ਮਾਤਾ-ਪਿਤਾ ਤੋਂ ਬਾਅਦ ਬੱਚਾ ਜੇ ਕਿਸੇ ਦੇ ਕਰੀਬ ਹੁੰਦਾ ਹੈ, ਤਾਂ ਉਹ ਹੈ ਉਸਦਾ ਅਧਿਆਪਕ। ਅਧਿਆਪਕ ਵੱਲੋਂ ਕਹੀ ਗਈ ਹਰ ਗੱਲ ਉਸ ਅੰਦਰ ਘਰ ਕਰ ਜਾਂਦੀ ਹੈ। ਵੱਡਾ ਕਾਰਨ ਇਹ ਕਿ ਬੱਚਾ ਆਪਣਾ ਜ਼ਿਆਦਾ ਸਮਾਂ ਸਕੂਲ ’ਚ ਹੀ ਆਪਣੇ ਅਧਿਆਪਕਾਂ ਨਾਲ ਬਤੀਤ ਕਰਦਾ ਹੈ। ਸਕੂਲ ’ਚ ਉਹ ਬਹੁਤ ਸਾਰੀਆਂ ਨਵੀਂਆਂ ਤੇ ਪ੍ਰੇਰਣਾਦਾਇਕ ਗੱਲਾਂ ਸਿੱਖਣ ਦੇ ਨਾਲ-ਨਾਲ ਅਨੁਸ਼ਾਸਨ ’ਚ ਰਹਿਣਾ ਵੀ ਸਿੱਖਦਾ ਹੈ।
ਅਧਿਆਪਕ ਤੇ ਉਸਦੇ ਵਿਦਿਆਰਥੀ ਦਾ ਰਿਸ਼ਤਾ ਸਕੂਲ ਤੋਂ ਹੁੰਦਾ ਹੋਇਆ ਕਾਲਜ, ਯੂਨੀਵਰਸਿਟੀ ਤੱਕ ਪਹੁੰਚਦਾ ਹੈ।
ਕਿਸੇ ਵਿਦਿਆਰਥੀ ਦੀ ਦੁਨੀਆਂ ਦੀ ਸੁੰਦਰਤਾ ਨੂੰ ਵਧਾਉਣ ਲਈ ਜੇਕਰ ਕੋਈ ਮਹਾਨ ਯੋਗਦਾਨ ਪਾਉਂਦਾ ਹੈ ਤਾਂ ਉਹ ਅਧਿਆਪਕ ਹੀ ਹੈ।
ਇਕ ਅਧਿਆਪਕ ਹੀ ਉਸ ਪੀੜ੍ਹੀ ਨੂੰ ਤਿਆਰ ਕਰਦਾ ਹੈ ਜਿਹੜੀ ਅੱਗੇ ਚੱਲ ਕੇ ਮਹਾਨ ਵਿਚਾਰਧਾਰਾ ਦੇ ਨਾਲ ਇਸ ਦੁਨੀਆਂ ਨੂੰ ਰੁਸ਼ਨਾਉਂਦੀ ਹੈ ।
ਇਤਿਹਾਸ ਵਿੱਚ ਸਭ ਤੋਂ ਵੱਧ ਯੋਗਦਾਨ ਅਧਿਆਪਕ ਵਰਗ ਦਾ ਹੀ ਹੁੰਦਾ ਹੈ। ਅਜਿਹੇ ਕਈ ਉਦਾਹਰਨ ਹਨ ਜਿਹੜੇ ਸਿੱਖਿਅਕ ਦੇ ਪ੍ਰਤੱਖ ਰੂਪ ਨੂੰ ਵਧਾਉਂਦੇ ਹਨ। ਇਸ ਲਈ ਤਾਂ ਸਾਡੀ ਸਿੱਖਿਆ ਵਿਵਸਥਾ ਵਿਚ ਅੱਜ ਉਨ੍ਹਾਂ ਮਹੱਤਵਪੂਰਨ ਇਤਿਹਾਸਕ ਘਟਨਾਵਾਂ ਦਾ ਜ਼ਿਕਰ ਅਕਸਰ ਹੀ ਕੀਤਾ ਜਾਂਦਾ ਹੈ ਜਿਨ੍ਹਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਹੁਣ ਵੀ ਅਜਿਹੇ ਅਧਿਆਪਕ ਹਨ ਜਿਹੜੇ ਆਪਣੀ ਸਾਰੀ ਉਮਰ ਸਿੱਖਿਆ ਦੇ ਖੇਤਰ ਨੂੰ ਹੋਰ ਬਿਹਤਰ ਤੇ ਉਸਾਰੂ ਕਰਨ ਲਈ ਹਮੇਸ਼ਾਂ ਤੱਤਪਰ ਅਤੇ ਸਮਰਪਿਤ ਰਹਿੰਦੇ ਹਨ। ਅਧਿਆਪਕ ਸਮਾਜੀਕਰਨ ਪ੍ਰਕਿਰਿਆ ਦੀ ਨੀਂਹ ਹੈ। ਜਿਸ ਤਰ੍ਹਾਂ ਦੀ ਨੀਂਹ ਹੋਵੇਗੀ, ਉਸ ਤਰ੍ਹਾਂ ਦੀ ਹੀ ਇਮਾਰਤ ਦੀ ਮਜ਼ਬੂਤੀ ਹੋਵੇਗੀ ਅਤੇ ਜਿਸ ਤਰ੍ਹਾਂ ਦੀ ਇਮਾਰਤ ਹੋਵੇਗੀ, ਉਸ ਤਰ੍ਹਾਂ ਦੀ ਹੀ ਸੱਭਿਅਤਾ ਹੋਵੇਗੀ।
ਜੇਕਰ ਅਸੀਂ ਚੰਗੀ ਸੱਭਿਅਤਾ ਸਥਾਪਤ ਕਰਨੀ ਹੈ ਤਾਂ ਸਾਨੂੰ ਅਧਿਆਪਕ ਪ੍ਰਣਾਲੀ ਚੰਗੀ ਬਨਾਉਣ ਦੀ ਲੋੜ ਹੈ। ਇੱਕ ਚੰਗਾ ਅਧਿਆਪਕ ਹਮੇਸ਼ਾਂ ਆਪਣੇ ਵਿਦਿਆਰਥੀਆਂ ਵਿੱਚ ਹਰਮਨ ਪਿਆਰਾ ਬਣਿਆ ਰਹਿੰਦਾ ਹੈ ਜੋ ਔਖੇ ਸੁਆਲਾਂ ਨੂੰ ਵੀ ਸੌਖੇ ਢੰਗ ਨਾਲ ਬੱਚਿਆਂ ਨੂੰ ਸਮਝਾਉਣ ਵਿੱਚ ਸਫਲ ਹੋ ਜਾਂਦਾ ਹੈ। ਇਸ ਦੇ ਨਾਲ ਹੀ ਹੁਸ਼ਿਆਰ ਬੱਚਿਆਂ ਨੂੰ ਸਮਝਾਉਣਾ/ਪੜਾਉਣਾ ਭਾਵੇਂ ਕਿ ਸੌਖਾ ਕੰਮ ਹੁੰਦਾ ਹੈ, ਪਰ ਕਮਜ਼ੋਰ ਵਿਦਿਆਰਥੀਆਂ ਵੱਲ ਉਚੇਚਾ ਧਿਆਨ ਦੇ ਕੇ ਪਿਆਰ, ਲਗਨ, ਮਿਹਨਤ ਨਾਲ ਉਹਨਾਂ ਨੂੰ ਵੀ ਕਾਬਿਲ ਵਿਦਿਆਰਥੀਆਂ ਦੀ ਕਤਾਰ ਵਿੱਚ ਖੜ੍ਹਾ ਕਰਨ ਵਾਲਾ ਅਧਿਆਪਕ ਸਹੀ ਮਾਅਨਿਆਂ ਵਿੱਚ ਆਪਣੇ ਕਿੱਤੇ ਨਾਲ ਇਨਸਾਫ ਕਰ ਪਾਉਂਦਾ ਹੈ।
