ਅੰਨ ਦਾਤਾ ਜੋ ਕਹਾਵੇ,
ਧੱਕੇ ਸੜਕਾਂ ਤੇ ਖਾਵੇ।
ਕੁਝ ਨਾ ਕੁਝ ਤੇ ਵਿਚਾਰ ਦਿੱਲੀਏ,
ਨੀ ਕਾਹਦਾ ਹੋ ਗਿਆ ਏ ਤੈਨੂੰ,
ਹੰਕਾਰ ਦਿੱਲੀਏ।
ਨੀ ਕਾਹਦਾ ਹੋ……
ਉੱਤੋਂ ਲੋਹੜੇ ਦੀ ਮਹਿੰਗਾਈ,
ਕਿਧਰੇ ਹੁੰਦੀ ਨਹੀਂ ਸੁਣਵਾਈ,
ਕਦੇ ਪਾਣੀਆਂ ਦਾ ਸੋਕਾ,
ਕਦੇ ਗੜਿਆਂ ਦੀ ਮਾਰ ਦਿੱਲੀਏ,
ਨੀ ਕਾਹਦਾ ਹੋ ਗਿਆ ਏ ਤੈਨੂੰ,
ਹੰਕਾਰ ਦਿੱਲੀਏ।
ਨੀ ਕਾਹਦਾ ਹੋ……
ਨਿਹੱਥਿਆਂ ਤੇ ਗੋਲੀਆਂ ਚਲਾਵੇਂ,
ਤਰਸ ਰਤਾ ਵੀ ਨਾ ਖਾਵੇਂ।
ਵਾਰਡਰ ਸੰਭੂ ਨੂੰ ਬਣਾਇਆ,
ਤੂੰ ਚੀਨ ਦੀ ਦੀਵਾਰ ਦਿੱਲੀਏ।
ਨੀ ਕਾਹਦਾ ਹੋ ਗਿਆ ਏ ਤੈਨੂੰ,
ਹੰਕਾਰ ਦਿੱਲੀਏ।
ਨੀ ਕਾਹਦਾ ਹੋ……
ਨੀਤੀਆਂ ਚੰਗੀਆਂ ਬਣਾ ਲੈ,
ਕਾਮਿਆਂ ਨੂੰ ਗਲ ਨਾਲ ਲਾ ਲੈ,
ਫਿਰ ਵੇਖੀਂ ਕਿਵੇਂ ਹੁੰਦੀ,
ਤੇਰੀ ਜੈ ਜੈ ਕਾਰ ਦਿੱਲੀਏ।
ਨੀ ਕਾਹਦਾ ਹੋ ਗਿਆ ਏ ਤੈਨੂੰ,
ਹੰਕਾਰ ਦਿੱਲੀਏ।
ਨੀ ਕਾਹਦਾ ਹੋ……
“ਝੱਜ ਲੰਢੇ ਵਾਲੇ” ਦਾ ਹੈ ਕਹਿਣਾ,
ਸਤਾ ਨੇ ਸਦਾ, ਕੋਲ ਨਹੀਂ ਰਹਿਣਾ।
ਦੇਣਾ ਔਖਾ ਹੋ ਜਾਊਗਾ ਜਵਾਬ,
ਜਦੋਂ ਪਈ ਦਰਗਾਹੋਂ ਫਿਟਕਾਰ ਦਿੱਲੀਏ।
ਨੀ ਕਾਹਦਾ ਹੋ ਗਿਆ ਏ ਤੈਨੂੰ,
ਹੰਕਾਰ ਦਿੱਲੀਏ।
ਨੀ ਕਾਹਦਾ ਹੋ……
ਸਾਧੂ ਸਿੰਘ ਝੱਜ
ਸਿਆਟਲ ( ਯੂ ਐਸ ਏ )