ਡਾ. ਸਵਰਾਜ ਸਿੰਘ ਜੋ 30 ਸਾਲ ਪਹਿਲਾਂ ਤੋਂ ਗੱਲ ਕਰਦੇ ਸਨ, ਉਹ ਹੁਣ ਸਮਾਜ ਨੇ ਮੰਨ ਲਈ ਹੈ, ਪੂਰਬ ਦਾ ਉਭਾਰ ਤੇ ਪੱਛਮ ਦਾ ਨਿਘਾਰ ਵੀ ਸਹੀ ਸਾਬਿਤ ਹੋ ਰਿਹਾ ਹੈ। 1492 ਤੋਂ ਪੱਛਮ ਦੁਨੀਆਂ ਨੂੰ ਗੁਲਾਮ ਬਣਾਉਣ ਲਈ ਬਾਹਰ ਨਿੱਕਲਦਾ ਹੈ। ਠੀਕ 1469 ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਹੁੰਦਾ ਹੈ। ਪੱਛਮੀ ਸੱਭਿਅਤਾ ਅੱਜ ਵਿਸ਼ਵ ਦੇ ਉੱਪਰ ਭਾਰੂ ਹੋ ਚੁੱਕੀ ਹੈ। ਅੱਜ ਨਿਊਯਾਰਕ ਤੋਂ ਝੁੱਗੀ ਤੱਕ ਪੂੰਜੀਵਾਦ ਦਾ ਡੰਕਾ ਵੱਜਿਆ ਹੋਇਆ ਹੈ, ਪਰ ਇਹ ਬੁੱਧ, ਨਾਨਕ ਤੇ ਮਾਰਕਸ ਵਾਂਗ ਨਹੀਂ ਹੈ। ਸੰਗੋਂ ਦੁਨੀਆਂ ਦੀ ਲੁੱਟ ਦਾ ਢਾਂਚਾ ਹੈ। ਹੁਣ ਸਿਆਸਤ ਇੱਕ ਮਿਸ਼ਨ ਨਹੀਂ ਕਮਿਸ਼ਨ ਹੈ। ਮਾਰਕਿਟ ਨਾਲੋਂ ਕਲਚਰ ਤੇ ਕਬਜਾ ਕਰਨਾ ਉਨ੍ਹਾਂ ਦਾ ਮੁੱਖ ਟੀਚਾ ਹੈ। ਇਸ ਲਈ ਯੂਥ ਉਨ੍ਹਾਂ ਨੂੰ ਬਹੁਤ ਵੱਡੇ ਪ੍ਰਚਾਰਕ ਦੇ ਤੌਰ ਤੇ ਉਪਲਬਧ ਹੈ। ਇੰਨੀ ਵੱਡੀ ਸੁਨਾਮੀ ਨੂੰ ਰੋਕਣ ਦੇ ਲਈ ਛੋਟੇ ਛੋਟੇ ਯਤਨ ਹੋਏ ਹਨ। ਪੂੰਜੀਵਾਦ ਦਾ ਇਹ ਮੰਤਵ ਹੈ ਕਿ ਅਮਰੀਕਾ ਦੀ ਤਰਜ ਦੇ ਉਪਰ ਮਾਰਕਿਟ ਸੱਭਿਆਚਾਰ ਅਤੇ ਧਰਮ ਹੋਵੇ। ਅਜੋਕਾ ਪਰਵਾਸ ਝੂਠੇ ਬਿਰਤਾਂਤ ਤੇ ਆਧਾਰਿਤ ਹੈ, ਇਹ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਪੰਜਾਬ ਨਰਕ ਹੈ, ਜਦੋਂ ਕਿ ਪੱਛਮੀ ਸਾਮਰਾਜੀ ਦੇਸ਼ ਸਵਰਗ ਹਨ । ਕਿਉਂਕਿ ਇਹ ਬੁੱਧੀਜੀਵੀਆਂ ਦਾ ਨੈਤਿਕ ਫਰਜ ਹੈ ਕਿ ਪਰਵਾਸ ਨਾਲ ਸਬੰਧਿਤ ਝੂਠੇ ਬਿਰਤਾਂਤ ਨੂੰ ਤੋੜ ਕੇ ਸੱਚ ਨੂੰ ਸਾਹਮਣੇ ਲਿਆਂਦਾ ਜਾਵੇ। ਪ੍ਰੰਤੂ ਪੰਜਾਬ ਦਾ ਬੁੱਧੀਜੀਵੀ ਵਰਗ ਦੋ ਹਿੱਸਿਆਂ ਮਾਰਕਸਵਾਦੀ ਤੇ ਸਿੱਖ ਵਿੱਚ ਉਲਝਿਆ ਹੋਇਆ ਹੈ ਜੋ ਇੱਕ ਦੂਜੇ ਨੂੰ ਬੇਅਸਰ ਕਰ ਰਹੇ ਹਨ। ਲੋੜ ਹੈ ਕਿ ਪੰਜਾਬ ਦੇ ਘੱਟੋ ਘੱਟ (ਮਿਨੀਮਮ) ਹਿੱਤਾਂ ਦੀ ਨਿਸ਼ਾਨਦੇਹੀ ਕਰਕੇ ਸਹਿਮਤੀ ਤੇ ਸਾਂਝ ਬਣਾਈ ਜਾਏ। ਇਹ ਭਾਵ ਅੱਜ ਮਾਲਵਾ ਰਿਸਰਚ ਸੈਂਟਰ ਪਟਿਆਲਾ ਅਤੇ ਗੁਰਮਤਿ ਲੋਕਧਾਰਾ ਵਿਚਾਰ ਮੰਚ ਪਟਿਆਲਾ ਵੱਲੋਂ ਆਯੋਜਿਤ ‘ਪੰਜਾਬ ਦੇ ਨੈਤਿਕ ਨਿਘਾਰ ਦਾ ਮੁੱਖ ਕਾਰਨ ਪ੍ਰਵਾਸ* ਸੈਮੀਨਾਰ ਵਿੱਚ ਉੱਘੇ ਚਿੰਤਕ ਪ੍ਰੋਫੈਸਰ ਬਾਵਾ ਸਿੰਘ ਨੇ ਵਿਅਕਤ ਕੀਤੇ।
ਇਹ ਸੈਮੀਨਾਰ ਵਿਸ਼ਵ ਚਿੰਤਕ ਡਾ. ਸਵਰਾਜ ਸਿੰਘ ਦੇ ਜਨਮ ਦਿਵਸ ਤੇ ਕੀਤਾ ਗਿਆ ਸੀ, ਜਿਸਦੇ ਮੁੱਖ ਮਹਿਮਾਨ ਸੰਤ ਬਾਬਾ ਸੁਖਜੀਤ ਸਿੰਘ ਸੀਚੇਵਾਲ ਸਨ, ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿੱਚ ਡਾ. ਭੀਮਇੰਦਰ ਸਿੰਘ ਡਾਇਰੈਕਟਰ ਵਿਸ਼ਵ ਪੰਜਾਬੀ ਕੇਂਦਰ, ਪਵਨ ਹਰਚੰਦਪੁਰੀ, ਡਾ. ਭਗਵੰਤ ਸਿੰਘ, ਨਿਰਪਾਲ ਸਿੰਘ ਸ਼ੇਰਗਿੱਲ, ਪ੍ਰੋ. ਬਾਵਾ ਸਿੰਘ, ਸ. ਕਰਮਜੀਤ ਸਿੰਘ ਭਿੰਡਰ ਸ਼ਾਮਿਲ ਹੋਏ। ਸਮਾਗਮ ਦੀ ਪ੍ਰਧਾਨਗੀ ਵਿਸ਼ਵ ਚਿੰਤਕ ਡਾ. ਸਵਰਾਜ ਸਿੰਘ ਨੇ ਕੀਤੀ। ਡਾ. ਸਵਰਾਜ ਸਿੰਘ ਨੇ ਕਿਹਾ ਕਿ ਅੱਜ ਪੰਜਾਬ ਵਿੱਚੋਂ ਸਭ ਤੋਂ ਵੱਧ ਪਰਵਾਸ ਕਨੇਡਾ ਵਿੱਚ ਹੋ ਰਿਹਾ ਹੈ, ਸਵਰਗ ਤੇ ਨਰਕ ਮਨ ਦੀਆਂ ਅਵਸਥਾਵਾਂ ਹਨ। ਸੰਤੁਸ਼ਟ ਅਤੇ ਚੜ੍ਹਦੀ ਕਲਾ ਵਾਲਾ ਮਨ ਸਵਰਗ ਹੈ ਤੇ ਅਸੰਤੁਸ਼ਟ ਅਤੇ ਢਹਿੰਦੀਕਲਾ ਵਾਲਾ ਮਨ ਨਰਕ ਦੇ ਬਰਾਬਰ ਹੈ। ਅੱਜ ਭਾਰਤ ਵਿੱਚ ਲੱਗਭਗ 10 ਪ੍ਰਤੀਸ਼ਤ ਲੋਕ ਡੀਪਰੈਸ਼ਨ ਦਾ ਸ਼ਿਕਾਰ ਹਨ ਜੋ ਕਿ ਪੰਜਾਬ ਵਿੱਚ ਲਗਭਗ 13 ਪ੍ਰਤੀਸ਼ਤ ਲੋਕ ਡੀਪਰੈਸ਼ਨ ਦਾ ਸ਼ਿਕਾਰ ਹਨ। ਕਨੇਡਾ ਵਿੱਚ 3 ਵਿੱਚੋਂ 1 ਡੀਪਰੈਸ਼ਨ ਦਾ ਸ਼ਿਕਾਰ ਹੈ, ਜੋ ਕਿ ਪੰਜਾਬ ਨਾਲੋਂ 3 ਗੁਣਾ ਹੈ। ਕਿਹਾ ਜਾਂਦਾ ਹੈ ਕਿ ਬੱਚੇ ਉਚੇਰੀ ਵਿਦਿਆ ਲਈ ਜਾ ਰਹੇ ਹਨ, ਪ੍ਰੰਤੂ 90—95 ਪ੍ਰਤੀਸ਼ਤ ਸਿਰਫ ਪੱਕੇ ਤੌਰ ਤੇ ਰਹਿਣ ਲਈ ਹੀ ਦਾਖਲੇ ਲੈਂਦੇ ਹਨ, ਪ੍ਰੰਤੂ ਅਸਲ ਵਿੱਚ ਉਹ ਹੀ ਨੌਕਰੀਆਂ ਕਰਦੇ ਹਨ ਜੋ ਉਥੋਂ ਦੇ ਲੋਕ ਕਰਨਾ ਨਹੀਂ ਚਾਹੁੰਦੇ, ਇਨ੍ਹਾਂ ਨੌਕਰੀਆਂ ਲਈ ਉਚੇਰੀ ਸਿੱਖਿਆ ਦੀ ਲੋੜ ਨਹੀਂ ਹੈ, ਕਿਹਾ ਜਾਂਦਾ ਹੈ ਕਿ ਪੰਜਾਬ ਵਿੱਚ ਡਰੱਗਸ ਅਤੇ ਹਿੰਸਾ ਤੋਂ ਬਚਣ ਲਈ ਬੱਚੇ ਜਾ ਰਹੇ ਹਨ, ਪ੍ਰੰਤੂ ਵਸੋਂ ਦੀ ਤੁਲਨਾ ਮੁਤਾਬਿਕ ਇਹ ਸਮੱਸਿਆਵਾਂ ਕਨੇਡਾ ਵਿੱਚ ਪੰਜਾਬ ਨਾਲੋਂ ਕਈ ਗੁਣਾ ਜ਼ਿਆਦਾ ਹਨ। ਕਿਹਾ ਜਾਂਦਾ ਹੈ ਕਿ ਪੰਜਾਬ ਵਿੱਚ ਰੁਜ਼ਗਾਰ ਦੇ ਮੌਕੇ ਨਹੀਂ ਜਿੱਥੇ ਰੁਜ਼ਗਾਰ ਦੇ ਮੌਕੇ ਨਹੀਂ ਹੁੰਦੇ ਉਥੋਂ ਵਸੋਂ ਪਲਾਇਨ ਕਰਦੀ ਹੈ ਅਤੇ ਘੱਟ ਜਾਂਦੀ ਹੈ, ਪ੍ਰੰਤੂ ਪੰਜਾਬ ਦੀ ਵਸੋਂ ਤਾਂ ਲਗਾਤਾਰ ਵਧੀ ਜਾ ਰਹੀ ਹੈ, ਜਿੱਥੇ ਇੱਕ ਪੰਜਾਬੀ ਪਰਵਾਸ ਕਰਦਾ ਹੈ, ਉਥੇ ਤਿੰਨ ਗੈਰ ਪੰਜਾਬੀ ਪੰਜਾਬ ਵਿੱਚ ਆ ਰਹੇ ਹਨ। ਡਾ. ਭੀਮਇੰਦਰ ਸਿੰਘ ਨੇ ਪੱਛਮ ਦੇ ਹਵਾਲੇ ਨਾਲ ਆਪਣੇ ਭਾਵ ਵਿਅਕਤ ਕਰਦੇ ਹੋਏ ਮਾਲਵਾ ਰਿਸਰਚ ਸੈਂਟਰ ਪਟਿਆਲਾ ਦੇ ਕਾਰਜ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਪਰਚਾਰ ਕੀਤਾ ਜਾ ਰਿਹਾ ਹੈ ਕਿ ਸਾਡੇ ਬੱਚਿਆਂ ਦਾ ਭਵਿੱਖ ਉਥੇ ਸੁਰੱਖਿਅਤ ਅਤੇ ਸੁਨਹਿਰੀ ਹੈ, ਪ੍ਰੰਤੂ ਸਾਰੇ ਅੰਕੜੇ ਇਹ ਦੱਸ ਰਹੇ ਹਨ ਕਿ ਪੱਛਮ ਨਿਘਾਰ ਅਤੇ ਪੂਰਬ ਉਭਾਰ ਦੀ ਅਵਸਥਾ ਵਿੱਚ ਹੈ,। ਪਰਵਾਸ ਕਰਨ ਲਈ ਹਰ ਨਜਾਇਜ ਢੰਗ ਨੂੰ ਜਾਇਜ ਠਹਿਰਾਇਆ ਜਾ ਰਿਹਾ ਹੈ। ਡਾ. ਭਗਵੰਤ ਸਿੰਘ ਨੇ ਕਿਹਾ ਕਿ ਨੈਤਿਕਤਾ ਦਾ ਰਿਸ਼ਤਾ ਸਮਾਜਿਕ ਸਥਿਰਤਾ ਨਾਲ ਹੁੰਦਾ ਹੈ, ਪਰਵਾਸ ਸਮਾਜਿਕ ਅਸਥਿਰਤਾ ਵੱਲ ਧੱਕ ਰਿਹਾ ਹੈ, ਇਹ ਸਾਨੂੰ ਤਿੰਨਾਂ ਮਾਵਾਂ, ਅਰਥਾਤ, ਧਰਤੀ ਮਾਤਾ, ਜਨਨੀ ਮਾਤਾ ਅਤੇ ਬੋਲੀ ਤੇ ਸੱਭਿਆਚਾਰ ਤੋਂ ਤੋੜ ਰਿਹਾ ਹੈ, ਪਰਵਾਸ ਨੇ ਸਮਾਜਿਕ ਅਤੇ ਪਰਿਵਾਰਿਕ ਰਿਸ਼ਤਿਆਂ ਦਾ ਘਾਣ ਕਰ ਦਿੱਤਾ ਹੈ।
ਪਵਨ ਹਰਚੰਦਪੁਰੀ ਨੇ ਕਿਹਾ ਕਿ ਵਿਆਹ ਅਤੇ ਡਾਈਵੋਰਸ ਪੰਜਾਬੀਆਂ ਨੂੰ ਅਨੈਕਤਾ ਦੀ ਸਿਖਰ ਵੱਲ ਧੱਕ ਰਹੇ ਹਨ। ਪੱਛਮੀ ਸਰਮਾਏਦਾਰੀ ਦਾ ਬੁਨਿਆਦੀ ਸਿਧਾਂਤ ਕਿ ਆਰਥਿਕਤਾ ਨੈਤਿਕਤਾ ਤੋਂ ਉੱਪਰ ਹੁੰਦੀ ਹੈ ਅਤੇ ਆਰਥਿਕਤਾ ਹੀ ਸਮਾਜ ਦਾ ਅਧਾਰ ਬਣਾਉਂਦੀ ਹੈ, ਅਨੈਤਿਕਤਾ ਵੱਲ ਧੱਕਦਾ ਹੈ, ਪੂਰਬ ਨੇ ਧਰਮ ਅਰਥਾਤ ਨੈਤਿਕਤਾ ਨੂੰ ਜੀਵਨ ਦਾ ਅਧਾਰ ਮੰਨਿਆ ਹੈ ।
ਰਾਕੇਸ਼ ਸ਼ਰਮਾ ਨੇ ਆਪਣੇ ਭਾਵ ਵਿਅਕਤੀ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚੋਂ ਜੋ ਵੱਡੇ ਪੱਧਰ ਦਾ ਪਰਵਾਸ ਹੋ ਰਿਹਾ ਹੈ, ਉਸ ਲਈ ਬੌਧਿਕ ਅਗਵਾਈ ਦੀ ਅਣਹੋਂਦ ਸਭ ਤੋਂ ਵੱਧ ਜਿੰਮੇਵਾਰ ਹੈ।
