ਭਾਰਤ ਦੇ ਕੌਮੀ ਤਿਉਹਾਰ ਤੋਂ ਦੂਸਰੇ ਦਿਨ ਦੁਨੀਆਂ ਭਰ ਵਿਚ ਵੱਸਦੇ ਸਿੱਖ ਭਾਈਚਾਰੇ ਵੱਲੋਂ, ਖਾਲਸੇ ਦੀ ਧਰਤੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ (ਸ੍ਰੀ ਅਨੰਦਪੁਰ ਸਾਹਿਬ) ਵਿਖੇ ਖਾਲਸਾਈ ਜਾਹੋ-ਜਲਾਲ ਨਾਲ ਹੋਲਾ ਮਹੱਲਾ ਮਨਾਇਆ ਜਾਂਦਾ ਹੈ। ਕਲਗੀਧਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਸਮੇਂ ਦੇ ਹਾਲਾਤਾਂ ਨੂੰ ਦੇਖਦਿਆਂ, ਆਮ ਲੋਕਾਂ ਦੀ ਮਾਨਸਿਕ ਤਾਕਤ ਨੂੰ ਬਲਵਾਨ ਕਰਨ ਦੇ ਮਨੋਰਥ ਨਾਲ, ਹੋਲਾ ਮਹੱਲਾ ਮਨਾਉਣ ਦੀ ਸ਼ੁਰੂਆਤ ਕੀਤੀ। ਤਤਕਾਲੀਨ ਸਮਾਜ ਜੰਗਾਂ-ਯੁੱਧਾਂ ਦਾ ਹੋਣ ਕਰਕੇ ਗੁਰੂ ਜੀ ਨੇ ਆਮ ਲੋਕਾਂ ਅੰਦਰ, ਨਰੋਏ ਮਨ ਅਤੇ ਸਿਹਤਮੰਦ ਸਰੀਰ ਦੀ ਲਾਲਸਾ ਪੈਦਾ ਕਰਨ ਲਈ ਸ੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸਾਈ ਖੇਡਾਂ ਦੀ ਸ਼ੁਰੂਆਤ ਕੀਤੀ। ਅਧਿਆਕਮਤਾ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੇ ਮਾਨਸਿਕ ਅਤੇ ਸਰੀਰਕ ਗੁਲਾਮੀ ਨੂੰ ਕੱਟਣ ਦੇ ਉਦੇਸ਼ ਨਾਲ, ਸਿੱਖਾਂ ਵਿਚ ਬੀਰਰਸ ਪੈਦਾ ਕਰਨ ਲਈ ਹੋਲਾ ਮਹੱਲਾ ਮਨਾਉਣ ਦਾ ਐਲਾਨ ਕੀਤਾ। ਸ੍ਰੀ ਅਨੰਦਪੁਰ ਸਾਹਿਬ ਵਿਖੇ ਲੋਹਗੜ੍ਹ ਕਿਲੇ ਦੇ ਸਥਾਨ ‘ਤੇ ਦੀਵਾਨ ਸਜਾ ਕੇ ਸੰਮਤ 1757 ਵਿਚ ਚੇਤ ਵਦੀ ਇੱਕ ਨੂ,ੰ ਗੁਰੂ ਜੀ ਨੇ ਹੋਲਾ ਮਹੱਲਾ ਮਨਾਉਣ ਦੀ ਮਰਿਆਦਾ ਸ਼ੁਰੂ ਕੀਤੀ। ਹੋਲੇ ਤੋਂ ਭਾਵ ਹੈ ਹਮਲਾ ਕਰਨਾ ਅਤੇ ਮਹੱਲੇ ਦਾ ਮਤਬਲ ਜਿਥੇ ਹਮਲਾ ਕਰਨਾ ਹੈ। ਮਹੱਲਾ ਅਰਬੀ ਭਾਸ਼ਾ ਦਾ ਸ਼ਬਦ ਹੈ। ਭਾਵ ਜਿਸ ਜਗ੍ਹਾ ਨੂੰ ਜਿੱਤਣਾ ਹੈ। ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਨੂੰ ਦੋ ਦਲਾਂ ਵਿਚ ਵੰਡ ਦਿੰਦੇ ਸਨ। ਦੋਹਾਂ ਦਲਾਂ ਦਾ ਵੱਖਰਾ-ਵੱਖਰਾ ਆਗੂ ਥਾਪ ਦਿੰਦੇ ਸਨ। ਫਿਰ ਇੱਕ ਨਿਸ਼ਚਿਤ ਜਗ੍ਹਾ ਦੀ ਚੋਣ ਹੁੰਦੀ ਸੀ। ਦੋਹਾਂ ਦਲਾਂ ਨੂੰ ਸਿੱਖਿਆ ਦੇ ਕੇ ਤੋਰਿਆ ਜਾਂਦਾ ਸੀ। ਗੁਰੂ ਜੀ ਦੇ ਹੁਕਮ ਅਨੁਸਾਰ, ਦੋਵੇ ਧਿਰਾਂ ਉਸ ਨਿਸ਼ਚਿਤ ਥਾਂ (ਮਹੱਲੇ) ਨੂੰ ਆਪਣੀ ਤਲਵਾਰ ਅਤੇ ਚਤੁਰਾਈ ਨਾਲ ਜਿੱਤਣ ਦਾ ਯਤਨ ਕਰਦੇ ਸਨ।
