ਯੋਧਾ ਭੀਮ ਤੁਰ ਗਿਆ ਸੀ ਆਪਾਂ ਕਿਸਦੇ ਪਾਣੀ ਹਾਰੇ
ਫੜ ਹਾਥੀ ਪੂਛਾਂ ਤੋਂ ਜਿਹਨੇ ਵਿੱਚ ਆਕਾਸ਼ ਦੇ ਮਾਰੇ
ਬ੍ਰਹਿਮੰਡ ‘ਚ ਘੁੰਮਦੇ ਨੇ ਡਿੱਗੇ ਦੇਖੇ ‘ਨੀ ਜਮੀਨ ‘ਤੇ ਆ ਕੇ
ਹੱਬ ਲੰਬੇ ਨੇ ਮਾਲਕ ਦੇ ਬੰਦਿਆ ਲੈ ਜਾਊ ਭਾਣਾ ਮਨਾ ਕੇ
ਵਰ ਲਏ ਸੀ ਹਰਣਾਖਸ ਨੇ ਨਾ ਦਿਨੇ ਮਰਾਂ ਨਾ ਰਾਤੀ
ਤਰਸ ਕੀਤਾ ‘ਨੀ ਪ੍ਰਹਿਲਾਦ ‘ਤੇ ਤੱਤੇ ਥੰਮ ਨਾਲ ਜੱਫੀ ਪਵਾਤੀ
ਨਾ ਬਾਹਰ ਨਾ ਅੰਦਰ ਸਿੱਟਿਆ ਵਿੱਚ ਦੇਹਲੀ ਦੇ ਲਿਆਕੇ
ਹੱਬ ਲੰਬੇ ਨੇ ਮਾਲਕ ਦੇ ਬੰਦਿਆ ਲੈ ਜਾਊ ਭਾਣਾ ਮਨਾ ਕੇ
ਅਫਲਾਤੂ ਤੁਰ ਗਿਆ ਸੀ ਚੱਕਰਾਂ ਵਿੱਚ ਜਿਹਨੇ ਫਰਿਸ਼ਤੇ ਪਾਤੇ
ਪਤਾ ਲੱਗੇ ਨਾ ਫਰਿਸ਼ਤਿਆਂ ਨੂੰ ਉਹਨੇ ਕਿੰਨੇ ਅਫਲਾਤੂ ਬਣਾਤੇ
ਝੱਟ ਫਰਿਸ਼ਤਿਆਂ ਨੇ ਪਹਿਚਾਣ ਲਿਆ ਜਦੋਂ ਬੋਲਿਆ ਹੰਕਾਰ ‘ਚ ਆਕੇ
ਹੱਬ ਲੰਬੇ ਨੇ ਮਾਲਕ ਦੇ ਬੰਦਿਆ ਲੈ ਜਾਊ ਭਾਣਾ ਮਨਾ ਕੇ
ਯੋਧਾ ਰਾਵਣ ਵੀ ਆਇਆ ਸੀ ਜਿਸ ਨੇ ਸਵਰਗਾਂ ਨੂੰ ਪੌੜੀ ਲਾਈ
ਚਾਰ ਵੇਦਾਂ ਦਾ ਜਾਣੂ ਸੀ ਲੰਕਾ ਸੋਨੇ ਦੀ ਬਣਾਈ
ਕਾਲ ਬੰਨ੍ਹਿਆ ਜਿਸਨੇ ‘ਮੋਮਨਾਬਾਦ’ ਵਾਲਿਆ ਪਾਵੇ ਨਾਲ ਲਿਆਕੇ
ਹੱਬ ਲੰਬੇ ਨੇ ਮਾਲਕ ਦੇ ਬੰਦਿਆ ਲੈ ਜਾਊ ਭਾਣਾ ਮਨਾ ਕੇ

-ਬਲਵਿੰਦਰ ਸਿੰਘ ਮੋਮਨਾਬਾਦ
ਪਿੰਡ ਮੋੋੋਮਨਾਬਾਦ ( ਮਲੇਰਕੋਟਲਾ)
ਸੰਪਰਕ 87280-76174