ਕਰਮਜੀਤ ਦੀ ਜਿੱਤ ਹੋ ਚੁੱਕੀ ਹੈ ਬਸ ਐਲਾਨ ਹੋਣਾ ਹੀ ਬਾਕੀ ਹੈ : ਸਪੀਕਰ ਸੰਧਵਾਂ
ਫਰੀਦਕੋਟ , 18 ਮਾਰਚ (ਵਰਲਡ ਪੰਜਾਬੀ ਟਾਈਮਜ਼)
ਕਰਮਜੀਤ ਅਨਮੋਲ ਦੀ ਜਿੱਤ ਹੋ ਚੁੱਕੀ ਹੈ ਤੇ ਬਸ ਐਲਾਨ ਹੋਣਾ ਹੀ ਬਾਕੀ ਹੈ, ਕਿਉਂਕਿ ਫਰੀਦਕੋਟ ਦੇ ਇਤਿਹਾਸਿਕ ਗੁਰਦਵਾਰਾ ਸਾਹਿਬ ਟਿੱਲਾ ਬਾਬਾ ਫਰੀਦ ਜੀ ਵਿਖੇ ਸਵੇਰੇ 11 ਵਜੇ ਨਤਮਸਤਕ ਹੋਣ ਲਈ ਪਹੁੰਚਣ ਵਾਲੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਉਮੀਦਵਾਰ ਕਰਮਜੀਤ ਅਨਮੋਲ ਨੂੰ ਵੋਟਰਾਂ ਦਾ ਐਨਾ ਮਾਣ-ਸਤਿਕਾਰ ਤੇ ਪਿਆਰ ਮਿਲਿਆ ਕਿ ਉਹ ਸ਼ਾਮ 5 ਵਜੇ ਗੁਰਦਵਾਰਾ ਸਾਹਿਬ ਵਿਖੇ ਪੁੱਜਾ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਨ ਮੌਕੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਆਪਣੇ ਸਾਥੀਆਂ ਅਮੋਲਕ ਸਿੰਘ ਵਿਧਾਇਕ ਜੈਤੋ, ਅੰਮ੍ਰਿਤਪਾਲ ਸਿੰਘ ਵਿਧਾਇਕ ਬਾਘਾਪੁਰਾਣਾ, ਮਨਜੀਤ ਸਿੰਘ ਬਿਲਾਸਪੁਰੀ ਵਿਧਾਇਕ ਨਿਹਾਲ ਸਿੰਘ ਵਾਲਾ, ਡਾ. ਅਮਨਦੀਪ ਅਰੋੜਾ ਵਿਧਾਇਕ ਮੋਗਾ ਅਤੇ ਬਲਕਾਰ ਸਿੱਧੂ ਵਿਧਾਇਕ ਰਾਮਪੁਰਾ ਫੂਲ ਦੀ ਹਾਜਰੀ ਵਿੱਚ ਆਖਿਆ ਕਿ ਰਾਸ਼ਟਰੀ ਰਾਜ ਮਾਰਗ ਨੰਬਰ 15 ’ਤੇ ਕਈ ਕਿਲੋਮੀਟਰ ਤੱਕ ਆਵਾਜਾਈ ਦਾ ਪ੍ਰਭਾਵਿਤ ਹੋਣਾ ਇਸ ਗੱਲ ਦਾ ਸੰਕੇਤ ਹੈ ਕਿ ਲੋਕਾਂ ਵਿੱਚ ਪੰਜਾਬ ਦੀਆਂ ਸਾਰੀਆਂ 13 ਸੀਟਾਂ ਜਿਤਾਉਣ ਲਈ ਪੂਰਨ ਉਤਸ਼ਾਹ ਹੈ। ਵਿਰੋਧੀ ਪਾਰਟੀਆਂ ਦੇ ਬਾਹਰਲੇ ਹਲਕੇ ਤੋਂ ਪੈਰਾਸ਼ੂਟ ਰਾਹੀਂ ਉਮੀਦਵਾਰ ਐਲਾਨਣ ਦੇ ਦੋਸ਼ਾਂ ਬਾਰੇ ਪੱਤਰਕਾਰਾਂ ਵਲੋਂ ਪੁੱਛਣ ’ਤੇ ਸਪੀਕਰ ਸੰਧਵਾਂ ਨੇ ਆਖਿਆ ਕਿ ਸੁਖਬੀਰ ਸਿੰਘ ਬਾਦਲ ਨੇ ਸਾਲ 1996 ਵਿੱਚ ਲੋਕ ਸਭਾ ਹਲਕਾ ਫਰੀਦਕੋਟ ਨੂੰ ਕੈਲੇਫੋਰਨੀਆਂ ਬਣਾਉਣ ਦੇ ਦਾਅਵੇ ਕੀਤੇ ਸਨ ਤੇ ਉਦੋਂ ਉਹ ਵਿਦੇਸ਼ ਦੀ ਪੜਾਈ ਕਰਕੇ ਪਰਤਿਆ ਅਤੇ ਬਾਦਲ ਪਰਿਵਾਰ ਨੇ ਉਸਨੂੰ ਫਰੀਦਕੋਟ ਹਲਕੇ ਤੋਂ ਉਮੀਦਵਾਰ ਐਲਾਨ ਦਿੱਤਾ। ਇਸੇ ਤਰਾਂ ਬੀਬੀ ਪਰਮਜੀਤ ਕੌਰ ਗੁਲਸ਼ਨ, ਸੁਖਵਿੰਦਰ ਸਿੰਘ ਡੈਨੀ ਅਤੇ ਗੁਲਜਾਰ ਸਿੰਘ ਰਣੀਕੇ ਵੀ ਅਕਾਲੀਆਂ ਅਤੇ ਕਾਂਗਰਸੀਆਂ ਨੇ ਸਮੇਂ ਸਮੇਂ ਪੈਰਾਸ਼ੂਟ ਰਾਹੀਂ ਹੀ ਉਮੀਦਵਾਰ ਐਲਾਨੇ ਸਨ। ਕਰਮਜੀਤ ਅਨਮੋਲ ਨੇ ਆਖਿਆ ਕਿ ਕੋਈ ਵੀ ਕਲਾਕਾਰ ਸਾਰੇ ਦੇਸ਼ ਦਾ ਸਾਂਝਾ ਹੁੰਦਾ ਹੈ ਪਰ ਉਸ ਨੇ ਫਰੀਦਕੋਟ ਹਲਕੇ ਦੀ ਚੋਣ ਕੀਤੀ ਹੈ ਤਾਂ ਜੋ ਇੱਥੋਂ ਦੇ ਵਸਨੀਕਾਂ ਦੀਆਂ ਮੁਸ਼ਕਿਲਾਂ ਤੇ ਸਮੱਸਿਆਵਾਂ ਦੂਰ ਕਰਵਾਈਆਂ ਜਾ ਸਕਣ। ਕਰਮਜੀਤ ਅਨਮੋਲ ਦੀ ਆਮਦ ਮੌਕੇ ਸਾਰੇ ਸ਼ਹਿਰ ਵਿੱਚ ਟੈ੍ਰਫਿਕ ਜਾਮ ਵਾਲੀ ਸਥਿੱਤੀ ਬਣੀ ਰਹੀ।
ਫੋਟੋ :- 02
Leave a Comment
Your email address will not be published. Required fields are marked with *