ਸ਼ਹਿਰ ਵਿੱਚ ਤਿੰਨ ਕਮਰਿਆਂ ਦੇ ਮਕਾਨ ਵਿੱਚ ਫ਼ਿਲਹਾਲ ਮੈਂ ਆਪਣੀ ਪਤਨੀ ਤੇ ਲੜਕੇ ਅਤੇ ਬਹੂ ਤੇ ਪੋਤਾ ਪੋਤੀ ਨਾਲ ਰਹਿ ਰਿਹਾ ਸੀ ਇਹਨਾਂ ਵਾਸਤੇ ਇਹ ਘਰ ਬੇਸ਼ੱਕ ਸਹੀ ਸੀ ਪਰ ਮੈਨੂੰ ਨਿਰਾ ਜੇਲ੍ਹ ਵਾਂਗੂੰ ਜਾਪਦਾ ਸੀ ਪਿੰਡ ਦੀ ਯਾਦ ਬਹੁਤ ਆਉਂਦੀ ਉਹ ਖੁੱਲਾ ਘਰ ਲਵੇਰੀਆਂ ਮੱਝਾਂ ਹਰੇ ਭਰੇ ਖੇਤ ਸਾਰੇ ਸੰਗੀ ਸਾਥੀ ਜਿਹੜੇ ਬਚਪਨ ਤੋਂ ਲੈਕੇ ਹੁਣ ਤੱਕ ਦੀ ਯਾਦ ਦੁਆਉਂਦੇ ਜਿਨ੍ਹਾਂ ਨੂੰ ਛੱਡ ਕੇ ਮੈਂ ਸ਼ਹਿਰ ਆਇਆ ਇੱਥੇ ਮੁੰਡਾ ਦੁਸਰੇ ਸ਼ਹਿਰ ਵਿੱਚ ਤੇ ਬਹੂ ਨਾਲਦੇ ਪਿੰਡ ਵਿੱਚ ਸਰਕਾਰੀ ਮੁਲਾਜ਼ਮ ਹਨ
ਇਥੇ ਨਾ ਕੋਈ ਆਪਣਾ ਦਿਸਦਾ ਬੱਸ ਉਹੀ ਚਿਹਰੇ ਸਬਜ਼ੀ ਵੇਚਣ ਵਾਲਾ ਦੁੱਧ ਵਾਲਾ ਜਾਂ ਅਖ਼ਬਾਰ ਸੁੱਟ ਕੇ ਜਾਣ ਵਾਲਾ, ਕਿਤੇ ਜਾ ਕੇ ਸ਼ਨੀਵਾਰ ਵਾਰ ਸ਼ਾਮ ਨੂੰ ਮੁੰਡਾ ਆਉਂਦਾ ਤਾਂ ਮੈਂ ਕਹਿੰਦਾ ਪੁੱਤ ਮੈ ਪਿੰਡ ਗੇੜਾ ਲਾ ਆਵਾਂ ਤਾਂ ਅੱਗੋਂ ਉਹੀ ਪੁਰਾਣਾ ਜੁਆਬ ਮਿਲਦਾ ਨਹੀਂ ਬਾਪੂ ਇਸ ਹਫਤੇ ਨਹੀਂ ਕੱਲ ਨੂੰ ਅਸੀਂ ਕਿਸੇ ਦੇ ਘਰ ਪ੍ਰੋਗਰਾਮ ਤੇ ਜਾਣਾ ਹੈ ਤੁਸੀਂ ਫੇਰ ਹੋ ਆਉਣ ਪਿੰਡ ਮੈਂ ਮਨ ਮਸੋਸ ਕੇ ਰਹਿ ਜਾਂਦਾ ਹੋਰ ਚਾਰਾ ਵੀ ਤਾਂ ਨਹੀਂ ਸੀ
ਅੱਜ ਵੱਡਾ ਬਾਈ ਪਿੰਡੋਂ ਆਇਆ ਤਾਂ ਦੇਖ ਚਾਂਅ ਜਾ ਚੜ ਗਿਆ, ਨਾਲ ਬਹੁਤ ਸਾਰੀਆਂ ਵਸਤਾਂ ਸਾਗ ਪਿੰਨੀਆਂ ਗੰਨੇ ਦੁੱਧ ਲੈ ਕੇ ਆਇਆ ਚਾਹ ਪਾਣੀ ਤੋਂ ਬਾਅਦ ਮੈ ਸਾਰੇ ਪਿੰਡ ਦਾ ਹਾਲ ਚਾਲ ਪੁੱਛਿਆ ਤਾਂ ਬਾਈ ਬੋਲਿਆ ਮੱਖਣ ਸਿਹਾਂ ਪਿੰਡ ਤਾਂ ਸਾਰੇ ਖੈਰ ਸੁੱਖ ਹੈ ਬਸ ਸਾਰੇ ਤੇਰੇ ਬਾਰੇ ਹੀ ਪੁੱਛਦੇ ਹਨ ਤੇ ਕਹਿੰਦੇ ਹਨ ਕਿ ਮੱਖਣ ਸਿਉ ਤਾਂ ਹੁਣ ਸ਼ਹਿਰੀ ਹੋ ਗਿਆ ਕਦੇ ਪਿੰਡ ਗੇੜਾ ਹੀ ਨਹੀਂ ਮਾਰਦਾ, ਮੇਰੀਆਂ ਅੱਖਾਂ ਭਰ ਆਈਆਂ ਤੇ ਕਿਹਾ ਬਾਈ ਤੈਨੂੰ ਤਾਂ ਪਤਾ ਹੀ ਹੈ ਮੇਰਾ ਜੀ ਤਾ ਬਹੁਤ ਕਰਦਾ ਪਰ ਆਹ ਜੁੰਮੇਵਾਰੀਆਂ ਕਰਕੇ ਰਹਿ ਜਾਨਾ ਹੋਰ ਇਧਰ ਉਧਰ ਦੀਆਂ ਗੱਲਾਂ ਕਰਨ ਤੋਂ ਬਾਅਦ ਬਾਈ ਤੁਰਨ ਲੱਗਿਆ ਤੇ ਮੈਂ ਕਿਹਾ ਬਾਈ ਅੱਜ ਤੂੰ ਮੇਰੇ ਕੋਲ ਰਹਿ ਤੇ ਬਾਈ ਕਹਿਣ ਲੱਗਾ ਚਲ ਮੱਖਣ ਸਿਹ ਜਿਵੇਂ ਟਾਈਮ ਟੱਪਦਾ ਟਪਾਈ ਚਲ ਮੇਰੀ ਤਾਂ ਅੱਜ ਪਾਣੀ ਦੀ ਬਾਰੀ ਹੈ ਮੈਂ ਤਾਂ ਚੱਲਦਾ ਹਾਂ ਤੂੰ ਤਾਂ ਇੱਥੇ ਹਾਥੀ ਦੇ ਪੈਰ ਨਾਲ ਵੱਧਾ ਹੈ ਤੇ ਬਾਈ ਹੱਸਦਾ ਹੋਇਆ ਪਿੰਡ ਨੂੰ ਤੁਰ ਗਿਆ

ਇਕਬਾਲ ਸਿੰਘ ਸਹੋਤਾ
ਹਨੂੰਮਾਨ ਰਾਜਸਥਾਨ
9602058614