ਕੁਝ ਖਾਸ ਖਾਸ ਪੌਦਿਆਂ ਦੇ ਵੱਖ ਵੱਖ ਹਿੱਸਿਆਂ ਜਿਵੇਂ ਪੱਤੇ, ਫਲ, ਬੀਜ, ਆਦਿ ਖਾਣ ਦੇ ਅਕਸਰ ਲਾਭ ਦੱਸੇ ਜਾਂਦੇ ਹਨ, ਪਰ ਬਹੁਤੀ ਵਾਰ ਇਨ੍ਹਾਂ ਨੂੰ ਬਹੁਤ ਵਧਾਅ ਚੜ੍ਹਾ ਕੇ ਦੱਸਿਆ ਜਾਂਦਾ ਹੈ। ਜਿਵੇਂ ਕੁਝ ਸਾਲ ਪਹਿਲਾਂ ਕਣਕ ਦੇ ਪੌਦੇ ਦਾ ਜੂਸ ਕੱਢ ਕੇ ਪੀਣ ਦਾ ਬਹੁਤ ਰਿਵਾਜ ਚੱਲਿਆ ਸੀ। ਇਸ ਨੂੰ ਕੈਂਸਰ ਤੋਂ ਲੈ ਕੇ ਹਰ ਬਿਮਾਰੀ ਦਾ ਇਲਾਜ ਦੱਸਿਆ ਗਿਆ। ਇਹ ਠੀਕ ਹੈ ਕਿ ਬਹੁਤ ਸਾਰੀਆਂ ਜੜ੍ਹੀਆਂ ਬੂਟੀਆਂ ਦਾ ਸਰੀਰ ਉੱਤੇ ਚੰਗਾ ਮਾੜਾ ਅਸਰ ਹੁੰਦਾ ਹੈ ਪਰ ਸਾਨੂੰ ਉਨ੍ਹਾਂ ਦੇ ਵਿਗਿਆਨਕ ਆਧਾਰ ਬਾਰੇ ਜਾਣਕਾਰੀ ਹੋਣੀ ਜ਼ਰੂਰੀ ਹੈ। ਫਿਰ ਹੀ ਅਸੀਂ ਉਨ੍ਹਾਂ ਦੀ ਵਰਤੋਂ ਕਰਨ ਜਾਂ ਨਾ-ਕਰਨ ਬਾਰੇ ਸਹੀ ਫੈਸਲਾ ਲੈ ਸਕਦੇ ਹਾਂ। ਇਹ ਪਤਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਵਿੱਚ ਕਿਹੜੇ ਕਿਹੜੇ ਤੱਤ ਹਨ ਅਤੇ ਉਨ੍ਹਾਂ ਦਾ ਸਰੀਰ ਉੱਤੇ ਕੀ ਅਸਰ ਪੈਂਦਾ ਹੈ। ਤਰਕਸ਼ੀਲ ਮੈਗਜ਼ੀਨ ਵਿੱਚ ਇਸ ਵਿਸ਼ੇ ਬਾਰੇ ਮਾਹਿਰਾਂ ਨਾਲ ਸੰਪਰਕ ਕਰਕੇ ਵਿਗਿਆਨਕ ਨਜ਼ਰੀਏ ਤੋਂ ਜਾਣਕਾਰੀ ਦੇਣੀ ਸ਼ੁਰੂ ਕੀਤੀ ਹੈ ਤਾਂ ਜੋ ਲੋਕ ਇਨ੍ਹਾਂ ਬਾਰੇ ਸੁਣੀਆਂ ਸੁਣਾਈਆਂ ਗੱਲਾਂ ਜਾਂ ਸੋਸ਼ਲ ਮੀਡੀਏ ‘ਤੇ ਪਾਈਆਂ ਜਾਂਦੀਆਂ ਪੋਸਟਾਂ ਉੱਤੇ ਹੀ ਨਿਰਭਰ ਨਾ ਰਹਿਣ। ਤੁਹਾਡੇ ਨਾਲ ਅਲਸੀ ਬਾਰੇ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ,ਇਹ ਜਾਣਕਾਰੀ ਦੇਣ ਵਾਲੇ ਮਾਹਿਰ ਡਾ. ਨਵਤੇਜ ਸਿੰਘ, ਐੱਮ.