ਵਿਦਿਆਰਥੀਆਂ ਦੇ ਮਨਾਂ ਅੰਦਰ ਉਤਸ਼ਾਹ, ਆਤਮ-ਵਿਸ਼ਵਾਸ਼, ਦਿਲਚਸਪੀ ਪੈਦਾ ਕਰਨ ਦੀਆਂ ਅਹਿਮ ਜਿੰਮੇਵਾਰੀਆਂ ਨਿਭਾਉਣਾ ਅਧਿਆਪਕ ਦੇ ਹਿੱਸੇ ਵਿੱਚ ਆਉਂਦਾ ਹੈ ਅਤੇ ਇਹੀ ਕਾਰਣ ਹੈ ਕਿ ਅਧਿਆਪਕ ਨੂੰ ਸਮਾਜ ਸਿਰਜਕ ਕਿਹਾ ਜਾਂਦਾ ਹੈ।
ਅਧਿਆਪਕ ਅਤੇ ਵਿਦਿਆਰਥੀ ਦੇ ਰਿਸ਼ਤਾ ਮਨੁੱਖ ਜਿੰਦਗੀ ਵਿੱਚਲੇ ਅਹਿਮ ਰਿਸ਼ਤਿਆਂ ਵਿੱਚੋਂ ਹੁੰਦਾ ਹੈ। ਹਰ ਅਧਿਆਪਕ ਲਈ ਜ਼ਰੂਰੀ ਹੈ ਕਿ ਬੱਚਿਆਂ ਦੇ ਮਨਾਂ ਅੰਦਰ ਵਿੱਦਿਆ ਪ੍ਰਤੀ ਚਾਨਣ ਪੈਦਾ ਕਰਨ ਦੇ ਨਾਲ ਨਾਲ ਨੈਤਿਕ ਗੁਣ ਪੈਦਾ ਕੀਤੇ ਜਾਣ। ਕਮਜ਼ੋਰ ਵਿਦਿਆਰਥੀਆਂ ਦੀ ਮਦਦ ਲਈ ਹਮੇਸ਼ਾ ਤਿਆਰ ਰਿਹਾ ਜਾਵੇ।
ਵਿਦਿਆਰਥੀਆਂ ਅੰਦਰ ਚੰਗੇ ਸਦਾਚਾਰਕ ਗੁਣ ਪੈਦਾ ਕਰਨ ਲਈ ਅਧਿਆਪਕ ਦਾ ਕਿਰਦਾਰ ਉਸਦੇ ਵਿਦਿਆਰਥੀ ਲਈ ਸਭ ਤੋਂ ਪਹਿਲਾਂ ਪ੍ਰੇਰਣਾ ਸਰੋਤ ਬਣਦਾ ਹੈ।
ਇੱਕ ਸੁਹਿਰਦ ਅਧਿਆਪਕ ਬੱਚੇ ਅੰਦਰ ਲੁਕੀ ਪ੍ਰਤਿਭਾ ਨੂੰ ਪਹਿਚਾਣ ਕੇ ਉਸਦੇ ਅੰਦਰ ਉਤਸ਼ਾਹ ਪੈਦਾ ਕਰਦਾ ਹੈ। ਸਰਕਾਰ ਦੁਆਰਾ ਚੰਗੀ ਕਾਰਗੁਜ਼ਾਰੀ ਲਈ ਅਧਿਆਪਕਾ ਨੂੰ ਸਮੇਂ-ਸਮੇਂ ਸਨਮਾਨਿਤ ਕੀਤਾ ਜਾਂਦਾ ਹੈ। ਪਰ ਇੱਕ ਅਧਿਆਪਕ ਹਮੇਸ਼ਾ ਉਸ ਸਮੇਂ ਮਾਣ ਮਹਿਸੂਸ ਕਰਦਾ ਹੈ ਜਦੋਂ ਉਸ ਤੋਂ ਸਿੱਖਿਆ ਪ੍ਰਾਪਤ ਕਰ ਕੋਈ ਵਿਦਿਆਰਥੀ ਕਿਸੇ ਉੱਚ ਅਹੁਦੇ ਤੇ ਪਹੁੰਚ ਜਾਂਦਾ ਹੈ ਜਾਂ ਸਮਾਜ ਵਿੱਚ ਵਿਚਰਦਿਆਂ ਆਪਣੀ ਇੱਕ ਵੱਖਰੀ ਪਹਿਚਾਣ ਸਥਾਪਿਤ ਕਰਦਾ ਹੈ।
