“ਸਰ ਜੀ, ਬਸ ਤੀਹ ਹਜ਼ਾਰ ਦਾ ਪ੍ਰਬੰਧ ਕਰ ਦਿਓ, ਮਾਂ ਬਹੁਤ ਬੀਮਾਰ ਹੈ। ਹਸਪਤਾਲ ਦਾਖ਼ਲ ਹੈ… ਅਗਲੇ ਮਹੀਨੇ ਥੋਡੇ ਸਾਰੇ ਪੈਸੇ ਮੋੜ ਦਿਆਂਗਾ।” ਕਰਮਜੀਤ ਨੇ ਲੇਲੜੀਆਂ ਕੱਢਦੇ ਹੋਏ ਮੇਰੇ ਪੈਰ ਫੜ ਲਏ। ਉਹ ਮੇਰੇ ਹੀ ਵਿਭਾਗ ਵਿੱਚ ਮੇਰੇ ਅਧੀਨ ਕਾਰਜਸ਼ੀਲ ਸੀ। ਉਹਦੀ ਨਿਯੁਕਤੀ ਲਈ ਵੀ ਮੈਂ ਬੌਸ ਤੇ ਜ਼ੋਰ ਪਾਇਆ ਸੀ। ਮੇਰਾ ਮਨ ਤਾਂ ਨਹੀਂ ਸੀ ਕਰਦਾ ਕਿ ਉਹਨੂੰ ਪੈਸੇ ਦਿਆਂ, ਕਿਉਂਕਿ ਉਹਨੇ ਪਹਿਲਾਂ ਵੀ ਵੀਹ ਹਜ਼ਾਰ ਰੁਪਏ ਕੋਈ ਹੋਰ ਬਹਾਨਾ ਲਾ ਕੇ ਪੰਦਰਾਂ ਦਿਨਾਂ ਲਈ ਲਏ ਸਨ ਤੇ ਹੁਣ ਤਿੰਨ ਸਾਲਾਂ ਬਾਦ ਵੀ ਨਹੀਂ ਮੋੜੇ। ਪਰ ਮੈਨੂੰ ਮਾਂ ਦੀ ਬੀਮਾਰੀ ਤੇ ਤਰਸ ਆ ਗਿਆ। ਮੈਂ ਚੈੱਕ ਕੱਟ ਕੇ ਦੇ ਦਿੱਤਾ, ਕਿਉਂਕਿ ਮੇਰੇ ਕੋਲ ਨਕਦ ਪੈਸੇ ਨਹੀਂ ਸਨ। ਪੰਜ ਸਾਲ ਤੱਕ ਉਹਨੇ ਪੈਸਿਆਂ ਦਾ ਕੋਈ ਨਾਂ ਨਾ ਲਿਆ। ਮੈਂ ਆਨੀਂ-ਬਹਾਨੀਂ ਮੰਗਦਾ ਤਾਂ ਟਾਲ-ਮਟੋਲ ਕਰ ਦਿੰਦਾ। ਮੇਰੀ ਸੇਵਾਮੁਕਤੀ ਦਾ ਦਿਨ ਆ ਗਿਆ ਤਾਂ ਮੈਂ ਕਰਮਜੀਤ ਨੂੰ ਪੈਸੇ ਮੋੜਨ ਬਾਰੇ ਯਾਦ ਕਰਾਇਆ। “ਸਰ ਜੀ, ਗੱਲ ਈ ਕੋਈ ਨਹੀਂ, ਏਸੇ ਹਫ਼ਤੇ ਦੇ ਦਿਆਂਗਾ।” ਮੇਰੀ ਬੇਟੀ ਦਾ ਦਾਖਲਾ ਚੰਡੀਗੜ੍ਹ ਹੋ ਗਿਆ ਤਾਂ ਉਹਦੀ ਫੀਸ, ਪੀਜੀ ਆਦਿ ਲਈ ਪੈਸੇ ਚਾਹੀਦੇ ਸਨ। ਮੈਂ ਕਰਮਜੀਤ ਨੂੰ ਕਿਹਾ ਤਾਂ ਉਹ ਸਾਫ਼ ਮੁੱਕਰ ਗਿਆ, “ਕਿੱਥੇ ਸਰ ਜੀ, ਪੰਜ ਮਹੀਨੇ ਤੋਂ ਮੇਰੀ ਤਨਖਾਹ ਹੀ ਨਹੀਂ ਆਈ…।” ਮੈਨੂੰ ਪਤਾ ਸੀ ਕਿ ਉਹ ਬਹਾਨੇ ਬਣਾ ਰਿਹਾ ਹੈ ਤੇ ਉਹਨੂੰ ਲਗਾਤਾਰ ਤਨਖਾਹ ਮਿਲ ਰਹੀ ਹੈ। ਮੈਂ ਦਫ਼ਤਰ ਦੇ ਉੱਚ ਅਧਿਕਾਰੀਆਂ ਤੱਕ ਪਹੁੰਚ ਕੀਤੀ ਪਰ ਉਸ ਅਹਿਸਾਨ-ਫ਼ਰਾਮੋਸ਼ ਨੇ ਅੱਜ ਸਾਢੇ ਛੇ ਸਾਲਾਂ ਬਾਦ ਪੰਜਾਹ ਹਜ਼ਾਰ ਰੁਪਏ ‘ਚੋਂ ਇੱਕ ਰੁਪਏ ਦੀ ਵੀ ਅਦਾਇਗੀ ਨਹੀਂ ਕੀਤੀ। ਮੇਰੇ ਅਹਿਸਾਨਾਂ ਦਾ ਉਹਨੇ ਇਹ ਸਿਲਾ ਦਿੱਤਾ ਹੈ…।
~ ਪ੍ਰੋ. ਨਵ ਸੰਗੀਤ ਸਿੰਘ
# 1, ਲਤਾ ਗਰੀਨ ਐਨਕਲੇਵ, ਪਟਿਆਲਾ-147002.
(9417692015)
