ਅਵਾਰਾ ਪਸ਼ੂਆਂ ਦਾ ਪੰਜਾਬ ਅੰਦਰ ਹਰ ਥਾਂ ਬੋਲਬਾਲਾ ਹੈ ਜੋ ਚਿੰਤਾ ਦਾ ਵਿਸ਼ਾ ਹੈ । ਪਸ਼ੂ ਧਨ ਦੇਸ਼ ਦੀ ਖੇਤੀਬਾੜੀ ਅਤੇ ਆਰਥਿਕ ਸਥਿਤੀ ਲਈ ਅਹਿਮ ਸਥਾਨ ਰੱਖਦਾ ਹੈ।ਪੰਜਾਬ ਖੇਤੀਬਾੜੀ ਪੈਦਾਵਾਰ ਲਈ ਮੋਹਰੀ ਸੂਬਾ ਹੈ ਪਰ ਅਵਾਰਾ ਡੰਗਰਾਂ ਅਤੇ ਜੰਗਲੀ ਜੀਵ ਜੰਤੂਆਂ ਦੀ ਵੱਧ ਰਹੀ ਭਰਮਾਰ ਕਿਸਾਨਾਂ ਲਈ ਮੁਸੀਬਤ ਬਣ ਗਈ ਹੈ।ਕੁਦਰਤੀ ਬਨਸਪਤੀ ਦੀ ਮਨੁੱਖ ਦੇ ਜੀਵਨ ਵਿੱਚ ਬਹੁਤ ਮਹੱਤਤਾ ਹੈ।ਜੰਗਲੀ ਜੀਵਾਂ ਦੇ ਨਾਲ ਇਸ ਦਾ ਡੂੰਘਾ ਰਿਸ਼ਤਾ ਹੈ।ਪੰਜਾਬ ਅੰਦਰ ਬਹੁਤ ਥਾਵਾਂ ਤੇ ਬੀੜਾਂ ਨੂੰ ਸੁਰੱਖਿਅਤ ਰੱਖਿਆ ਗਿਆ ਹੈ।ਇਤਿਹਾਸਕ ਸ਼ਹਿਰ ਨਾਭਾ ਦੇ ਪੂਰਬ ਵੱਲ ਬੀੜ ਦੁਸਾਂਝ ਹੈ ।ਇਸ ਵਿੱਚ ਰੋਜ,ਨੀਲ ਗਊ,ਗਿੱਦੜ,ਬਾਂਦਰ ਅਤੇ ਹੋਰ ਜੰਗਲੀ ਜਾਨਵਰ ਰਹਿੰਦੇ ਹਨ।ਅਵਾਰਾ ਤਿੱਖੇ ਤਿੱਖੇ ਸਿੰਗਾਂ ਵਾਲੀਆਂ ਗਊਆਂ,ਸਾਨ੍ਹ ਵੀ ਜੰਗਲੀ ਬਣ ਚੁੱਕੇ ਹਨ।ਜੌੜੇਪੁਲਾਂ ਘਣੀਵਾਲ,ਭੋੜੇ ਆਦਿ ਪਿੰਡਾਂ ਨੂੰ ਮਿਲਾਉਂਦੀ ਸੜਕ ਇਸ ਬੀੜ ਵਿੱਚੋਂ ਲੰਘਦੀ ਹੈ।ਸੈਂਕੜੇ ਲੋਕ ਸਵੇਰੇ ਸ਼ਾਮ ਸਰਕਾਰੀ ਮੱਝ ਫਾਰਮ ਜੋ ਇਸੇ ਸੜਕ ਤੇ ਸਥਿਤ ਹੈ ਤੋਂ ਦੁੱਧ ਲੈਣ ਜਾਂਦੇ ਹਨ ਜਿਨ੍ਹਾਂ ਨੂੰ ਡੰਗਰਾਂ ਅਤੇ ਬਾਂਦਰਾਂ ਦੇ ਝੁੰਡਾਂ ’ਚੋਂ ਲੰਘਣਾ ਮੁਸ਼ਕਲ ਹੁੰਦਾ ਹੈ।ਇਸੇ ਤਰ੍ਹਾਂ ਇਸ ਸੜਕ ਤੇ ਸੈਰ ਕਰਨ ਵਾਲਿਆਂ ਲਈ ਵੀ ਰਸਤਾ ਸੁਰੱਖਿਅਤ ਨਹੀਂ ਹੈ।