲੀ ਕੌਮ ਹੈ ਅਤੇ ਇਸ ਸਮੇਂ ਪੰਜਾਬੀ ਵਿਸ਼ਵ ਦੇ ਕਰੀਬ ਹਰ ਮੁਲਕ ਅਤੇ ਦੇਸ ਦੇ ਹਰ ਸੂਬੇ ਵਿੱਚ ਵੱਸਦੇ ਹਨ। ਇਹ ਕਿਤਾਬ ਲੇਖਕ ਹਰਵਿੰਦਰ ਚੰਡੀਗੜ੍ਹ ਵੱਲੋਂ ਪੰਜਾਬੀ ਦੀ ਅਸਲ ਅਤੇ ਅਮਲੀ ਰੂਪ ਵਿੱਚ ਕੀਤੀ ਗਈ ਐਸੀ ਸੇਵਾ ਹੈ ਜੋ ਭਰਪੂਰ ਸ਼ਲਾਘਾ ਦੇ ਕਾਬਲ ਹੈ। ਉਹਨਾਂ ਕਿਹਾ ਕਿ ਸਾਨੂੰ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਮੂਲ ਦੇ ਲੋਕਾਂ ਨੂੰ ਆਪਣੀ ਮਾਂ ਬੋਲੀ ਨਾਲ ਜੋੜੀ ਰੱਖਣ ਲਈ ਅੰਗਰੇਜ਼ੀ ਰਾਹੀਂ ਪੰਜਾਬੀ ਸਿਖਾਉਣ ਵਾਲੀ ਮਿਆਰੀ ਸਮੱਗਰੀ ਵੀ ਤਿਆਰ ਕਰਨੀ ਚਾਹੀਦੀ ਹੈ। ਪੰਜਾਬੀ ਦੇ ਨਾਮਵਰ ਲੇਖਕ ਸ੍ਰੀ ਮਨਮੋਹਨ ਸਿੰਘ ਦਾਊਂ ਨੇ ਕਿਹਾ ਕਿ ਇਹ ਕਿਤਾਬ ਪੰਜਾਬ ਤੋਂ ਇਲਾਵਾ ਹੋਰਨਾਂ ਸੂਬਿਆਂ ਵਿੱਚ ਪਰਵਾਸ ਕਰ ਕੇ ਗਏ ਪੰਜਾਬੀਆਂ ਨੂੰ ਆਪਣੀ ਅਗਲੀ ਪੀੜ੍ਹੀ ਨੂੰ ਮਾਤ ਭਾਸ਼ਾ ਨਾਲ ਜੋੜੀ ਰੱਖਣ ਲਈ ਮੀਲਪੱਥਰ ਸਾਬਤ ਹੋਵੇਗੀ ਕਿਉਂਕਿ ਭਾਰਤ ਦੇ ਬਾਕੀ ਸੂਬਿਆਂ ਵਿੱਚ ਵੱਸ ਰਹੇ ਪੰਜਾਬੀ ਮੂਲ ਦੇ ਕਰੀਬ ਸਾਰੇ ਹੀ ਲੋਕ ਹਿੰਦੀ ਜਾਣਦੇ ਹਨ ਅਤੇ ਇਸ ਰਾਹੀਂ ਬੜੀ ਅਸਾਨੀ ਨਾਲ ਪੰਜਾਬੀ ਸਿੱਖ਼ ਸਕਦੇ ਹਨ।ਪ੍ਰਸਿੱਧ ਪੰਜਾਬੀ ਮੈਗਜ਼ੀਨ ‘ਹੁਣ’ ਦੇ ਸੰਪਾਦਕ ਸੁਸ਼ੀਲ ਦੁਸਾਂਝ ਨੇ ਇਸ ਮੌਕੇ ਬੋਲਦੇ ਹੋਏ ਕਿਹਾ ਕਿ ਇਹ ਹਰਵਿੰਦਰ ਸਿੰਘ ਚੰਡੀਗੜ੍ਹ ਵੱਲੋਂ ਪੰਜਾਬੀ ਮਾਂ ਬੋਲੀ ਲਈ ਕੀਤਾ ਗਿਆ ਇੱਕ ਅਹਿਮ ਅਤੇ ਅਤਿ ਜ਼ਰੂਰੀ ਉਪਰਾਲਾ ਹੈ ਅਤੇ ਸਾਨੂੰ ਵੱਖ਼ ਵੱਖ਼ ਸੰਸਥਾਵਾਂ ਰਾਹੀਂ ਇਹ ਕਿਤਾਬ ਉਹਨਾਂ ਖਿਤਿਆਂ ਤੱਕ ਭੇਜਣ ਲਈ ਚਾਰਾਜੋਈ ਕਰਨੀ ਚਾਹੀਦੀ ਹੈ ਜਿੱਥੇ ਵੀ ਪੰਜਾਬੀ ਮੂਲ ਦੇ ਲੋਕ ਵੱਸਦੇ ਹਨ ਤਾਂ ਜੋ ਮਾਤ ਭਾਸ਼ਾ ਅਤੇ ਵਿਰਸੇ ਤੋਂ ਦੂਰ ਹੁੰਦੀ ਜਾ ਰਹੇ ਪੰਜਾਬੀਆਂ ਨੂੰ ਇਸ ਨਾਲ ਜੋੜਿਆ ਜਾ ਸਕੇ। ਪਰਵਾਸ ਉਚੇਰੀ ਸਿੱਖਿਆ ਅਤੇ ਅਧਿਆਪਨ ਨਾਲ ਲੰਮਾ ਸਮਾਂ ਜੁੜੇ ਰਹੇ ਸ੍ਰੀ ਸ਼ਿੰਦਰਪਾਲ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਪੰਜਾਬੀ ਮੂਲ ਦੇ ਜੋ ਲੋਕ ਵੱਖ਼ ਪੰਜਾਬ ਤੋਂ ਬਾਹਰ ਹੋਰਨਾਂ ਸੂਬਿਆਂ ਵਿੱਚ ਵੱਸਦੇ ਹਨ ਲਗਪਗ ਉਹ ਸਾਰੇ ਹੀ ਹਿੰਦੀ ਜਾਣਦੇ ਹੁੰਦੇ ਹਨ ਅਤੇ ਉਹਨਾਂ ਲਈ ਇਸ ਕਿਤਾਬ ਰਾਹੀਂ ਪੰਜਾਬੀ ਸਿੱਖਣੀ ਬਹੁਤ ਅਸਾਨ ਹੋਵੇਗੀ।