ਡੀ. ਪੈਥੋਲੋਜੀ (M.D. Pathology) ਹਨ ਅਤੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਫ਼ਰੀਦਕੋਟ ਵਿਖੇ ਪੈਥੋਲੋਜੀ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਰਹੇ ਹਨ।
ਇੱਕ ਵਧੀਆ ਖੁਰਾਕ ਵਜੋਂ ਅਲਸੀ ਦੀ ਵਰਤੋਂ ਸੈਂਕੜੇ ਸਾਲਾਂ ਤੋਂ ਕੀਤੀ ਜਾਂਦੀ ਰਹੀ ਹੈ। ਅੱਜ ਵੀ ਇਸ ਨੂੰ ਸਰਵੋਤਮ ਖਾਣਯੋਗ ਪਦਾਰਥ ਮੰਨਿਆ ਗਿਆ ਹੈ। ਅਲਸੀ ਬੀਜ (FLAXSEEDS) ਨੂੰ ਲਿਨਸੀਡ ਵੀ ਕਿਹਾ ਜਾਂਦਾ ਹੈ। ਆਓ ਵੇਖੀਏ ਕਿ ਇਸ ਵਿੱਚ ਸਰੀਰ ਲਈ ਅਜਿਹੇ ਕਿਹੜੇ ਲਾਭਦਾਇਕ ਪਦਾਰਥ ਹੁੰਦੇ ਹਨ।
* ਅਲਸੀ ਬੀਜ ਓਮੇਗਾ-3 ਫੈਟੀ ਐਸਿਡ (Omega-3 fatty acid) ਖਾਸ ਕਰਕੇ ਐਲਫਾ ਲਾਈਨੋਲੇਨਿਕ ਐਸਿਡ (Alpha Linolenic Acid – ALA) ਦੇ ਸਭ ਤੋਂ ਵਧੀਆ ਸਰੋਤਾਂ ਵਿੱਚੋਂ ਇੱਕ ਹਨ। ਉਪਰੋਕਤ ਤੋ ਇਲਾਵਾ ਇਹ ਲਿਗਨੇਨ (lignans), ਫਾਈਬਰ (Dietary fibre), ਪ੍ਰੋਟੀਨ, ਕੁਝ ਵਿਟਾਮਿਨ ਅਤੇ ਮਿਨਰਲਜ਼ ਦਾ ਵੀ ਚੰਗਾ ਸਰੋਤ ਹਨ।
* ਇਹ ਆਮ ਤੌਰ ‘ਤੇ ਭੂਰੇ ਜਾਂ ਸੁਨਹਿਰੀ ਪੀਲੇ ਰੰਗ ਦੇ ਹੁੰਦੇ ਹਨ। ਸੁਨਹਿਰੀ ਫਲੈਕਸੀਡ ਵਿੱਚ ALA ਦੀ ਮਾਤਰਾ ਵੱਧ ਹੁੰਦੀ ਹੈ ਪਰ ਸਿਹਤ ਲਈ ਦੋਨੋ ਹੀ ਫਾਇਦੇਮੰਦ ਹਨ।
