ਫਰੀਦਕੋਟ 7 ਜਨਵਰੀ (ਵਰਲਡ ਪੰਜਾਬੀ ਟਾਈਮਜ)
ਡਾ. ਅੰਬੇਡਕਰ ਅਪਾਹਜ ਵੈਲਫੇਅਰ ਸੁਸਾਇਟੀ ਰਜਿ ਫਰੀਦਕੋਟ ਦੀ ਮੀਟਿੰਗ ਸਥਾਨਕ ਰੈਸਟ ਹਾਊਸ ਫਰੀਦਕੋਟ ਵਿਖੇ ਜ਼ਿਲ੍ਹਾ ਪ੍ਰਧਾਨ ਹਰਸੰਗੀਤ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਬਹੁ ਗਿਣਤੀ ਅੰਗਹੀਣ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਵੱਖ ਵੱਖ ਅਹੁਦੇਦਾਰਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਹਰਸੰਗੀਤ ਸਿੰਘ ਗਿੱਲ ਨੇ ਕਿਹਾ ਕਿ ਅਜੋਕੇ ਸਮੇਂ ਦੀਆਂ ਹਕੂਮਤਾਂ ਬੇਰੁਜ਼ਗਾਰ ਅੰਗਹੀਣਾਂ ਦੇ ਮਸਲਿਆਂ ਨੂੰ ਸੁਲਝਾਉਣ ਵਿੱਚ ਅਸਫਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨਾ ਤਾਂ ਅੰਗਹੀਣਾਂ ਨੂੰ ਰੁਜ਼ਗਾਰ ਦੇਣ ਲਈ ਕੋਈ ਹੀਲਾ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਸਵੈ ਰੁਜ਼ਗਾਰ ਚਲਾਉਣ ਲਈ ਕੋਈ ਸਹਾਇਤਾ ਦਿੱਤੀ ਜਾ ਰਹੀ ਹੈ। ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਗਿਆ ਸੀ ਕਿ ਬੇਰੁਜ਼ਗਾਰ ਅੰਗਹੀਣਾਂ ਨੂੰ ਸਰਕਾਰ ਬਣਨ ਤੇ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ ਪਰ ਕੋਈ ਵੀ ਬੇਰੁਜ਼ਗਾਰੀ ਭੱਤਾ ਨਹੀਂ ਦਿੱਤਾ ਗਿਆ। ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਪੈਨਸ਼ਨ ਵੀ ਸਮੇਂ ਸਿਰ ਨਹੀਂ ਦਿੱਤੀ ਜਾ ਰਹੀ। ਹਰਿਆਣਾ ਅਤੇ ਦਿੱਲੀ ਦੀਆਂ ਸਰਕਾਰਾਂ ਵੱਲੋਂ ਅੰਗਹੀਣਾਂ ਨੂੰ 3500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾ ਰਹੀ ਹੈ ਪਰ ਪੰਜਾਬ ਸਰਕਾਰ ਵੱਲੋਂ ਪੈਨਸ਼ਨ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ। pwd 2016 ਦੇ ਅਧੀਨ ਅੰਗਹੀਣ ਵਿਅਕਤੀਆਂ ਨੂੰ ਸਰਕਾਰੀ ਨੌਕਰੀ ਮਿਲਣ ਉਮਰ ਹੱਦ ਵਿੱਚ 10 ਸਾਲ ਦੀ ਛੋਟ ਦਿੱਤੀ ਗਈ ਹੈ ਪਰ ਇਸ ਹੁਕਮ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ। ਇਸ ਐਕਟ ਅਧੀਨ ਅੰਗਹੀਣ ਵਿਅਕਤੀਆਂ ਨੂੰ ਦਸ ਸਾਲ ਦੀ ਛੋਟ ਦਾ ਅਧਿਕਾਰ ਤੁਰੰਤ ਲਾਗੂ ਕੀਤਾ ਜਾਵੇ। ਇਸ ਮੀਟਿੰਗ ਨੂੰ ਪ੍ਰਚਾਰ ਸਕੱਤਰ ਵਤਨਵੀਰ ਸਿੰਘ, ਵਿੱਤ ਸਕੱਤਰ ਸੁਨੀਲ ਕੁਮਾਰ, ਸੀਨੀਅਰ ਮੈਂਬਰ ਦੀਪੂ ਸ਼ਰਮਾ, ਮੀਤ ਪ੍ਰਧਾਨ ਕੁਲਦੀਪ ਸਿੰਘ ਬਰਾੜ, ਗੁਰਮੇਲ ਸਿੰਘ, ਕੋਮਲਪ੍ਰੀਤ ਕੌਰ, ਛਿੰਦਰ ਕੌਰ, ਬਲਵਿੰਦਰ ਕੌਰ ਨੇ ਸੰਬੋਧਨ ਕੀਤਾ।