ਲੇਖਕ ਅਤੇ ਅਧਿਆਪਕ ਸ੍ਰੀ ਸਵੈਰਾਜ ਸੰਧੂ ਨੇ ਇਸ ਕਿਤਾਬ ਨੂੰ ਸਮੇਂ ਦੀ ਲੋੜ ਪੂਰੀ ਕਰਨ ਵਾਲਾ ਅਹਿਮ ਕਦਮ ਦੱਸਿਆ ਅਤੇ ਇਸ ਨੂੰ ਭਾਰਤ ਦੇ ਸਾਰੇ ਉਹਨਾਂ ਖੇਤਰਾਂ ਤੱਕ ਭੇਜਣ ਦਾ ਸੁਝਾਓ ਦਿੱਤਾ ਜਿੱਥੇ ਵੀ ਪੰਜਾਬੀ ਵੱਸਦੇ ਹਨ। ਇਸ ਪੁਸਤਕ ਦੇ ਲੇਖਕ ਹਰਵਿੰਦਰ ਚੰਡੀਗੜ੍ਹ ਨੇ ਇਸ ਕਿਤਾਬ ਨੂੰ ਲਿਖਣ ਦੀ ਲੋੜ ਬਾਰੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਪੰਜਾਬੀਆਂ ਦੀ ਕਰੀਬ ਇੱਕ ਕਰੋੜ ਵੱਸੋਂ ਪੰਜਾਬ ਤੋਂ ਬਾਹਰ ਦੂਜਿਆਂ ਸੂਬਿਆਂ ਵਿੱਚ ਹੈ ਅਤੇ ਉਹਨਾਂ ਨੂੰ ਆਪਣੀ ਮਾਤ ਅਤੇ ਵਿਰਾਸਤੀ ਭਾਸ਼ਾ ਨਾਲ ਜੋੜਨ ਲਈ ਇਹ ਕਿਤਾਬ ਲਿਖਣ ਦਾ ਉਪਰਾਲਾ ਕੀਤਾ ਗਿਆ ਹੈ। ਹਿੰਦੀ ਅਤੇ ਪੰਜਾਬੀ ਆਪਸ ਵਿੱਚ ਮਿਲਦੀਆਂ ਜੁਲਦੀਆਂ ਭਾਸ਼ਾਵਾਂ ਹਨ ਇਸ ਲਈ ਹਿੰਦੀ ਜਾਣਨ ਵਾਲੇ ਲਈ ਬੜੀ ਅਸਾਨੀ ਨਾਲ ਪੰਜਾਬੀ ਸਿੱਖੀ ਜਾ ਸਕਦੀ ਹੈ।ਉਹਨਾਂ ਕਿਹਾ ਕਿ ਮਾਤ ਭਾਸ਼ਾ ਤੋਂ ਵਿਛੁੰਨੇ ਕਿਸੇ ਮਨੁੱਖ ਲਈ ਉਸਦੀ ਮਾਤ ਭਾਸ਼ਾ ਨਾਲ ਜੋੜਨਾ ਮਾਂ ਤੋਂ ਵਿੱਛੜੇ ਕਿਸੇ ਬੱਚੇ ਨੂੰ ਉਸਦੀ ਮਾਂ ਨਾਲ ਮਿਲਾਉਣ ਵਰਗਾ ਕਾਰਜ ਹੁੰਦਾ ਹੈ, ਇਸੇ ਭਵਨਾ ਨਾਲ ਇਹ ਕਿਤਾਬ ਲਿਖੀ ਗਈ ਹਨ ।
ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਦੀਪਕ ਸ਼ਰਮਾ ਚਰਨਾਥਲ, ਡਾ. ਨਿਰਮਲ ਸਿੰਘ ਬਾਸੀ, ਡਾ. ਗੁਰਦੇਵ ਸਿੰਘ ਗਿੱਲ, ਡਾ. ਹਰਬੰਸ ਕੌਰ ਗਿੱਲ, ਡਾ. ਗੁਰਦਰ ਪਾਲ ਸਿੰਘ, ਡਾ. ਗੁਰਮੀਤ ਸਿੰਘ ਸਿੰਗਲ, ਰਮਨ ਸੰਧੂ, ਰਾਜਵਿੰਦਰ ਕੌਰ ਸੰਧੂ, ਡਾ. ਦਵਿੰਦਰ ਸਿੰਘ ਵਾਛਲ,ਡਾ. ਗੁਰਮੀਤ ਸਿੰਘ ਬੈਦਵਾਨ ਸਿੰਘ ,ਡਾ.ਸਵਰਨ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ।
Leave a Comment
Your email address will not be published. Required fields are marked with *