* ਫਲੈਕਸੀਡ ਜਦੋਂ ਪੀਸ ਕੇ ਖਾਓ ਤਾਂ ਉਹ ਆਪਣੀ ਪੂਰੀ ਪੌਸ਼ਟਿਕਤਾ ਦਿੰਦੇ ਹਨ ਕਿਉਂਕਿ ਜੇ ਇਹ ਪੂਰੇ ਹੀ ਖਾਧੇ ਜਾਣ ਤਾਂ ਇਹ ਭੋਜਨ-ਨਲੀ ਵਿੱਚੋਂ ਬਿਨਾਂ ਪਚੇ ਹੋਏ ਲੰਘ ਜਾਂਦੇ ਹਨ ਅਤੇ ਸਰੀਰ ਨੂੰ ਇਨ੍ਹਾਂ ਵਿਚਲੇ ਤੱਤ ਮਿਲਦੇ ਨਹੀਂ। ਜਦੋਂ ਫਲੈਕਸੀਡ ਨੂੰ ਪੀਸਿਆ ਜਾਂਦਾ ਹੈ ਤਾਂ ਇਹਦੀ ਬਣਾਵਟ ਮੱਕੀ ਦੇ ਆਟੇ ਵਰਗੀ ਬਣ ਜਾਂਦੀ ਹੈ ਤੇ ਇਸਨੂੰ “ਫਲੈਕਸ ਮੀਲ” (flaxmeal) ਵੀ ਕਿਹਾ ਜਾਂਦਾ ਹੈ।
ਅਲਸੀ ਦੇ ਸਿਹਤ ਸਬੰਧੀ ਲਾਭ
- ਦਿਲ ਦੀ ਸਿਹਤ ‘ਚ ਲਾਭਕਾਰੀ :
ਅਲਸੀ ਦੇ ਤੇਲ ਵਿੱਚ ਹਾਈ ਕੋਲੇਸਟਰੋਲ ਅਤੇ ਖੂਨ-ਨਸਾਂ (Blood vessels) ਦੀ ਸੋਜ ਨੂੰ ਘਟਾਉਣ ਵਾਲੀਆਂ ਖ਼ਾਸੀਅਤਾਂ ਹੁੰਦੀਆਂ ਹਨ ਜੋ ਕਿ ਦਿਲ ਦੀਆਂ ਖੂਨ-ਨਸਾਂ ਲਈ ਸਿਹਤਮੰਦ ਹੁੰਦਾ ਹੈ ।
ਇਹ ਕੋਲੇਸਟਰੋਲ ਨੂੰ ਘਟਾ ਕੇ ਖੂਨ ਦੀਆਂ ਨਸਾਂ ਵਿੱਚ ਚਰਬੀ ਦੇ ਜਮ੍ਹਾਂ ਹੋਣ ਨੂੰ ਰੋਕਦਾ ਹੈ ਤੇ ਦਿਲ ਦੀਆਂ ਬੀਮਾਰੀਆਂ ਜਿਵੇਂ ਕਿ ਐਥਰੋਸਕਲੇਰੋਸਿਸ (Atherosclerosis) ਨੂੰ ਰੋਕਣ ਵਿੱਚ ਮਦਦਗਾਰ ਹਨ। ਇਥੇ ਇਹ ਜਾਣਨਾ ਜ਼ਰੂਰੀ ਹੈ ਕਿ Atherosclerosis ਹੀ ਦਿਲ ਨੂੰ ਖੂਨ ਸਪਲਾਈ ਕਰਨ ਵਾਲੀਆਂ ਰਕਤ ਨਸਾਂ ਬੰਦ ਹੋਣ ਦਾ ਮੁੱਖ ਕਾਰਨ ਹੈ ਅਤੇ ਅੱਜ ਕੱਲ੍ਹ ਹੋ ਰਹੀਆਂ ਦਿਲ ਦੀਆਂ ਬੀਮਾਰੀਆਂ ਲਈ ਮੁੱਖ ਤੌਰ ਤੇ ਜ਼ਿੰਮੇਂਵਾਰ ਹੈ।
ਉਪਰੋਕਤ ਰੋਲ ਲਈ ਅਲਫ਼ਾ-ਲਿਨੋਲਿਕ ਐਸਿਡ (ALA) ਬਹੁਤ ਮਹੱਤਵਪੂਰਨ ਹੈ ਜੋ ਕਿ ਇੱਕ ਜ਼ਰੂਰੀ ਫੈਟੀ ਐਸਿਡ (Essential Fatty Acid) ਹੈ। ਸਾਡਾ ਜਿਗਰ ਇਸ ਨੂੰ ਤਿਆਰ ਨਹੀਂ ਕਰ ਸਕਦਾ, ਸੋ ਇਸਨੂੰ ਖੁਰਾਕ ਵਿੱਚ ਲੈਣਾ ਪੈਂਦਾ ਹੈ ਅਤੇ ਅਲਸੀ ਵਿੱਚ ਇਸਦੀ ਭਰਪੂਰ ਮਾਤਰਾ ਹੁੰਦੀ ਹੈ। - ਹਾਜ਼ਮੇ ਵਿੱਚ ਮਦਦਗਾਰ