ਇਸ ਸੜਕ ਤੋਂ ਲੰਘਣ ਵਾਲਿਆਂ ਦੇ ਇਨ੍ਹਾਂ ਅਵਾਰਾ ਡੰਗਰਾਂ,ਬਾਂਦਰਾਂ ਆਦਿ ਨਾਲ ਅਨੇਕਾਂ ਵਾਰੀ ਐਕਸੀਡੈਂਟ ਹੋ ਚੁੱਕੇ ਹਨ ।ਕਈ ਜਾਨਾਂ ਵੀ ਜਾ ਚੁੱਕੀਆਂ ਹਨ।ਸਕੂਲਾਂ,ਕਾਲਜਾਂ ਵਿੱਚ ਪੜ੍ਹਦੇ ਬੱਚੇ ਮਜਬੂਰੀਵਸ਼ ਰੋਜ਼ਾਨਾ ਇਥੋਂ ਦੀ ਡਰ ਡਰ ਕੇ ਲੰਘਦੇ ਹਨ।ਸਕੂਲ ,ਕਾਲਜ , ਟਿਊਸ਼ਨ ਅਤੇ ਡਿਊਟੀ ‘ਤੇ ਜਾਣ ਵਾਲੀਆਂ ਇੱਕਲੀਆਂ ਲੜਕੀਆਂ ਲਈ ਇਥੋਂ ਦੀ ਲੰਘਣਾ ਹੋਰ ਵੀ ਮੁਸ਼ਕਲ ਹੈ।ਮਾਪਿਆਂ ਦੇ ਆਪਣੇ ਬੱਚਿਆਂ ਦੇ ਸਹੀ ਸਲਾਮਤ ਘਰ ਆਉਣ ਤੱਕ ਸਾਹ ਸੂਤੇ ਰਹਿੰਦੇ ਹਨ।ਭੂਸਰੇ ਸਾਨ੍ਹ ਅਤੇ ਭੁੱਖੇ ਬਾਂਦਰ ਕਈ ਵਾਰ ਲੰਘ ਰਹੇ ਰਾਹੀਆਂ ਤੇ ਹਮਲਾ ਕਰਕੇ ਜਖ਼ਮੀ ਕਰ ਦਿੰਦੇ ਹਨ।ਬਾਂਦਰਾਂ ਨੂੰ ਖਾਣ ਲਈ ਵਸਤਾਂ ਅਤੇ ਡੰਗਰਾਂ ਲਈ ਚਾਰਾ ਅਕਸਰ ਹੀ ਲੋਕ ਸੜਕ ਦੇ ਕਿਨਾਰਿਆਂ ਤੇ ਸੁੱਟ ਜਾਂਦੇ ਹਨ ਜਿਸ ਨਾਲ ਕਈ ਵਾਰੀ ਲੰਘ ਰਹੇ ਰਾਹੀਆਂ ਦੇ ਐਕਸੀਡੈਂਟ ਹੋ ਜਾਂਦੇ ਹਨ ਕਿਉਂਕਿ ਦੂਸਰੀ ਸਾਈਡ ਤੋਂ ਭੁੱਖੇ ਬਾਂਦਰ ਅਤੇ ਡੰਗਰ ਦੌੜ ਕੇ ਖਾਣ ਲਈ ਆਉਂਦੇ ਹਨ।ਲੋਕ ਸ਼ਾਇਦ ਦਾਨ ਪੁੰਨ ਦੀ ਭਾਵਨਾ ਨਾਲ ਖਾਣ ਵਾਲੀਆਂ ਵਸਤਾਂ ਪਾ ਕੇ ਜਾਂਦੇ ਹਨ ਪਰ ਉਹ ਇਹ ਨਹੀਂ ਸੋਚਦੇ ਕਿ ਇਸ ਤਰਾਂ੍ਹ ਸੜਕ ਤੇ ਗੰਦ ਅਤੇ ਆਵਾਜਾਈ ’ਚ ਵਿਘਣ ਵੀ ਪੈਂਦਾ ਹੈ ।ਇਸ ਤਰ੍ਹਾਂ ਅਣਜਾਣ ਰਾਹਗੀਰਾਂ ਲਈ ਇਥੋਂ ਲੰਘਣਾ ਖਤਰੇ ਤੋਂ ਬਾਹਰ ਨਹੀਂ। ਬੀੜ ਦੇ ਨਾਲ ਲਗਦੇ ਖੇਤਾਂ ਵਿੱਚ ਜੇਕਰ ਇਨ੍ਹਾਂ ਡੰਗਰਾਂ ਦੇ ਝੁੰਡ ਵੜ ਜਾਣ ਤਾਂ ਫਸਲ ਦੀ ਬਰਬਾਦੀ ਹੋ ਜਾਂਦੀ ਹੈ।