ਸ਼ਬਦ ਸਜਾ ਕੇ ਜੀਵਨ ਦੇ ਫਿਰ ਅਰਥ ਬਣਾਉਣੇਂ ਪੈਂਦੇ ਨੇ।
ਤੇਲ ’ਚ ਬੱਤੀ ਪਾ ਕੇ ਹੀ ਫਿਰ ਦੀਪ ਜਗਾਉਣੇਂ ਪੈਂਦੇ ਨੇ।
ਹਾਲਾਤਾਂ ਦੀ ਕਸਵੱਟੀ ਤੇ ਜਦ ਪੈਣ ਵਿਛੋੜੇ ਸਜਣਾਂ ਦੇ,
ਮੁੱਖ ਤੇ ਹਾਸੇ ਰਖ ਕੇ ਹਝੂੰ ਦਿਲ ’ਚ ਛੁਪਾਉਣੇਂ ਪੈਂਦੇ ਨੇ।
ਮਿਹਨਤ ਵਾਲੇ ਸਖ਼ਤ ਇਰਾਦੇ ਹੀ ਮੰਜ਼ਿਲ ਨੂੰ ਚੁੰਮਦੇ ਨੇ,
ਖ਼ੁਸ਼ਬੂ ਜੇਕਰ ਲੈਂਣੀਂ ਏਂ ਤਾਂ ਫੁੱਲ ਉਗਾਉਣੇਂ ਪੈਂਦੇ ਨੇ।
ਨੇਰ੍ਹੇ ਵਾਲੀ ਬਸਤੀ ਅੰਦਰ ਐਵੇਂ ਲੋਅ ਨਈ ਮਿਲਦੀ ਫਿਰ,
ਕੱਲੇ-ਕੱਲ ਤਾਰੇ ਦੇ ਨਾਲ ਚੰਨ ਚੁਰਾਉਣੇਂ ਪੈਂਦੇ ਨੇ।
ਇੱਥ ਥਕਾਵਟ ਪਿੱਛੋਂ ਹੀ ਮਿਲਦੀ ਤੜਕ ਸਵੇਰੇ ਦੀ ਲੋਅ,
ਮੰਜ਼ਿਲ ਜੇਕਰ ਪਾਉਣੀਂ ਏਂ ਤਾਂ ਕਦਮ ਗਵਾਉਣੇਂ ਪੈਂਦੇ ਨੇ।
ਨੇਰ੍ਹੀ ਚੱਖੜ੍ਹ ਤੂਫ਼ਾਨਾਂ ਵਿਚ ਬੇੜੀ ਕੰਮ ਨਹੀਂ ਆਉਂਦੀ,
ਦਰਿਆਵਾਂ ਨੂੰ ਪਾਰ ਕਰਨ ਲਈ ਪੁੱਲ ਬਣਾਉਣੇਂ ਪੈਂਦੇ ਨੇ।
ਮਹਿਫ਼ਲ ਐਵੇਂ ਕੈਵੇਂ ਤਾਂ ਨਈਂ ਰੌਣਕ ਦੀ ਪਹਿਚਾਣ ਬਣੇਂ,
ਅਹਿਸਾਸਾਂ ਦੀ ਕੀਮਤ ਦੇ ਕੇ ਯਾਰ ਬੁਲਾਉਣੇਂ ਪੈਂਦੇ ਨੇ।
ਖ਼ੁਸ਼ੀਆਂ ਵਾਲੇ ਮੌਸਮ ਜਦ ਖ਼ੁਸ਼ ਬੂਆ ਦੇ ਰੰਗ ਬਿਖੇਰਨ,
ਘਰ ਦੇ ਬਾਹਰ ਸੁੰਦਰ ਬੰਦਨ ਵਾਰ ਸਜਾਉਣੇਂ ਪੈਂਦੇ ਨੇ।
ਮਹਿਫ਼ਲ ਲੁੱਟ ਕੇ ਆਉਣਾ ਬਾਲਮ ਹਰ ਇਕ ਦਾ ਕੰਮ ਹੁੰਦਾ ਨਈਂ,
ਤਨ ਦੀ ਅਗਨੀ ਨਾਲ ਚੁਨਿੰਦਾ ਸ਼ਿਅਰ ਸੁਣਾਉਣੇਂ ਪੈਂਦੇ ਨੇ।
ਬਲਵਿੰਦਰ ਬਾਲਮ ਗੁਰਦਾਸਪੁਰ
ਉਂਕਾਰ ਨਗਰ ਗੁਰਦਾਸਪੁਰ ਪੰਜਾਬ
ਮੋ. 98156-25409