- ਅਲਸੀ ਵਿੱਚ ਕਾਫੀ ਮਾਤਰਾ ਵਿੱਚ ਘੁਲਣਸ਼ੀਲ ਤੇ ਅਘੁਲਣਸ਼ੀਲ ਫਾਈਬਰ ਮੌਜੂਦ ਹੁੰਦੇ ਹਨ ਹੈ ਜੋ ਹਾਜਮੇ ਦੀ ਪ੍ਰਕਿਰਿਆ ਨੂੰ ਸੁਧਾਰਦੇ ਹਨ।
ਇਹ ਫਾਈਬਰ ਪੇਟ ਦੀ ਗਤੀਵਿਧੀ ਨੂੰ ਠੀਕ ਰੱਖਣ ਵਿੱਚ ਮਦਦ ਕਰਦੇ ਹਨ, ਕਬਜ਼ ਨੂੰ ਦੂਰ ਕਰਦੇ ਹਨ ਅਤੇ ਅੰਤੜੀਆਂ ਵਿੱਚ ਮੌਜੂਦ ਚੰਗੇ ਬੈਕਟੀਰੀਆ ਦੀ ਗਿਣਤੀ ਵਧਾਉਂਦੇ ਹਨ। ਅੰਤੜੀਆਂ ‘ਚ ਮੌਜੂਦ ਇਹ ਚੰਗੇ ਬੈਕਟੀਰੀਆ ਸਾਨੂੰ ਸਿਹਤਯਾਬ ਰੱਖਣ ਵਿੱਚ ਵਡਾ ਰੋਲ ਅਦਾ ਕਰਦੇ ਹਨ।
ਉਪਰੋਕਤ ਫਾਈਬਰ ਅੰਤੜੀਆਂ ਦੇ ਜ਼ਖਮਾਂ ਵਾਲੀਆਂ ਬਿਮਾਰੀਆਂ (Crohn’s disease) ‘ਚ ਵੀ ਲਾਭਕਾਰੀ ਹਨ।
ਘੁਲਣਸ਼ੀਲ ਫਾਈਬਰ ਪਾਣੀ ਨਾਲ ਮਿਲਕੇ ਜੈੱਲ ਵਰਗਾ ਮਾਦਾ ਬਣਾਉਂਦਾ ਹੈ ਅਤੇ ਇਹ ਅੰਤੜੀ ਵਿਚੋਂ ਚਰਬੀ ਤੇ ਸ਼ੂਗਰ ਹਜ਼ਮ ਹੋਣ ਦੀ ਪ੍ਰਕਿਰਿਆ ਨੂੰ ਹੌਲੀ ਕਰਦਾ ਹੈ ਅਤੇ ਇਸ ਤਰ੍ਹਾਂ ਖ਼ੂਨ ਦੇ ਕੋਲੇਸਟਰੋਲ ਤੇ ਸ਼ੂਗਰ ਲੈਵਲ ਨੂੰ ਸਥਿਰ ਰੱਖਣ ਵਿੱਚ ਮਦਦ ਕਰਦਾ ਹੈ।
ਦੂਜੇ ਪਾਸੇ ਅਘੁਲਣਸ਼ੀਲ ਫਾਈਬਰ ਪਾਣੀ ਖਿੱਚਦਾ ਹੈ ਤੇ ਟੱਟੀ (stool) ਨਰਮ ਕਰਕੇ ਕਬਜ਼ੀ ਹਟਾਉਂਦਾ ਹੈ।
ਉਪਰੋਕਤ ਦੇ ਨਾਲ ਨਾਲ ਫਾਈਬਰ ਭੋਜਨ ਪ੍ਰਣਾਲੀ ਦੀ ਅੰਦਰਲੀ ਪਰਤ (Intestinal lining) ਨੂੰ ਸੁਰੱਖਿਅਤ ਕਰਦੀ ਹੈ ਤੇ ਸੋਜਿਸ਼ ਨੂੰ ਘਟਾਉਂਦੀ ਹੈ।