ਇਸ ਦੀ ਭਰਪਾਈ ਕੌਣ ਕਰੇਗਾ ਇਸ ਬਾਰੇ ਕੋਈ ਚਿੰਤਤ ਨਹੀਂ। ਪਿੰਡ ਚੋਧਰੀ ਮਾਜਰਾ ਦੇ ਕਿਸਾਨ ਰਲ ਕੇ ਦਿਨ-ਰਾਤ ਡੰਗਰਾਂ ਦੀ ਰਾਖੀ ਤੋਂ ਅੱਤ ਦੀ ਗਰਮੀ ਅਤੇ ਸਰਦੀ ਦੇ ਬਾਵਜੂਦ ਆਪਣੇ ਖੇਤਾਂ ਦੁਆਲੇ ਪਹਿਰਾ ਦਿੰਦੇ ਹਨ।ਪਿਛਲੇ ਸਾਲ ਖੇਤ ਦੀ ਵਾੜ ਦੀ ਰਾਖੀ ਕਰ ਰਹੇ ਇੱਕ ਮਜਦੂਰ ਦੀ ਇੱਕ ਹਿੰਸਕ ਹੋਏ ਸਾਨ੍ਹ ਨੇ ਟੱਕਰਾਂ ਮਾਰ ਕੇ ਜਾਨ ਲੈ ਲਈ ਸੀ।ਪਰ ਪ੍ਰਸ਼ਾਸ਼ਨ ਨੇ ਇਹੋ ਜਿਹੀਆਂ ਘਟਨਾਵਾਂ ਬਾਰੇ ਕਦੇ ਕੋਈ ਚਿੰਤਾ ਨਹੀਂ ਕੀਤੀ।ਸਰਕਾਰ ਨੂੰ ਚਾਹੀਦਾ ਤਾਂ ਇਹ ਹੈ ਕਿ ਡੰਗਰਾਂ ਨੂੰ ਫੜ੍ਹ ਕੇ ਨੇੜੇ ਦੀਆਂ ਗਊਸ਼ਾਲਾਵਾਂ ਵਿੱਚ ਭੇਜੇ ਜਦੋਂ ਕਿ ਸੂਬੇ ਅੰਦਰ 450 ਤੋਂ ਵੱਧ ਗਊਸ਼ਾਲਾਵਾਂ ਹਨ । ਬਾਂਦਰਾਂ ਲਈ ਵੀ ਬੀੜ ਅੰਦਰ ਮੇਨ ਸੜਕ ਤੋਂ ਰਸਤਾ ਦੇ ਕੇ ਸੁਰੱਖਿਅਤ ਥਾਂ ਬਣਾਈ ਜਾਵੇ ਜਿਥੇ ਲੋਕ ਆਸਾਨੀ ਨਾਲ ਬੇਖੋਫ਼ ਖਾਣ ਵਾਲੀਆਂ ਵਸ਼ਤਾਂ ਪਾ ਸਕਣ। ਭਾਵੇਂ ਸਰਕਾਰ ਨੇ ਪੰਜਾਬ ਗਊ ਸੇਵਾ ਕਮਿਸ਼ਨ ਐਕਟ,2014 ਅਧੀਨ ‘ਪੰਜਾਬ ਗਊ ਸੇਵਾ ਕਮਿਸ਼ਨ’ ਦੀ ਸਥਾਪਨਾ ਕੀਤੀ ਗਈ ਹੈ ਜਿਸ ਵਿੱਚ ਗਊ,ਸਾਨ੍ਹ, ਬਲਦ,ਵੱਛੇ-ਵੱਛੜੀਆਂ ਦੀ ਸੁਰੱਖਿਆ ਅਤੇ ਦੇਖਭਾਲ ਕਰਨ ਦੀ ਜ਼ਿੰਮੇਵਾਰੀ ਸ਼ੌਂਪੀ ਗਈ ਹੈ।