ਨਗਾਰਾ ਵੱਜਦਾ ਸੀ। ਢਾਡੀ ਬੀਰਰਸ ਦੀਆਂ ਕਵਿਤਾਵਾਂ ਗਾਉਂਦੇ ਸਨ ਤਾਂ ਜੋ ਸਿੰਘ ਆਪੋ-ਆਪਣੇ ਸ਼ਾਸ਼ਤਰਾਂ ਦਾ ਜੌਹਰ ਦਿਖਾ ਸਕਣ। ਇਸ ਯੁੱਧ-ਟ੍ਰੇਨਿੰਗ ਵਿਚ ਗੁਰੂ ਜੀ ਵੱਲੋਂ ਦੋਹਾਂ ਧੜਿਆਂ ਨੂੰ ਚਿਤਾਵਨੀ ਹੁੰਦੀ ਸੀ ਕਿ ਜਾਨ-ਮਾਲ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ। ਇਸ ਯੁੱਧ ਕਲਾ ਅਭਿਆਸ ਨੂੰ ਗੁਰੂ ਜੀ ਆਪ ਸਾਹਮਣੇ ਬੈਠ ਕੇ ਕਰਵਾਉਂਦੇ ਸਨ। ਦੋਹਾਂ ਵਿਚੋਂ ਜੋ ਵੀ ਜੇਤੂ ਹੁੰਦਾ ਸੀ, ਉਸ ਨੂੰ ਗੁਰੂ ਗੋਬਿੰਦ ਸਿੰਘ ਜੀ ਸਜੇ ਹੋਏ ਦੀਵਾਨ ਵਿਚ ਸਿਰੋਪਾਉ ਦੀ ਬਖ਼ਸ਼ਿਸ਼ ਕਰਦੇ ਸਨ। ਇਸ ਹੋਲੇ ਮਹੱਲੇ ਸਦਕਾ ਗੁਰੂ ਜੀ ਨੇ ਕਮਾਲ ਦੀ ਟ੍ਰੇਨਿੰਗ ਦਿੱਤੀ ਆਪਣੇ ਖਾਲਸੇ ਨੂੰ ਕਿ ਕੇਵਲ ਇੱਕ ਸਿੰਘ ਹੀ ਸਵਾ ਲੱਖ ਫੋਜਾਂ ਨਾਲ ਭਿੜਣ ਲਈ ਤਿਆਰ ਰਹਿਣ ਲੱਗਾ। ਸ੍ਰੀ ਗੁਰੂ ਗੋਬਿੰਦ ਸਿੰਘ ਨੇ ਆਪਣੇ ਖਾਲਸੇ ਨੂੰ ਨਾਲ ਲੈ ਕੇ 14 ਜੰਗਾਂ ਲੜੀਆਂ ਤੇ ਚੌਦਾਂ ਹੀ ਜਿੱਤੀਆਂ ਸਨ। ਖਾਲਸਾ ਯੁੱਧ ਕਲਾਂ ਵਿਚ ਇਹਨਾਂ ਨਿਪੁੰਨ, ਪਰਪੱਕ ਹੋਇਆ ਕਿ ਸਿਰ ਲੱਥ ਜਾਣ ਤੋਂ ਬਾਅਦ ਵੀ ਮੈਦਾਨੇ ਜੰਗ ਵਿਚ ਲੜਕਾ ਰਿਹਾ। ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਸੰਤ-ਸਿਪਾਹੀ ਬਣਾਇਆ। ਭਾਵ ਪਹਿਲਾਂ ਸੰਤ ਅਤੇ ਫਿਰ ਸਿਪਾਹੀ। ਅਧਿਆਤਮਤਾ ਤੋਂ ਦੂਰ ਨਹੀਂ ਕੀਤਾ। ਹਰ ਰੋਜ਼ ਅੰਮ੍ਰਿਤ ਵੇਲੇ ਪੰਜ ਬਾਣੀਆਂ ਪੜ੍ਹਣ ਦਾ ਹੁਕਮ ਦਿਤਾ ਤਾਂ ਜੋ ਮਨ ਕਰਕੇ ਖਾਲਸਾ ਮਜਬੂਤ ਹੋ ਸਕੇ।
ਲਾਲ ਰੰਗ ਤਿਸ ਕਉ ਲਗਾ ਜਿਸਕੇ ਵਡਭਾਗਾ।
ਮੈਲਾ ਕਦੇ ਨਾ ਹੋਵਈ ਨਹ ਲਾਗੇ ਦਾਗਾ।।