- ਅਲਸੀ ਵਿੱਚ ਕਾਫੀ ਮਾਤਰਾ ਵਿੱਚ ਘੁਲਣਸ਼ੀਲ ਤੇ ਅਘੁਲਣਸ਼ੀਲ ਫਾਈਬਰ ਮੌਜੂਦ ਹੁੰਦੇ ਹਨ ਹੈ ਜੋ ਹਾਜਮੇ ਦੀ ਪ੍ਰਕਿਰਿਆ ਨੂੰ ਸੁਧਾਰਦੇ ਹਨ।
- ਕੈਂਸਰ ਦੇ ਖ਼ਤਰੇ ਨੂੰ ਘਟਾਉਂਦੀ ਹੈ ਅਲਸੀ ਵਿੱਚ ਪਾਏ ਜਾਣ ਵਾਲੇ ਲਿਗਨੇਨ (Lignans) ਕੈਂਸਰ ਦੇ ਖ਼ਤਰੇ ਨੂੰ ਘਟਾ ਸਕਦੇ ਹਨ। ਲਿਗਨੇਨ ਪੌਦਿਆਂ ਦੇ ਫਾਈਬਰ ਵਰਗੇ ਹਿੱਸੇ ਹੁੰਦੇ ਹਨ ਅਤੇ ਇਹਨਾਂ ਵਿੱਚ ਈਸਟਰੋਜਨ (Estrogen hormone) ਵਰਗੇ ਗੁਣ ਹੁੰਦੇ ਹਨ। ਅਲਸੀ ਦੇ ਬੀਜਾਂ ਵਿੱਚ ਹੋਰ ਕਿਸੇ ਵੀ ਪੌਦੇ ਦੀ ਤੁਲਨਾ ਵਿੱਚ ਲਗਭਗ 800 ਗੁਣਾ ਵੱਧ ਲਿਗਨੇਨ ਹੁੰਦੇ ਹਨ।
- ਅਧਿਐਨ ਦੱਸਦੇ ਹਨ ਕਿ ਪੌਦਾ-ਅਧਾਰਿਤ ਈਸਟਰੋਜਨ (Estrogen) ਮਨੁੱਖੀ ਈਸਟਰੋਜਨ ਦੇ ਪ੍ਰਭਾਵ ਨੂੰ ਰੋਕਦੇ ਹਨ ਅਤੇ ਇਸ ਨਾਲ ਈਸਟਰੋਜਨ-ਅਧਾਰਿਤ ਛਾਤੀ ਅਤੇ ਬੱਚੇਦਾਨੀ ਦੇ ਕੈਂਸਰ ਦਾ ਖਤਰਾ ਘਟਾਉਂਦੇ ਹਨ।
- ਇਹ ਐਂਟੀਔਕਸੀਡੈਂਟ (Antioxidants) ਵਜੋਂ ਵੀ ਕੰਮ ਕਰਦੇ ਹਨ ਤੇ ਸਰੀਰ ਦੀ immunity ਚ ਵਾਧਾ ਕਰਦੇ ਹਨ ਅਤੇ ਬੁਢਾਪੇ ਨਾਲ ਸੰਬੰਧਿਤ ਅਤੇ ਲੰਬੇ ਸਮੇਂ ਦੀਆਂ ਬਿਮਾਰੀਆਂ ਤੋਂ ਬਚਾਉਂਦੇ ਹਨ।
- ਵਿਟਾਮਿਨ ਤੇ ਖਣਿਜ : ਅਲਸੀ ਵਿੱਚ ਵਿਟਾਮਿਨ ਬੀ-1(Thiamine) ਭਰਪੂਰ ਮਾਤਰਾ ‘ਚ ਹੁੰਦੇ ਹਨ ਤੇ ਇਹ ਵਿਟਾਮਿਨ ਚਰਬੀ, ਕਾਰਬੋਹਾਈਡ੍ਰੇਟਸ ਤੇ ਪ੍ਰੋਟੀਨ ਤੋਂ ਊਰਜਾ ਪੈਦਾ ਕਰਨ ਵਿੱਚ ਯੋਗਦਾਨ ਪਾਉਂਦਾ ਹੈ। ਅਲਸੀ ਬੀਜਾਂ ਵਿੱਚ ਖਣਿਜ ਪਦਾਰਥ ਜਿਵੇਂ ਕਿ ਫਾਸਫੋਰਸ, ਮੈਗਨੀਸ਼ੀਅਮ, ਆਇਰਨ, ਪੋਟਾਸ਼ੀਅਮ, ਮੈਂਗਨੀਜ਼, ਜ਼ਿੰਕ ਆਦਿ, ਜੋ ਸਰੀਰ ਦੇ ਕਈ ਅੰਗਾਂ ਦੇ ਸਹੀ ਕੰਮ ਕਰਨ ਲਈ ਜ਼ਰੂਰੀ ਹਨ, ਵੀ ਕਾਫੀ ਮਾਤਰਾ ਵਿੱਚ ਮਿਲਦੇ ਹਨ। ਵਰਤੋਂ ਦੇ ਤਰੀਕੇ
- ਪਿੰਨੀਆਂ: ਸਰਦੀਆਂ ਵਿੱਚ ਅਲਸੀ ਦੀਆਂ ਪਿੰਨੀਆਂ ਖਾਣਾ ਸਰੀਰ ਨੂੰ ਗਰਮੀ ਅਤੇ ਊਰਜਾ ਪ੍ਰਦਾਨ ਕਰਦਾ ਹੈ।
- ਸਮੂਧੀ ਜਾਂ ਦਹੀਂ ਵਿੱਚ ਮਿਲਾ ਕੇ: ਅਲਸੀ ਦੇ ਪੀਸੇ ਹੋਏ ਬੀਜਾਂ ਨੂੰ ਸਮੂਧੀ ਜਾਂ ਦਹੀਂ ਵਿੱਚ ਮਿਲਾ ਕੇ ਖਾਣਾ ਸਿਹਤ ਲਈ ਲਾਭਦਾਇਕ ਹੈ।
- ਰੋਟੀ ਦੇ ਆਟੇ ਵਿੱਚ ਮਿਲਾ ਕੇ: ਅਲਸੀ ਦੇ ਪੀਸੇ ਹੋਏ ਬੀਜਾਂ ਨੂੰ ਰੋਟੀ ਪਕਾਉਣ ਸਮੇਂ ਆਟੇ ਵਿੱਚ ਮਿਲਾ ਕੇ ਵਰਤਣਾ ਰੋਟੀ ਦੀ ਪੌਸ਼ਟਿਕਤਾ ਵਧਾਉਂਦਾ ਹੈ।
- ਗਰਭਵਤੀ ਔਰਤਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਨੂੰ ਇਹ ਖਾਣ ਤੋਂ ਗੁਰੇਜ ਕਰਨਾ ਚਾਹੀਦਾ ਹੈ ਜਾਂ ਡਾਕਟਰ ਦੀ ਸਲਾਹ ਨਾਲ ਵਰਤੋਂ ਕੀਤੀ ਜਾਵੇ।
ਸੰਖੇਪ ਵਿੱਚ:
ਅਲਸੀ ਇੱਕ ਛੋਟਾ ਜਿਹਾ ਬੀਜ ਹੈ ਪਰ ਇਸ ਵਿੱਚ ਸਿਹਤ ਲਈ ਅਨੇਕਾਂ ਲਾਭ ਛੁਪੇ ਹੋਏ ਹਨ। ਅਗਰ ਤੁਸੀਂ ਆਪਣੇ ਦਿਲ ਦੀ ਸਿਹਤ ਨੂੰ ਮਜ਼ਬੂਤ ਕਰਨਾ ਚਾਹੁੰਦੇ ਹੋ, ਅਲਸੀ ਇੱਕ ਵਧੀਆ ਚੀਜ਼ ਹੈ। ਅਲਸੀ ਇੱਕ ਸੌਖੀ, ਸਸਤੀ ਤੇ ਬੇਹੱਦ ਪੋਸ਼ਟਿਕ ਖੁਰਾਕ ਹੈ ਜੋ ਹਰ ਉਮਰ ਦੇ ਵਿਅਕਤੀ ਲਈ ਲਾਭਦਾਇਕ ਹੋ ਸਕਦੀ ਹੈ।
ਮਾਸਟਰ ਪਰਮਵੇਦ
ਜੋਨ ਜਥੇਬੰਦਕ ਮੁਖੀ
ਤਰਕਸ਼ੀਲ ਸੁਸਾਇਟੀ ਪੰਜਾਬ
9417422349