ਇਸ ਲਈ ਫੰਡ ਲਈ ਬਜਟ ਦੀ ਵਿਵਸਥਾ ਕੀਤੀ ਗਈ ਹੈ ਜਿਸ ਨਾਲ ਗਊ-ਪਰਿਵਾਰ ਦੀ ਸੰਭਾਲ ਕਰਨੀ ਹੈ ਅਤੇ ਮੱਨੁਖੀ ਅੱਤਿਆਚਾਰ ਤੋਂ ਬਚਾਉਣਾ ਹੈ।ਵਧੇਰੇ ਫੰਡ ਲਈ ਸਥਾਨਕ ਸਰਕਾਰਾਂ ਵਲੋਂ ਗਊ ਸੈੱਸ ਵੀ ਲਾ ਰੱਖਿਆ ਹੈ।ਪਰ ਗਊਧਨ ਦੀ ਸੰਭਾਲ ਲਈ ਕੋਈ ਠੋਸ ਨੀਤੀ ਸਾਹਮਣੇ ਨਹੀਂ ਆਈ।ਹਿੰਦੂ ਸੰਗਠਨ ਵੀ ਇਸ ਮਸਲੇ ਪ੍ਰਤੀ ਗੰਭੀਰ ਨਹੀਂ ,ਉਨ੍ਹਾਂ ਨੂੰ ਵੀ ਸਰਕਾਰ ਵਿਰੁੱਧ ਆਵਾਜ਼ ਉਠਾਉਣੀ ਚਾਹੀਦੀ ਹੈ। ।ਬਾਜ਼ਾਰਾਂ ਵਿੱਚ ਆਮ ਆਵਾਰਾ ਡੰਗਰ ਘੁੰਮ ਰਹੇ ਹਨ ਜੋ ਲੋਕਾਂ ਦਾ ਜਾਨ ਅਤੇ ਮਾਲ ਦਾ ਨੁਕਸਾਨ ਅਕਸਰ ਕਰਦੇ ਰਹਿੰਦੇ ਹਨ।ਸ਼ੋਸ਼ਲ ਮੀਡੀਆ ਤੇ ਲੜਦੇ ਭਿੜਦੇ ਡੰਗਰਾਂ ਨਾਲ ਰਾਹਗੀਰਾਂ ਦੇ ਹੋਏ ਐਕਸ਼ੀਡੈਂਟਾਂ ਕਾਰਣ ਹੋਈਆਂ ਮੌਤਾਂ ਦੀਆਂ ਵੀਡੀਉਜ਼ ਅਕਸਰ ਦੇਖਣ ਨੂੰ ਮਿਲਦੀਆਂ ਹਨ। ।ਲੋਕਤੰਤਰੀ ਸਰਕਾਰ ਦਾ ਫਰਜ ਹੈ ਕਿ ਉਹ ਲੋਕਾਂ ਦੀਆਂ ਗੰਭੀਰ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰੇ।ਜੇ ਸਰਕਾਰ ਸੁਹਿਰਦਤਾ ਨਾਲ ਲੋਕਾਂ ਦੀ ਆਵਾਜ਼ ਸੁਣੇਗੀ ਤਾਂ ਹੀ ਉਹ ਲੋਕਾਂ ‘ਚ ਲੋਕਪ੍ਰਿਆ ਹੋ ਸਕਦੀ ਹੈ।
ਪਟਿਆਲਾ ਵਿਖੇ ਘੁੰਮਦੇ ਲਾਵਾਰਿਸ ਪਸ਼ੂ ਕਾਰਨ ਵਿਅਕਤੀ ਦੀ ਮੌਤ ਹੋਣ ਤੇ ਪਰਿਵਾਰ ਨੂੰ 25 ਲੱਖ ਦਾ ਮੁਆਵਜ਼ਾ ਲੋਕ ਅਦਾਲਤ ਪਟਿਆਲਾ ਨੇ ਨਗਰ ਨਿਗਮ ਨੂੰ ਦੋਸ਼ੀ ਮੰਨ ਕੇ 30 ਦਿਨਾਂ ਅੰਦਰ ਦੇਣ ਲਈ ਕਿਹਾ ।