ਫਿਰ ਸਿਪਾਹੀ ਬਣਾਇਆ ਤਾਂ ਜੋ ਕੋਈ ਜਾਲਮ ਹਕੂਮਤ ਉਸ ਨੂੰ ਗੁਲਾਮ ਨਾ ਬਣਾ ਸਕੇ। ਪਹਿਲਾਂ ਜਿਥੇ 700 ਸਾਲ ਜਗਤ ਅਜ਼ਾਦ ਨਹੀਂ ਸੀ ਹੋ ਸਕਿਆ। ਕਲਗੀਧਰ ਜੀ ਨੇ ਆਪਣੇ ਖਾਲਸੇ ਨੂੰ ਇਹ ਉਪਦੇਸ਼ ਦਿੱਤਾ ਕਿ ਸ਼ਾਸ਼ਤਰਧਾਰੀ ਰਹਿ ਕੇ ਸ਼ਾਸ਼ਤਰਾਂ ਦਾ ਅਭਿਆਸ ਨਹੀਂ ਛੱਡਣਾ। ਤਾਂ ਜੋ ਸਿੱਖ ਕੌਮ ‘ਤੇ ਕੋਈ ਹੋਰ ਕੌਮ ਰਾਜ ਨਾ ਕਰ ਸਕੇ। ਉਹਨਾਂ ਨੇ ਦਸਮ ਗ੍ਰੰਥ ਦੀ ਬਾਣੀ ਦਾ ਅਨਮੋਲ ਖਜ਼ਾਲਾ ਆਪਣੇ ਖਾਲਸੇ ਨੂੰ ਸੌਂਪਿਆ। ਜਿਸ ਵਿਚੋਂ ਬੀਰ ਰਸ ਡੁੱਲ-ਡੁੱਲ ਪੈਂਦਾ ਹੈ। ਅੱਜ ਵੀ ਗੁਰਦੁਅਰਾ ਪਾਉਂਟਾ ਸਾਹਿਬ, ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿੱਚ ਵੀ ਹੋਲਾ ਮਹੱਲਾ ਮਨਾਇਆ ਜਾਂਦਾ ਹੈ, ਪਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਵ ਭਰ ਦੇ ਸਮੁੱਚੇ ਖਾਲਸੇ ਵੱਲੋਂ ਭਾਰੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਜਿਸ ਵਿਚ ਸਿੱਖ ਸੰਗਤਾਂ ਆਪਣੀਆਂ ਸੇਵਾਵਾਂ ਦਾ ਭਰਪੂਰ ਯੋਗਦਾਨ ਪਾਉਂਦੀਆਂ ਹਨ. ਗੁਰਦੁਆਰਾ ਤਖ਼ਤ ਸ੍ਰੀ ਕੇਸਗੜ੍ਹ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਜਾਂਦਾ ਹੈ। ਜਿਸ ਵਿਚ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਆਪਣੇ ਨੀਲੇ ਬਾਣੇ ਵਿਚ ਖਾਲਸਾਈ ਹਥਿਆਰਾਂ ਨਾਲ ਸਜ ਕੇ ਘੋੜੇ, ਊਠਾਂ ਅਤੇ ਹਾਥੀਆਂ ਉਪਰ ਸਵਾਰ ਹੋ ਕੇ, ਇੱਕ ਪੁਰਾਤਨ ਯੁੱਧ ਦਾ ਰੂਪ ਧਾਰਨ ਕਰਕੇ, ਇਸ ਨਗਰ ਕੀਰਤਨ ਦੇ ਪ੍ਰਭਾਵ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਂਦੇ ਹਨ। ਕੁਝ ਪੈਦਲ ਸਿੰਘ ਗਤਕੇ ਦੇ ਜੌਹਰ ਵੀ ਦਿਖਾਉਂਦੇ ਹਨ। ਢਾਡੀ ਆਪਣੀ ਬੁਲੰਦ ਅਵਾਜ਼ ਵਿਚ ਵਾਰਾਂ ਗਾਉਂਦੇ ਹਨ। ਤੂਰ ਅਤੇ ਨਗਾਰਿਆਂ ਦੀਆਂ ਅਵਾਜ਼ਾਂ ਨਾਲ ਅਕਾਸ਼ ਵੀ ਗੂੰਜ਼ ਉੱਠਦਾ ਹੈ। ਇਸ ਬੀਰਰਸ ਭਰੇ ਮਹੌਲ ‘ਚ ਸਰਬੱਤ ਖਾਲਸਾ ਇਸ ਹੋਲੇ ਮਹੱਲੇ ਵਿਚ ਪੂਰੀ ਕਾਇਨਾਤ ਨੂੰ ਹੀ ਰੰਗ ਦਿੰਦਾ ਹੈ।

ਕਰਮਜੀਤ ਕੌਰ ਮੁਕਤਸਰ