ਇਸ ਵਿਚਾਰ ਚਰਚਾ ਵਿੱਚ ਨਿਰਪਾਲ ਸਿੰਘ ਸ਼ੇਰਗਿੱਲ, ਡਾ. ਸੁਖਮਿੰਦਰ ਸਿੰਘ ਸੇਖੋਂ, ਡਾ. ਲਕਸ਼ਮੀ ਨਰਾਇਣ ਭੀਖੀ, ਇਕਬਾਲ ਗੱਜਣ, ਵਰਿੰਦਰ ਸਿੰਘ ਜਾਗੋਵਾਲ ਗੁਰਦਾਸਪੁਰ, ਅਮਰ ਗਰਗ ਕਲਮਦਾਨ, ਨਿਹਾਲ ਸਿੰਘ ਮਾਨ, ਜਗਦੀਪ ਸਿੰਘ, ਸਦੀਵ ਗਿੱਲ, ਜੁਗਰਾਜ ਸਿੰਘ, ਮੈਡਮ ਰਿਪਨਜੋਤ ਕੌਰ, ਸੁਰਿੰਦਰ ਬੇਦੀ, ਐਡਵੋਕਟ ਬਲਵੀਰ ਸਿੰਘ ਬਲਿੰਗ, ਸੁਆਮੀ ਯੋਗੇਸ਼ ਨਿਸ਼ਬਦ ਨੇ ਭਾਗ ਲੈ ਕੇ ਬਹੁਤ ਵਧੀਅ ਸੰਵਾਦ ਰਚਾਇਆ। ਏ.ਪੀ. ਸਿੰਘ, ਡਾ. ਤਰਲੋਚਨ ਕੌਰ, ਦਰਬਾਰਾ ਸਿੰਘ ਢੀਂਡਸਾ, ਪੂਰਨ ਚੰਦ ਜੋਸ਼ੀ, ਮਹਿੰਦਰ ਸਿੰਘ ਜੱਗੀ, ਅਵਤਾਰਜੀਤ, ਗੁਲਜ਼ਾਰ ਸਿੰਘ ਸ਼ੌਂਕੀ, ਪ੍ਰੋ. ਪ੍ਰਭਜੋਤ ਸਿੰਘ, ਜਗਦੀਸ਼ ਸਿੰਘ ਸਾਹਨੀ, ਕਿਰਨਜੀਤ ਸਿੰਘ ਢਿੱਲੋਂ, ਸੰਦੀਪ ਸਿੰਘ ਨੇ ਵੀ ਆਪਣੇ ਭਾਵ ਪ੍ਰਗਟ ਕੀਤੇ।
ਦੇਸ਼ ਭੂਸ਼ਣ ਨੇ ਆਪਣੀ ਕਵਿਤਾ ਨਾਲ ਸਰੋਤਿਆਂ ਦਾ ਧਿਆਨ ਖਿੱਚਿਆ। ਪ੍ਰਗਟ ਸਿੰਘ ਦੀ ਨਿਰਦੇਸ਼ਨਾ ਅਧੀਨ ਫੀਲ ਖਾਨਾ ਸਕੂਲ ਦੇ ਬੱਚਿਆਂ ਨੇ ਸ਼ਬਦ ਗਾਇਨ ਕੀਤਾ। ਇਹ ਸੈਮੀਨਾਰ ਪੰਜਾਬ ਦੇ ਪ੍ਰਵਾਸ ਸਬੰਧੀ ਇੱਕ ਇਤਿਹਾਸਕ ਸੈਮੀਨਾਰ ਹੋ ਨਿੱਬੜਿਆ। ਇਸ ਮੌਕੇ ਡਾ. ਭਗੰਵਤ ਸਿੰਘ ਦੀ ਪੁਸਤਕ ਸੂਫੀਆਨਾ ਰਹੱਸ ਅਨੁਭੂਤੀ ਅਤੇ ਪੂਰਨ ਚੰਦ ਜੋਸ਼ੀ ਦੀ ਪੁਸਤਕ ‘ਜਵਾਨ ਹੋਣ ਤੱਕ* ਲੋਕ ਅਰਪਣ ਕੀਤੀਆਂ ਕੀਤੀਆਂ ਗਈਆਂ। ਡਾ. ਗੁਰਿੰਦਰ ਕੌਰ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਜਗਦੀਪ ਸਿੰਘ ਐਡਵੋਕੇਟ ਨੇ ਧੰਨਵਾਦ ਕੀਤਾ।
ਇਸ ਸਮਾਗਮ ਵਿੱਚ ਪੰਜਾਬ ਦੇ ਵੱਖ ਵੱਖ ਕੋਨਿਆਂ ਤੋਂ ਬੱੁਧੀਜੀਵੀ ਅਤੇ ਚਿੰਤਕ ਸ਼ਾਮਿਲ ਹੋਏ ਅਤੇ ਪਟਿਆਲਾ ਦੇ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੇ ਵੀ ਸ਼ਮੂਲੀਅਤ ਕੀਤੀ ।
Posted inਸਾਹਿਤ ਸਭਿਆਚਾਰ