ਪਰ ਇਨ੍ਹਾਂ ਮੌਤਾਂ ਲਈ ਸਰਕਾਰ ਵਲੋਂ ਪਰਿਵਾਰਾਂ ਨੂੰ ਨਾ ਤਾਂ ਦੋ ਸ਼ਬਦ ਹਮਦਰਦੀ ਦੇ ਅਤੇ ਨਾ ਹੀ ਕੋਈ ਮੁਆਵਜ਼ਾ ਦਿੱਤਾ ਜਾਂਦਾ ਹੈ ਲੋਕਾਂ ਦੀ ਸੁਰੱਖਿਆ ਯਕੀਨੀ ਬਨਾਉਣਾ ਸਰਕਾਰ ਦੀ ਮੁਢਲੀ ਜ਼ਿੰਮੇਵਾਰੀ ਹੈ। ਪਿਛਲੇ ਸਮੇਂ ਪਟਿਆਲਾ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੈ ਨੇ ਮੁੱਖ ਮੰਤਰੀ ਦੇ ਹੁਕਮਾਂ ਤਹਿਤ ਉੱਚ ਅਧਿਕਾਰੀਆਂ ਅਤੇ 36 ਗਊਸ਼ਾਲਾ ਕਮੇਟੀਆਂ ਦੇ ਨੁਮਾਇੰਦਆਂ ਨਾਲ ਮੀਟਿੰਗ ਦੌਰਾਨ ਜਿਲ੍ਹੇ ਨੂੰ ਅਵਾਰਾ ਬੇਸਹਾਰਾ ਡੰਗਰਾਂ / ਪਸ਼ੂਆਂ ਤੋਂ ਮੁਕਤ ਕਰਾਉਣ ਲਈ ਚਰਚਾ ਕੀਤੀ ।ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਕੋਈ ਅਵਾਰਾ ਪਸ਼ੂ ਸੜਕਾਂ ‘ਤੇ ਰਹਿਣ ਨਹੀਂ ਦਿੱਤਾ ਜਾਵੇਗਾ ਸਗੋਂ ਇਨ੍ਹਾਂ ਨੂੰ ਗਊਸ਼ਾਲਾਵਾਂ ਵਿੱਚ ਸੰਭਾਲ ਲਈ ਭੇਜਿਆ ਜਾਵੇਗਾ ਜਿਸ ਲਈ ਪੁਖਤਾ ਪ੍ਰਬੰਧ ਕੀਤੇ ਜਣਗੇ ।ਪਰ ਅਜੇ ਤੱਕ ਕੋਈ ਠੋਸ ਐਕਸ਼ਨ ਹੋਇਆ ਲੱਗਦਾ ਨਹੀਂ ।ਚੰਗੀ ਗੱਲ ਹੈ ਜੇਕਰ ਜਿਲ੍ਹੇ ਦੇ ਡੀ.ਸੀ. ਦੇ ਕਹੇ ਸ਼ਬਦ ਪੂਰੇ ਹੋ ਜਾਣ । ਸੋ ਸਰਕਾਰ ਵਲੋਂ ਪੂਰੇ ਪੰਜਾਬ ਅੰਦਰ ਇਨ੍ਹਾਂ ਜੰਗਲੀ ਜੀਵਾਂ ਅਤੇ ਅਵਾਰਾ ਡੰਗਰਾਂ ਦੁਆਰਾ ਆਮ ਲੋਕਾਂ ਦੇ ਜਾਨੀ-ਮਾਲੀ ਨੁਕਸਾਨ ਅਤੇ ਕਿਸਾਨਾਂ ਦੀਆਂ ਫਸਲਾਂ ਦੇ ਨੁਕਸਾਨ ਨੂੰ ਤੁਰੰਤ ਰੋਕਣ ਲਈ ਕਦਮ ਚੁੱਕਣੇ ਚਾਹੀਦੇ ਹਨ ।
ਮੇਜਰ ਸਿੰਘ ਨਾਭਾ ….ਮੋ:9463553962