ਕੋਈ ਵੀ ਸਖ਼ਸ਼ ਜੇਕਰ ਆਪਣੇ ਪਿਛੋਕੜ ਵੱਲ ਝਾਤ ਮਾਰੇ ਤਾਂ ਉਸ ਨੂੰ ਇਹ ਅਹਿਸਾਸ ਸਹਿਜੇ ਹੀ ਹੋ ਜਾਵੇਗਾ ਕਿ ਅੱਜ ਉਹ ਜਿਸ ਮੁਕਾਮ ‘ਤੇ ਵੀ ਹੈ ਉੱਥੇ ਪਹੁੰਚਾਉਣ ਲਈ ਉਸਦੇ ਸਤਿਕਾਰਯੋਗ ਅਧਿਆਪਕਾਂ ਦਾ ਹੀ ਹੱਥ ਹੈ।
ਅਸਲ ਵਿੱਚ ਟੀਚਰ ਜਾਂ ਅਧਿਆਪਕ ਦਾ ਰੁਤਬਾ ਪਹਿਲੇ ਵਾਲਾ ਨਹੀਂ ਰਹਿ ਗਿਆ। ਏਥੇ ਏਕਲੱਵਿਆ ਨਹੀਂ ਰਹੇ ਜੋ ਆਪਣੇ ਗੁਰੂ ਦੇ ਕਹਿਣ ‘ਤੇ ਆਪਣਾ ਅੰਗੂਠਾ ਕੁਰਬਾਨ ਕਰ ਦੇਣ।
ਅੱਜ ਦੇ ਸਮੇਂ ਸਿੱਖਿਆ ਤੇ ਅਧਿਆਪਕ ਅਤੇ ਵਿਦਿਆਰਥੀ ਦੇ ਰਿਸ਼ਤੇ ਵਿੱਚ ਕਾਫ਼ੀ ਬਦਲਾਅ ਆਇਆ ਹੈ।
ਅੱਜ ਆਮ ਹੀ ਸੁਣਨ ਵਿੱਚ ਆਉਂਦਾ ਹੈ ਕਿ ਅਧਿਆਪਕ ਨੇ ਕਿਸੇ ਵਿਦਿਆਰਥੀ ਨੂੰ ਝਿੜਕਿਆ ਜਾਂ ਮਾਰਿਆ ਤੇ ਬਦਲੇ ਵਿੱਚ ਵਿਦਿਆਰਥੀ ਨੇ ਅਧਿਆਪਕ ਨੂੰ ਕੁੱਟ ਸੁਟਿਆ।
ਅੱਜ ਵਿਦਿਆਰਥੀਆਂ ਵਿੱਚ ਸਤਿਕਾਰ ਦੀ ਭਾਵਨਾ ਅਲੋਪ ਹੋ ਗਈ ਹੈ ਅਤੇ ਵਿਦਿਆਰਥੀਆਂ ਦੇ ਮਨ ਵਿੱਚ ਹਿੰਸਕ ਭਾਵਨਾ ਭਾਰੂ ਹੋ ਗਈ ਹੈ।
ਅਧਿਆਪਕ ਵਿਦਿਆਰਥੀ ਦੇ ਰਿਸ਼ਤੇ ਵਿੱਚ ਆਪਸੀ ਸਮਝ, ਪਿਆਰ ਤੇ ਸਤਿਕਾਰ ਦੀ ਭਾਵਨਾ ਦਾ ਅੰਤ ਹੋ ਚੁੱਕਾ ਹੈ। ਇੱਥੇ ਪ੍ਰਸ਼ਨ ਇਹ ਪੈਦਾ ਹੁੰਦਾ ਹੈ ਕਿ ਕੀ ਇੱਕ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਕਿਸੇ ਗ਼ਲਤ ਗੱਲ ਤੋਂ ਵਰਜ਼ ਨਹੀਂ ਸਕਦਾ? ਕੀ ਅਧਿਆਪਕ ਨੂੰ ਆਪਣੀਆਂ ਅੱਖਾਂ ਅੱਗੇ ਕੁਝ ਵੀ ਗ਼ਲਤ ਹੋਇਆ ਦੇਖ ਕੇ ਉਸ ਨੂੰ ਅਣਦੇਖਿਆ ਕਰਨਾ ਚਾਹੀਦਾ ਹੈ? ਸੱਚ ਤਾਂ ਇਹ ਕਿ ਬਹੁਤੇ ਅਧਿਆਪਕ ਇਸੇ ਤਰ੍ਹਾਂ ਹੀ ਕਰਦੇ ਹਨ । ਉਹ ਬੱਚਿਆਂ ਨੂੰ ਘੱਟ-ਵੱਧ ਹੀ ਕੁਝ ਕਹਿੰਦੇ ਹਨ।
ਅਮੀਰ ਪਰਿਵਾਰਾਂ ਦੇ ਵਿਦਿਆਰਥੀ ਤਾਂ ਅਧਿਆਪਕ ਦੀ ਆਖੀ ਸੁਣਨ ਦੀ ਥਾਂ ਆਪਣੇ ਪੈਸੇ ਦਾ ਦਿਖਾਵਾ ਕਰਨ ਵਿੱਚ ਹੀ ਉਲਝੇ ਰਹਿੰਦੇ ਹਨ। ਹੁਣ ਇਹ ਵੀ ਦੇਖਣ ਵਿੱਚ ਆਇਆ ਹੈ ਕਿ ਬਹੁਤੇ ਮਾਪੇ ਵੀ ਇਸ ਗੱਲ ਦੇ ਖ਼ਿਲਾਫ਼ ਹਨ ਕਿ ਉਨ੍ਹਾਂ ਦੇ ਬੱਚੇ ਨੂੰ ਅਧਿਆਪਕ ਝਿੜਕਦਾ ਕਿਉਂ ਹੈ ਜਾਂ ਕਿਸੇ ਗੱਲ ਤੋਂ ਰੋਕ-ਟੋਕ ਕਿਉਂ ਕਰਦਾ ਹੈ।
ਇਹ ਵਰਤਾਰਾ ਉਹ ਨੌਜਵਾਨਾਂ ਦੇ ਭਵਿੱਖ ਲਈ ਠੀਕ ਨਹੀਂ।
ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਵਿਦਿਆਰਥੀਆਂ ਅੰਦਰ ਇਹ ਭਾਵਨਾ ਪੈਦਾ ਕਰਨ ਕਿ ਅਧਿਆਪਕਾ ਨੂੰ ਵੀ ਮਾਪਿਆਂ ਸਮਾਨ ਸਮਝਿਆ ਜਾਵੇ ਅਤੇ ਉਹਨਾਂ ਦੀ ਹਰ ਗੱਲ ਮੰਨੀ ਜਾਵੇ ਅਤੇ ਦਿਲ ਤੋ ਸਤਿਕਾਰ ਕੀਤਾ ਜਾਵੇ ।
ਵਿਦਿਆਰਥੀਆਂ ਨੂੰ ਇਹ ਚਾਹੀਦਾ ਹੈ ਕਿ ਆਪਣੇ ਅਧਿਆਪਕਾਂ ਦੀ ਕਿਸੇ ਵੀ ਝਿੜਕ ਦਾ ਗੁੱਸਾ ਨਾ ਕੀਤਾ ਜਾਵੇ, ਜੇਕਰ ਅਧਿਆਪਕ ਤੁਹਾਨੂੰ ਝਿੜਕ ਜਾਂ ਘੂਰ ਰਿਹਾ ਹੈ ਤਾਂ ਸਮਝੋ ਉਹ ਝਿੜਕਾਂ ਤੁਹਾਡੇ ਚੰਗੇਰੇ ਭਵਿੱਖ ਲਈ ਨਿੰਮ ਦੇ ਕੋੜੇ ਪੱਤਿਆਂ ਸਮਾਨ ਭੂਮਿਕਾ ਨਿਭਾਉਣਗੀਆਂ।

ਰਾਜਬੀਰ ਕੌਰ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੁੱਬਲੀ