ਅਜੋਕੀ ਨੌਜਵਾਨ ਪੀੜ੍ਹੀ ਦੀ ਤੁਲਨਾ ਵਿੱਚ, ਉਨ੍ਹਾਂ ਦੇ ਮਾਪੇ ਕਿਤੇ ਵਧੇਰੇ ਖੁਸ਼ ਅਤੇ ਸੰਤੁਸ਼ਟ ਜੀਵਨ ਬਿਤਾਉਂਦੇ ਸਨ ਅਤੇ ਅੱਜ ਵੀ ਹਨ। ਇਸ ਦਾ ਮੁੱਖ ਕਾਰਨ ਹੈ ਕਿ ਉਹ ਬਹੁਤੇ ਸੰਯਮੀ, ਅਨੁਸ਼ਾਸਿਤ ਅਤੇ ਆਤਮ-ਨਿਯੰਤਰਿਤ ਸਨ। ਭਾਵੇਂ ਅਜੋਕੇ ਨੌਜਵਾਨ ਪੜ੍ਹਾਈ ਵਿੱਚ ਆਪਣੇ ਮਾਪਿਆਂ ਤੋਂ ਅੱਗੇ ਨਿਕਲ ਚੁੱਕੇ ਹਨ, ਅਨੇਕ ਡਿਗਰੀਆਂ ਪ੍ਰਾਪਤ ਕਰ ਚੁੱਕੇ ਹਨ ਅਤੇ ਉਨ੍ਹਾਂ ਕੋਲ ਪੈਸਾ ਵੀ ਕਿਤੇ ਵਧੇਰਾ ਹੈ। ਪਰੰਤੂ, ਸੰਯਮ ਅਤੇ ਆਤਮ-ਨਿਯੰਤਰਣ ਦੀ ਕਮੀ ਕਾਰਨ, ਮਾਨਸਿਕ ਸੁਖ ਵਿੱਚ ਉਹ ਆਪਣੇ ਪੂਰਵਜਾਂ ਦੇ ਆਸ-ਪਾਸ ਵੀ ਨਹੀਂ ਠਹਿਰਦੇ।
ਸਿਹਤਮੰਦ ਪੌਸ਼ਟਿਕ ਭੋਜਨ ਖਾਣ ਕਰਕੇ ਉਨ੍ਹਾਂ ਦੇ ਮਾਪੇ ਨਾ ਕੇਵਲ ਸਰੀਰਕ ਤੌਰ ਉੱਤੇ ਵਧੇਰੇ ਤੰਦਰੁਸਤ ਸਨ ਸਗੋਂ ਮਾਨਸਿਕ ਤੌਰ ‘ਤੇ ਵੀ ਕਿਤੇ ਵਧੇਰੇ ਸੰਤੁਲਿਤ ਅਤੇ ਪ੍ਰਸੰਨਚਿੱਤ ਰਹਿੰਦੇ ਸਨ। ਜਦੋਂ ਉਹ ਬਜ਼ਾਰ ਜਾਂਦੇ ਤਾਂ ਹਰ ਚੀਜ਼ ਨੂੰ ਵੇਖ ਕੇ ਤੁਰੰਤ ਉਸ ਨੂੰ ਖਰੀਦਣ ਜਾਂ ਖਾਣ ਦੀ ਲਾਲਸਾ ਨਹੀਂ ਕਰਦੇ ਸਨ। ਉਨ੍ਹਾਂ ਦਾ ਆਪਣੀਆਂ ਗਿਆਨ ਇੰਦਰੀਆਂ ਉੱਤੇ ਪੂਰਾ ਕਾਬੂ ਹੁੰਦਾ ਸੀ। ਉਹ ਰਸਨਾ ਦੇ ਸਵਾਦ ਦੇ ਇੰਨੇ ਗ਼ੁਲਾਮ ਨਹੀਂ ਸਨ, ਜਿੰਨੇ ਅਜੋਕੇ ਨੌਜਵਾਨ ਬਣ ਚੁੱਕੇ ਹਨ।
ਰਸਨਾ ਦਾ ਆਨੰਦ ਲੈਣਾ ਕੋਈ ਮਾੜੀ ਗੱਲ ਨਹੀਂ ਪਰ ਰਸਨਾ ਦੇ ਵੱਸ ਹੋ ਜਾਣਾ ਹਾਨੀਕਾਰਕ ਹੈ ਅਤੇ ਇਹੀ ਅਜੋਕੇ ਨੌਜਵਾਨਾਂ ਦੀ ਸਭ ਤੋਂ ਵੱਡੀ ਕਮਜ਼ੋਰੀ ਬਣ ਗਈ ਹੈ। ਉਹ ਚਿਪਸ, ਚਾਕਲੇਟ, ਪੀਜ਼ਾ, ਬਰਗਰ, ਨੂਡਲਜ਼, ਕੋਲਡ ਡ੍ਰਿੰਕਸ, ਸਮੋਸੇ, ਟਿੱਕੀਆਂ, ਮਠਿਆਈਆਂ ਵਰਗੀਆਂ ਹਾਨੀਕਾਰਕ ਚੀਜ਼ਾਂ ਲਈ ਉਤਸੁਕ ਰਹਿੰਦੇ ਹਨ ਪਰ ਫਲ, ਸਬਜ਼ੀਆਂ, ਦੁੱਧ, ਘਿਉ, ਬਾਦਾਮ, ਕਾਜੂ ਵਰਗੀਆਂ ਪੌਸ਼ਟਿਕ ਅਤੇ ਸਵਸਥ ਚੀਜ਼ਾਂ ਲਈ ਉਨ੍ਹਾਂ ਵਿੱਚ ਉਤਸੁਕਤਾ ਨਹੀਂ ਹੁੰਦੀ।
ਇਹੀ ਕਾਰਨ ਹੈ ਕਿ ਆਧੁਨਿਕ ਨੌਜਵਾਨ ਭਾਵੇਂ ਗਿਆਨ ਅਤੇ ਤਕਨਾਲੋਜੀ ਵਿੱਚ ਅੱਗੇ ਹਨ ਪਰ ਸੰਯਮ ਨਾ ਹੋਣ ਕਰ ਕੇ ਸਿਹਤ, ਮਾਨਸਿਕ ਸੰਤੁਸ਼ਟੀ ਅਤੇ ਪ੍ਰਸੰਨਤਾ ਦੇ ਮਾਮਲੇ ਵਿੱਚ ਆਪਣੇ ਪੂਰਵਜਾਂ ਤੋਂ ਬਹੁਤ ਪਿੱਛੇ ਰਹਿ ਗਏ ਹਨ। ਨੌਜਵਾਨਾਂ ਦੀ ਅਜਿਹੀ ਸੋਚ ਬਣਨ ਦਾ ਮੁੱਖ ਕਾਰਨ: ਟੈਲੀਵਿਜ਼ਨ, ਇੰਟਰਨੈਟ ਅਤੇ ਸੋਸ਼ਲ ਮੀਡੀਆ ਹੈ ਜੋ ਉਨ੍ਹਾਂ ਨੂੰ ਅਜਿਹੀਆਂ ਸਵਾਦਿਸ਼ਟ ਪਰ ਹਾਨੀਕਾਰਕ ਵਸਤੂਆਂ ਵਰਤਣ ਲਈ ਸਦਾ ਹੀ ਪ੍ਰੇਰਿਤ ਕਰਦਾ ਹੈ।
-ਠਾਕੁਰ ਦਲੀਪ ਸਿੰਘ